ਚੰਡੀਗੜ੍ਹ: ਨੌਜਵਾਨ ਦੇ ਕਤਲ ਮਾਮਲੇ 'ਚ 'ਆਪ' ਕੌਂਸਲਰ ਦਾ ਪਤੀ ਗ੍ਰਿਫ਼ਤਾਰ
ਚੰਡੀਗੜ੍ਹ: ਸਿਟੀ ਬਿਊਟੀਫੁਲ ਦੇ ਸੈਕਟਰ 25 ਵਿੱਚ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ 1:45 ਵਜੇ 21 ਸਾਲਾ ਅਜੈ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਸ ਮਾਮਲੇ ਵਿੱਚ ਅੱਜ ਅਜੈ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਪੁਲਿਸ ਨੇ ਬੁੱਧਵਾਰ ਦੇਰ ਰਾਤ ਇਸ ਮਾਮਲੇ 'ਚ ਇਲਾਕਾ ਕੌਂਸਲਰ ਪੂਨਮ ਦੇ ਪਤੀ ਸੰਦੀਪ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੇ ਵਾਰਸਾਂ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 2 ਦਿਨਾਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ।
ਜਾਂਚ ਦੌਰਾਨ ਪੁਲਿਸ ਨੂੰ ਸੰਦੀਪ ਦੀ ਹਮਲਾਵਰਾਂ ਨਾਲ ਗੱਲਬਾਤ ਦੇ ਸਬੂਤ ਵੀ ਮਿਲੇ ਹਨ। ਇਸ ਲਈ ਪੁਲਿਸ ਨੇ ਉਸ ਨੂੰ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੈਕਟਰ 25 ਦੇ ਰਹਿਣ ਵਾਲੇ ਅਜੈ ਕੁਮਾਰ ਉਰਫ਼ ਕਾਲੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਨੌਜਵਾਨ ਨੇ ਬਹਾਨੇ ਨਾਲ ਬੁਲਾਇਆ ਸੀ
ਮੁਲਜ਼ਮ ਨੇ ਪਹਿਲਾਂ ਵੀ ਅਜੈ ਨੂੰ ਕਿਸੇ ਕੰਮ ਦੇ ਬਹਾਨੇ ਬੁਲਾਇਆ ਸੀ। ਸੋਮਵਾਰ-ਮੰਗਲਵਾਰ ਰਾਤ ਕਰੀਬ 1:45 ਵਜੇ ਜਦੋਂ ਉਹ ਬਾਈਕ 'ਤੇ ਆਇਆ ਤਾਂ ਕਾਲੇ ਰੰਗ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਦੋਂ ਉਹ ਉੱਠਣ ਲੱਗਾ ਤਾਂ ਨੌਜਵਾਨਾਂ ਨੇ ਉਸ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪੀ.ਜੀ.ਆਈ. ਵਿੱਚ ਦਾਖ਼ਲ ਕਰਵਾਇਆ ਗਿਆ।
ਜਿੱਥੇ ਪੁਲਿਸ ਨੇ ਉਸ ਦੇ ਬਿਆਨ ਵੀ ਦਰਜ ਕਰ ਲਏ ਸਨ। ਬਾਅਦ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਿਸ ਮਗਰੋਂ ਪੁਲਿਸ ਵੱਲੋਂ ਇਸ ਮਾਮਲੇ 'ਚ ਅਜੈ ਦੀ ਮੌਤ ਤੋਂ ਬਾਅਦ ਮਾਮਲੇ 'ਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ।
ਪੁਲਿਸ ਪ੍ਰਸ਼ਾਸਨ ਨੇ ਵੀ ਕੀਤੀ ਕਾਰਵਾਈ
ਇਸ ਦੇ ਨਾਲ ਹੀ ਪੁਲਿਸ ਨੇ ਸੈਕਟਰ 24 ਥਾਣੇ ਦੇ ਇੰਚਾਰਜ ਕੁਲਦੀਪ ਨੂੰ ਹਟਾ ਕੇ ਸੈਕਟਰ 39 ਥਾਣੇ ਭੇਜ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਸੈਕਟਰ 39 ਥਾਣੇ ਦੇ ਸਬ-ਇੰਸਪੈਕਟਰ ਸੁਰਿੰਦਰ ਨੂੰ ਸੈਕਟਰ 24 ਥਾਣੇ ਦਾ ਇੰਚਾਰਜ ਲਾਇਆ ਗਿਆ ਹੈ।
ਇੱਕ ਹਫ਼ਤੇ ਵਿੱਚ ਦੂਜਾ ਕਤਲ
ਸੈਕਟਰ 25 ਵਿੱਚ ਇੱਕ ਹਫ਼ਤੇ ਵਿੱਚ ਇਹ ਦੂਜਾ ਕਤਲ ਹੈ। 29 ਨਵੰਬਰ ਨੂੰ ਬੀਏ ਦੇ ਵਿਦਿਆਰਥੀ ਮੁਕੁਲ 'ਤੇ ਨਾਬਾਲਗ ਸੰਦੀਪ ਅਤੇ ਅੰਕੁਰ ਨੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਐਤਵਾਰ ਨੂੰ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਸੈਕਟਰ 25 'ਚ ਅਪਰਾਧਾਂ ਨੂੰ ਰੋਕਣ 'ਚ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਮੁਲਾਜ਼ਮ ਵੱਲੋਂ ਸਾਥੀਆਂ ਨਾਲ ਮਿਲ ਕੇ ਸੋਨੇ ਦੀ ਚੋਰੀ, ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ