Chandigarh Blast Update : ਬੰਬ ਧਮਾਕਿਆਂ ਦੇ 2 ਮੁਲਜ਼ਮ ਕਾਬੂ, ਚੰਡੀਗੜ੍ਹ ਪੁਲਿਸ ਨੇ ਹਰਿਆਣਾ ਦੇ ਹਿਸਾਰ ਤੋਂ ਮੁੱਠਭੇੜ 'ਚ ਫੜੇ

Chandigarh News : ਧਮਾਕੇ ਦੇ ਮੁਲਜ਼ਮਾਂ ਦੀ ਭਾਲ ਲਈ ਚੰਡੀਗੜ੍ਹ ਪੁਲਿਸ ਦੀਆਂ ਸਾਰੀਆਂ ਟੀਮਾਂ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਸਰਚ ਕਰ ਰਹੀਆਂ ਸਨ, ਜਿਸ ਵਿੱਚ ਹੁਣ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

By  KRISHAN KUMAR SHARMA November 29th 2024 07:42 PM -- Updated: November 29th 2024 08:55 PM

Chandigarh Bomb Blast Update : ਚੰਡੀਗੜ੍ਹ 'ਚ ਬੰਬ ਧਮਾਕਿਆਂ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਬੰਬ ਧਮਾਕੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਧਮਾਕੇ ਦੇ ਮੁਲਜ਼ਮਾਂ ਦੀ ਭਾਲ ਲਈ ਚੰਡੀਗੜ੍ਹ ਪੁਲਿਸ ਦੀਆਂ ਸਾਰੀਆਂ ਟੀਮਾਂ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਸਰਚ ਕਰ ਰਹੀਆਂ ਸਨ, ਜਿਸ ਵਿੱਚ ਹੁਣ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਮੁਲਜ਼ਮ ਗੋਲਡੀ ਬਰਾੜ ਅਤੇ ਕਾਲਾ ਜਠੇੜੀ ਦੇ ਗੁਰਗੇ ਦੱਸੀ ਗਏ ਹਨ। ਇਸ ਸਬੰਧੀ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੇ ਜਾਣਕਾਰੀ ਦਿੱਤੀ ਹੈ।

ਡੀਜੀਪੀ ਨੇ ਟਵਿੱਟਰ ਐਕਸ 'ਤੇ ਦੱਸਿਆ ਕਿ ਪੁਲਿਸ ਨੇ ਜਦੋਂ ਇਨ੍ਹਾਂ ਦੋਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪੁਲਿਸ 'ਤੇ ਫਾਇਰ ਕੀਤਾ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਦੋਹਾਂ ਦੀ ਲੱਤ ਵਿੱਚ ਪੁਲਿਸ ਦੀ ਗੋਲੀ ਵੀ ਲੱਗੀ, ਜਿਸ ਕਾਰਨ ਜ਼ਖਮੀ ਹੋਏ। ਉਪਰੰਤ ਦੋਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਹਰਿਆਣਾ ਦੇ ਹਿਸਾਰ ਵਿੱਚ ਮੁੱਠਭੇੜ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ।

ਦੱਸ ਦਈਏ ਕਿ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਲੱਬਾਂ ਦੇ ਬਾਹਰ ਬੰਬ ਸੁੱਟਣ ਦੀ ਘਟਨਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ, ਅਪਰੇਸ਼ਨ ਸੈੱਲ ਅਤੇ ਜ਼ਿਲ੍ਹਾ ਕਰਾਈਮ ਸੈੱਲ ਦੀ ਸਾਂਝੀ ਟੀਮ ਬਣਾਈ ਸੀ। ਇਸ ਟੀਮ ਨੇ ਵੀਰਵਾਰ ਨੂੰ ਬੰਬ ਧਮਾਕਿਆਂ 'ਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਸੀ ਅਤੇ ਉਨ੍ਹਾਂ ਦੀ ਭਾਲ 'ਚ ਹਿਸਾਰ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸ ਤਹਿਤ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਸ਼ਾਲ ਪਹਿਨੇ ਮੁਲਜ਼ਮ ਨੇ ਬੰਬ ਸੁੱਟਿਆ ਸੀ। ਪਰ ਨਾ ਤਾਂ ਪੁਲਿਸ ਨੇ ਅਤੇ ਨਾ ਹੀ ਕਿਸੇ ਹੋਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਹ ਉਹੀ ਹੈ ਜਾਂ ਨਹੀਂ।

Related Post