Chandrayaan-3: ਚੰਡੀਗੜ੍ਹ ਦਾ ਉਹ ਸ਼ਖ਼ਸ, ਜੋ ਰਿਹਾ ਚੰਦਰਯਾਨ-3 ਦੀ ਲਾਚਿੰਗ ਟੀਮ ਦਾ ਹਿੱਸਾ; ਪਰਿਵਾਰਿਕ ਮੈਂਬਰਾਂ ਨੇ ਕਿਹਾ 'ਵੱਡੀ ਕਾਮਯਾਬੀ'

ਨਿਖਿਲ ਪੰਜਾਬ ਯੂਨੀਵਰਸਿਟੀ ਤੋਂ ਐੱਮ.ਟੈੱਕ ਦੇ ਵਿਦਿਆਰਥੀ ਸਨ। ਜਿਸ ਤੋਂ ਬਾਅਦ 16 ਦਸੰਬਰ 2021 ਨੂੰ ਉਸ ਨੂੰ ISRO ਵਿੱਚ ਚੁਣਿਆ ਗਿਆ। ਉਹ ਚੰਦਰਯਾਨ-3 ਲਾਂਚਿੰਗ ਪੈਡ ਟੀਮ ਦਾ ਹਿੱਸਾ ਸਨ।

By  Shameela Khan August 24th 2023 09:33 AM -- Updated: August 24th 2023 11:34 AM

Chandrayaan-3: ਚੰਡੀਗੜ੍ਹ ਦੇ ਸੈਕਟਰ-42ਸੀ ਵਿੱਚ ਰਹਿਣ ਵਾਲੇ ਨਿਖਿਲ ਆਨੰਦ ਚੰਦਰਯਾਨ-3 ਲਾਂਚਿੰਗ ਪੈਡ ਟੀਮ ਦਾ ਹਿੱਸਾ ਰਹੇ ਹਨ। ਉਨ੍ਹਾਂ  ਆਪਣੀ ਸਕੂਲੀ ਅਤੇ M-TECH ਦੀ ਪੜ੍ਹਾਈ ਚੰਡੀਗੜ੍ਹ ਵਿੱਚ ਹੀ ਰਹਿ ਕੇ ਕੀਤੀ । ਇਸ ਤੋਂ ਬਾਅਦ ਉਹ ਦਸੰਬਰ 2021 ਵਿੱਚ ISRO ਵਿੱਚ ਚੁਣੇ ਗਏ। ਚੰਦਰਯਾਨ 3 ਦੀ ਸਫ਼ਲਤਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਬੇਟੇ 'ਤੇ ਮਾਣ ਹੈ।

ਨਿਖਿਲ ਆਨੰਦ ਦੇ ਪਿਤਾ ਵਕੀਲ ਲਲਨ ਕੁਮਾਰ ਠਾਕੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸੈਕਟਰ-42 ਸੀ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਨਿਖਿਲ ਨੇ ਆਪਣੀ ਮੁੱਢਲੀ ਸਿੱਖਿਆ ਸੈਕਟਰ-35 ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਸੈਕਟਰ-40 ਮਾਡਲ ਤੋਂ 12ਵੀਂ ਪਾਸ ਕਰ  ਚੰਡੀਗੜ੍ਹ ਯੂਨੀਵਰਸਿਟੀ ਤੋਂ ਆਪਣੀ ਬੀ.ਟੈਕ ਦੀ ਪੜਾਈ ਮੁਕੰਮਲ ਕੀਤੀ।


ਨਿਖਿਲ ਦੇ ਪਿਤਾ ਨੇ ਦੱਸਿਆ ਕਿ ਬੀ. ਟੈੱਕ ਮਗਰੋਂ  M-TECH ਪੂਰੀ ਹੋਣ ਤੋਂ ਬਾਅਦ 16 ਦਸੰਬਰ 2021 ਨੂੰ ਉਸ ਨੂੰ ਇਸਰੋ ਵਿੱਚ ਚੁਣ ਲਿਆ ਗਿਆ। ਉਹ ਹੁਣ ਸ਼੍ਰੀਹਰੀਕੋਟਾ ਵਿੱਚ ਰਹਿੰਦਾ ਹੈ ਅਤੇ ਚੰਦਰਯਾਨ-3 ਲਾਂਚਿੰਗ ਪੈਡ ਟੀਮ ਦਾ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੇਟੇ ਨਾਲ ਗੱਲ ਕੀਤੀ ਅਤੇ ਬੇਟੇ ਨੂੰ ਉਸ ਦੀ ਸਫ਼ਲਤਾ ਲਈ ਵਧਾਈ ਦਿੱਤੀ। 

ਲਲਨ ਕੁਮਾਰ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਇਸਰੋ ਵਿੱਚ ਚੋਣ ਉਨ੍ਹਾਂ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਇਸ ਬਾਰੇ ਕਦੇ ਨਹੀਂ ਸੋਚਿਆ ਸੀ, ਕਿਉਂਕਿ ਉਹ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਜਦੋਂ ਪਤਾ ਲੱਗਾ ਕਿ ਬੇਟਾ ਇਸਰੋ 'ਚ ਚੁਣਿਆ ਗਿਆ ਹੈ ਅਤੇ ਹੁਣ ਉਸ ਨੂੰ ਸ਼੍ਰੀਹਰੀਕੋਟਾ ਜਾਣਾ ਪਵੇਗਾ ਤਾਂ ਮਾਂ ਰੋਣ ਲੱਗੀ ਪਰ ਉਸ ਨੇ ਬੇਟੇ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਉਹ ਅੱਗੇ ਵੱਧ ਕੇ ਦੇਸ਼ ਦੀ ਸੇਵਾ ਕਰੇ।

ਉਨ੍ਹਾਂ ਕਿਹਾ ਕਿ ਬੇਟੇ ਨੂੰ ਛੁੱਟੀ ਮਿਲਣੀ ਬਹੁਤ ਮੁਸ਼ਕਲ ਹੈ ਕਿਉਂਕਿ ਇਸਰੋ ਵਿੱਚ ਇੱਕ ਜਾਂ ਦੂਜਾ ਪ੍ਰੋਜੈਕਟ ਚੱਲਦਾ ਰਹਿੰਦਾ ਹੈ। ਬੇਟਾ ਇਸਰੋ ਵਿੱਚ ਜਾ ਕੇ ਸਿਰਫ਼ ਇੱਕ ਵਾਰ ਚੰਡੀਗੜ੍ਹ ਆਇਆ ਹੈ। 


Related Post