ਮਹਿਲਾ ਕੋਚ ਨਾਲ ਛੇੜਛਾੜ ਮਾਮਲੇ 'ਚ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਚਲਾਨ ਪੇਸ਼

By  Jasmeet Singh August 26th 2023 03:20 PM

ਚੰਡੀਗੜ੍ਹ: ਲਗਭਗ ਅੱਠ ਮਹੀਨਿਆਂ ਬਾਅਦ ਚੰਡੀਗੜ੍ਹ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਵਿਰੁੱਧ ਸੀ.ਜੇ.ਐੱਮ. ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ, ਜਿਸ ਉੱਤੇ ਇੱਕ ਜੂਨੀਅਰ ਮਹਿਲਾ ਕੋਚ ਨਾਲ ਜਿਨਸੀ ਸ਼ੋਸ਼ਣ ਤਹਿਤ ਇਲਜ਼ਾਮਾਤ ਲਾਏ ਗਏ ਹਨ। ਚੰਡੀਗੜ੍ਹ ਪੁਲਿਸ ਨੇ ਸੰਦੀਪ ਸਿੰਘ ਨੂੰ ਆਈ.ਪੀ.ਸੀ. (IPC) ਦੀ ਧਾਰਾ 342, 354, 354ਏ, 354ਬੀ, 506 ਅਤੇ 509 ਤਹਿਤ ਕੇਸ ਵਿੱਚ ਮੁਲਜ਼ਮ ਬਣਾਇਆ ਹੈ। 

ਹੁਣ ਚਲਾਨ 'ਚ ਸ਼ਾਮਲ ਕਥਿਤ ਦੋਸ਼ਾਂ 'ਤੇ ਬਹਿਸ ਸ਼ੁਰੂ ਹੋਵੇਗੀ। ਸੰਦੀਪ ਸਿੰਘ ਨੂੰ ਅਦਾਲਤ ਦੀ ਅਗਲੀ ਪੇਸ਼ੀ 'ਤੇ ਪੇਸ਼ ਹੋਣ ਲਈ ਸਮੰਨ ਵੀ ਭੇਜੇ ਜਾਣਗੇ। 

26 ਦਸੰਬਰ 2022 ਨੂੰ ਜੂਨੀਅਰ ਮਹਿਲਾ ਕੋਚ ਨੇ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਸਮੇਤ ਕਈ ਕਥਿਤ ਦੋਸ਼ਾਂ ਤਹਿਤ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ 31 ਦਸੰਬਰ ਨੂੰ ਰਾਤ 11 ਵਜੇ ਸੈਕਟਰ-26 ਥਾਣੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 342, 354, 354ਏ, 354ਬੀ, 506 ਤਹਿਤ ਕੇਸ ਦਰਜ ਕੀਤਾ ਸੀ। 



ਇਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਡੀ.ਐੱਸ.ਪੀ ਈਸਟ ਪਲਕ ਗੋਇਲ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। ਇਸ ਵਿੱਚ ਸਾਈਬਰ ਥਾਣਾ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ, ਮਹਿਲਾ ਥਾਣਾ ਇੰਚਾਰਜ ਇੰਸਪੈਕਟਰ ਊਸ਼ਾ ਅਤੇ ਮਹਿਲਾ ਐੱਸ.ਆਈ. ਕਿਰੰਤਾ ਸ਼ਾਮਲ ਸਨ। ਐੱਸ.ਆਈ.ਟੀ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਸੰਦੀਪ ਸਿੰਘ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 509 ਜੋੜ ਦਿੱਤੀ ਹੈ।

ਇਸ ਮਾਮਲੇ ਵਿੱਚ ਅੱਠ ਮਹੀਨਿਆਂ ਦੀ ਪੁਲਿਸ ਜਾਂਚ ਦੌਰਾਨ ਪੀੜਤ ਮਹਿਲਾ ਕੋਚ ਨੇ ਕਈ ਵਾਰ ਚੰਡੀਗੜ੍ਹ ਪੁਲਿਸ ’ਤੇ ਹਰਿਆਣਾ ਸਰਕਾਰ ਦੇ ਦਬਾਅ ਹੇਠ ਚਲਾਨ ਪੇਸ਼ ਕਰਨ ਵਿੱਚ ਦੇਰੀ ਕਰਨ ਦੇ ਇਲਜ਼ਾਮ ਲਾਏ ਸਨ। ਇਸ ਦੌਰਾਨ ਪੀੜਤਾ ਨੇ ਹਰਿਆਣਾ ਖੇਡ ਵਿਭਾਗ ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਵੀ ਦਿੱਤੀ ਕਿ ਉਨ੍ਹਾਂ ਨੇ ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। 

ਇਸ ਦੇ ਨਾਲ ਹੀ ਹਾਲ ਹੀ ਵਿੱਚ ਖੇਡ ਵਿਭਾਗ ਵੱਲੋਂ ਮਹਿਲਾ ਕੋਚ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਮੁਅੱਤਲੀ ਦੀ ਕਾਰਵਾਈ ਨੂੰ ਗਲਤ ਦੱਸਦੇ ਹੋਏ ਪੀੜਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕਰਨ ਦਾ ਬਿਆਨ ਦਿੱਤਾ ਹੈ।

ਪੀੜਤ ਧਿਰ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਮੀਡੀਆ ਨੂੰ ਦੱਸਿਆ ਕਿ ਚੰਡੀਗੜ੍ਹ ਪੁਲੀਸ ਨੇ ਇਸ ਮਾਮਲੇ ਵਿੱਚ ਕਰੀਬ ਅੱਠ ਮਹੀਨਿਆਂ ਬਾਅਦ ਚਲਾਨ ਪੇਸ਼ ਕੀਤਾ ਹੈ। ਦੂਜੇ ਪਾਸੇ ਵਕੀਲ ਨੇ ਕਿਹਾ ਕਿ ਪੀੜਤਾ ਨੇ ਸੰਦੀਪ ਸਿੰਘ ਖ਼ਿਲਾਫ਼ ਜਬਰ-ਜ਼ਿਨਾਹ ਦੀ ਕੋਸ਼ਸ਼ ਦੀ ਵੀ ਸ਼ਿਕਾਇਤ ਦਿੱਤੀ ਸੀ, ਪਰ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱਚ ਆਈ.ਪੀ.ਸੀ. ਦੀ ਧਾਰਾ 376 ਅਤੇ 511 ਨਹੀਂ ਜੋੜੀ ਹੈ। ਹੁਣ ਉਹ ਦੋਸ਼ ਤੈਅ ਕਰਨ ਦੌਰਾਨ ਇਨ੍ਹਾਂ ਧਾਰਾਵਾਂ ਨੂੰ ਜੋੜਨ 'ਤੇ ਬਹਿਸ ਕਰਨਗੇ।

ਇਹ ਵੀ ਪੜ੍ਹੋ: ਸਰਪੰਚਾਂ ਤੇ ਅਫਸਰਾਂ ’ਤੇ 100 ਕਰੋੜ ਰੁਪਏ ਦੇ ਗਬਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

Related Post