ਹੁਸ਼ਿਆਰਪੁਰ ਦੇ ਚਮਨ ਲਾਲ ਨੇ ਬਰਮਿੰਘਮ ਦੇ 'ਪਹਿਲੇ ਨਾਗਰਿਕ' ਦਾ ਸੰਭਾਲਿਆ ਅਹੁਦਾ

By  Jasmeet Singh May 30th 2023 12:10 PM -- Updated: May 30th 2023 12:20 PM

ਬਰਮਿੰਘਮ: ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਬ੍ਰਿਟਿਸ਼ ਭਾਰਤੀ ਨਾਗਰਿਕ ਚਮਨ ਲਾਲ ਨੇ ਲਾਰਡ ਮੇਅਰ ਦਾ ਅਹੁਦਾ ਸੰਭਾਲਿਆ ਹੈ। ਉਹ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਦੇ ਸਥਾਨਕ ਕੌਂਸਲਰਾਂ ਦੁਆਰਾ ਚੁਣੇ ਗਏ ਹਨ। ਬ੍ਰਿਟਿਸ਼ ਸਿੱਖਾਂ ਦੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ, ਲਾਲ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਪੱਖੋਵਾਲ ਵਿੱਚ ਹੋਇਆ ਸੀ। ਬਾਅਦ ਵਿੱਚ ਉਹ ਬਰਤਾਨੀਆ ਆ ਗਏ ਜਿੱਥੇ ਉਹ ਕਈ ਸਾਲਾਂ ਤੱਕ ਸਥਾਨਕ ਕੌਂਸਲਰ ਰਹੇ।


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਸਿੱਖ ਕੌਂਸਲਰ ਜਸਵੰਤ ਸਿੰਘ ਬਿਰਦੀ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ।  ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ...

1989 ਵਿੱਚ ਲੇਬਰ ਪਾਰਟੀ ਵਿੱਚ ਹੋਏ ਸ਼ਾਮਲ
ਰਾਜਨੀਤੀ ਵਿੱਚ ਉਨ੍ਹਾਂ ਦੀ ਰੁਚੀ 1989 ਤੋਂ ਸ਼ੁਰੂ ਹੋਈ ਜਦੋਂ ਉਹ ਲੇਬਰ ਪਾਰਟੀ ਵਿੱਚ ਸ਼ਾਮਲ ਹੋਏ। ਅਸਮਾਨਤਾ ਅਤੇ ਵਿਤਕਰੇ ਨੂੰ ਚੁਣੌਤੀ ਦੇਣ ਲਈ ਕਈ ਸਮਾਜਿਕ ਨਿਆਂ ਮੁਹਿੰਮਾਂ ਵਿੱਚ ਹਿੱਸਾ ਲਿਆ। ਲਾਲ ਨੇ ਪਿਛਲੇ ਹਫ਼ਤੇ ਮੇਅਰ ਚੁਣੇ ਜਾਣ ਮੌਕੇ ਇੱਕ ਸਮਾਰੋਹ ਵਿੱਚ ਕਿਹਾ, “ਇਹ ਮੇਰੇ ਅਤੇ ਸਾਡੇ ਪਰਿਵਾਰ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਂ ਇੱਕ ਫੌਜੀ ਅਧਿਕਾਰੀ ਦੇ ਪੁੱਤਰ ਵਜੋਂ ਭਾਰਤ ਵਿੱਚ ਪੈਦਾ ਹੋਇਆ ਹਾਂ ਪਰ ਬਰਮਿੰਘਮ ਵਿੱਚ ਸੇਵਾ ਕਰਨੀ ਚਾਹੁੰਦਾ ਹਾਂ ਤੇ ਕਰ ਰਿਹਾਂ।"


ਸਾਲ 1954 ਵਿੱਚ ਬਰਤਾਨੀਆ ਆਇਆ ਸੀ ਪਰਿਵਾਰ 
ਚਮਨ ਲਾਲ ਦੇ ਪਿਤਾ ਸਰਦਾਰ ਹਰਨਾਮ ਸਿੰਘ ਬੰਗਾ ਬ੍ਰਿਟਿਸ਼ ਭਾਰਤੀ ਫੌਜ ਦੇ ਅਫਸਰ ਸਨ। ਉਨ੍ਹਾਂ ਦੂਜੇ ਵਿਸ਼ਵ ਯੁੱਧ ਦੌਰਾਨ ਇਤਾਲਵੀ ਮੁਹਿੰਮ ਵਿੱਚ ਸੇਵਾ ਕੀਤੀ। ਚਮਨ ਲਾਲ ਦੇ ਪਿਤਾ 1954 ਵਿਚ ਇੰਗਲੈਂਡ ਆਏ ਅਤੇ ਬ੍ਰਿਟਿਸ਼ ਸਟੀਲ ਵਿਚ ਕਈ ਸਾਲ ਸੇਵਾ ਕੀਤੀ ਅਤੇ ਨੌਕਰੀ ਕਰਨ ਤੋਂ ਬਾਅਦ ਬਰਮਿੰਘਮ ਵਿਚ ਆ ਕੇ ਵੱਸ ਗਏ। ਚਮਨ ਲਾਲ 1964 ਵਿੱਚ ਆਪਣੀ ਮਾਤਾ ਸਰਦਾਰਨੀ ਜੈ ਕੌਰ ਨਾਲ ਆਪਣੇ ਪਿਤਾ ਕੋਲ ਰਹਿਣ ਲਈ ਇੰਗਲੈਂਡ ਚਲੇ ਗਏ। ਉਦੋਂ ਤੋਂ ਉਹ ਬਰਮਿੰਘਮ ਵਿੱਚ ਰਹਿ ਰਹੇ ਹਨ।


ਤਿੰਨ ਧੀਆਂ ਅਤੇ ਦੋ ਪੁੱਤਰਾਂ ਦੇ ਪਿਤਾ ਚਮਨ ਲਾਲ  
ਮਹੱਤਵਪੂਰਨ ਗੱਲ ਇਹ ਹੈ ਕਿ ਬਰਮਿੰਘਮ ਦੇ ਲੋਕਾਂ ਨੂੰ ਬਰੂਮੀ ਵੀ ਕਿਹਾ ਜਾਂਦਾ ਹੈ। ਲਾਲ ਨੇ ਵੱਡੇ ਹੋ ਇੱਥੇ ਆਪਣਾ ਇਲੈਕਟ੍ਰੋਨਿਕਸ ਦਾ ਕਾਰੋਬਾਰ ਵੀ ਸ਼ੁਰੂ ਕੀਤਾ। 1971 ਵਿੱਚ ਉਨ੍ਹਾਂ ਦਾ ਵਿਆਹ ਵਿਦਿਆਵਤੀ ਨਾਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ।


ਲਾਰਡ ਮੇਅਰ ਬਣਨ 'ਤੇ ਚਮਨ ਲਾਲ ਨੇ ਕੀ ਕਿਹਾ
ਉਨ੍ਹਾਂ ਕਿਹਾ ਕਿ ਮੈਂ ਇੱਕ ਗੋਦ ਲਿਆ 'ਬਰੂਮੀ' ਹਾਂ ਅਤੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਆਪਣੇ ਗੋਦ ਲਏ ਸ਼ਹਿਰ ਦਾ ਲਾਰਡ ਮੇਅਰ ਬਣਾਂਗਾ। ਮੈਂ ਆਪਣੇ ਅਤੇ ਸਾਡੇ ਮਹਾਨ ਸ਼ਹਿਰ ਦੇ ਪਹਿਲੇ ਨਾਗਰਿਕ ਵਜੋਂ ਮੈਨੂੰ ਚੁਣਨ ਲਈ ਸਾਥੀ ਕੌਂਸਲਰਾਂ ਦਾ ਧੰਨਵਾਦ ਕਰਨਾ ਚਾਹਾਂਗਾ, ਜੋ ਕਿ ਇੱਕ ਕੌਂਸਲਰ ਨੂੰ ਦਿੱਤੀ ਗਈ ਸਭ ਤੋਂ ਉੱਚ ਨਾਗਰਿਕ ਭੂਮਿਕਾ ਹੈ।

Related Post