ਸਿਟੀ ਬਿਊਟੀਫੁਲ ਦੇ ਪੜ੍ਹੇ-ਲਿਖੇ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਚ ਮੋਹਰੀ
ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਅਤੇ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਪੜ੍ਹੇ-ਲਿਖੇ ਲੋਕਾਂ ਦੇ ਸਭ ਤੋਂ ਵਧੇਰੇ ਚਲਾਨ ਹੋਏ ਹਨ। ਤੁਸੀਂ ਪੁਲਿਸ ਦੇ ਅੰਕੜਿਆਂ ਨੂੰ ਜਾਣ ਕੇ ਹੈਰਾਨ ਹੋ ਜਾਓਗੇ। ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸ਼ਰਾਰਤੀ ਨੂੰ ਨੱਥ ਪਾਉਣ ਲਈ ਚੰਡੀਗੜ੍ਹ ਪੁਲਿਸ ਨੇ 30 ਅਤੇ 31 ਦਸੰਬਰ ਦੀ ਰਾਤ ਨੂੰ ਕਈ ਵਿਸ਼ੇਸ਼ ਨਾਕੇ ਲਗਾਏ ਅਤੇ ਮੁਹਿੰਮ ਚਲਾਈ। 31 ਦਸੰਬਰ ਦੀ ਰਾਤ ਨੂੰ ਹੀ ਪੁਲਿਸ ਨੇ 60 ਸ਼ਰਾਬੀਆਂ ਨੂੰ ਫੜਿਆ ਅਤੇ 35 ਵਾਹਨ ਜ਼ਬਤ ਕੀਤੇ। 31 ਦਸੰਬਰ 1317 ਚਲਾਨ ਕੀਤੇ ਗਏ। ਚੰਡੀਗੜ੍ਹ ਵਿੱਚ ਪਿਛਲੇ ਸਾਲ 2022 ਵਿੱਚ ਅੱਧੀ ਆਬਾਦੀ ਦੇ ਚਲਾਨ ਹੋਏ ਹਨ।
ਸ਼ਹਿਰ ਵਿੱਚ ਸੀਸੀਟੀਵੀ ਲੱਗੇ ਹੋਣ ਕਾਰਨ ਲੋਕਾਂ ਦੇ ਚਲਾਨ ਆਨਲਾਈਨ ਆ ਰਹੇ ਹਨ।ਚੰਡੀਗੜ੍ਹ ਪਿਛਲੇ 2 ਦਿਨਾਂ ਵਿੱਚ 3000 ਦੇ ਕਰੀਬ ਚਲਾਨ ਹੋਏ ਹਨ 30 ਦਸੰਬਰ ਨੂੰ ਡਰਿੰਕ ਐਂਡ ਡਰਾਈਵ ਦੇ 25 ਚਲਾਨ , ਗਲਤ ਪਾਰਕਿੰਗ ਦੇ 146, ਟ੍ਰੈਫਿਕ ਉਲੰਘਣਾ ਕਾਰਨ 1395 ਹੋਏ ਹਨ। 31 ਦਸੰਬਰ ਨੂੰ 1317 ਚਲਾਨ ਹੋਏ ਜਿੰਨ੍ਹਾਂ ਵਿਚੋਂ 60 ਡਰਿੰਕ ਐਂਡ ਡਰਾਈਵ, 123 ਗਲਤ ਪਾਰਕਿੰਗ ਦੇ ਅਤੇ 1134 ਚਲਾਨ ਟ੍ਰੈਫਿਕ ਦੀ ਉਲੰਘਣਾ ਕਰਨ ਕਰਕੇ ਹੋਏ।
ਪੁਲੀਸ ਦੇ ਅੰਕੜਿਆ ਮੁਤਾਬਕ ਚੰਡੀਗੜ੍ਹ ਵਿੱਚ 30 ਅਤੇ 31 ਦਸੰਬਰ ਦੀ ਰਾਤ ਨੂੰ 418 ਟਰੈਫਿਕ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। 30 ਦਸੰਬਰ ਨੂੰ 38 ਅਤੇ 31 ਦਸੰਬਰ ਨੂੰ ਪੰਜ ਹੋਰ ਨਾਕੇ ਲਗਾਏ ਗਏ ਸਨ। ਦੋ ਦਿਨਾਂ ਵਿੱਚ ਕੁੱਲ 85 ਲੋਕ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ। ਪੁਲਿਸ ਨੇ ਇਨ੍ਹਾਂ ਸਾਰਿਆਂ ਦੇ ਚਲਾਨ ਕੱਟੇ। ਗਲਤ ਥਾਂ 'ਤੇ ਪਾਰਕਿੰਗ ਕਰਨ 'ਤੇ 269 ਲੋਕਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ 'ਤੇ ਦੋ ਦਿਨਾਂ ਦੌਰਾਨ 2358 ਚਲਾਨ ਕੀਤੇ ਗਏ ਅਤੇ ਕੁੱਲ 66 ਵਾਹਨ ਜ਼ਬਤ ਕੀਤੇ ਗਏ। ਇਸ ਤਰ੍ਹਾਂ ਪੁਲੀਸ ਨੇ ਹਰ ਤਰ੍ਹਾਂ ਦੀਆਂ ਉਲੰਘਣਾ ਸਮੇਤ 2358 ਚਲਾਨ ਕੀਤੇ ਹਨ।
31 ਦਸੰਬਰ ਦੀ ਰਾਤ ਨੂੰ 28 ਹਾਦਸੇ
31 ਦਸੰਬਰ ਦੀ ਰਾਤ ਨੂੰ 112 ਨੰਬਰ 'ਤੇ ਕਈ ਕਾਲਾਂ ਆਈਆਂ, ਜਿਨ੍ਹਾਂ 'ਚੋਂ 194 ਥਾਵਾਂ 'ਤੇ ਪੁਲਸ ਪਹੁੰਚ ਗਈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੜਾਈ-ਝਗੜੇ ਦੀਆਂ 43, ਹਾਦਸਿਆਂ ਦੀਆਂ 28, ਗੁੰਡਾਗਰਦੀ ਦੇ 9, ਪਟਾਕੇ ਚਲਾਉਣ ਕਾਰਨ ਦੋ ਚਲਾਨ, ਅੱਗ ਲੱਗਣ ਦੀਆਂ ਇੱਕ ਅਤੇ ਹੋਰ ਕੁੱਲ 111 ਘਟਨਾਵਾਂ ਵਾਪਰੀਆਂ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘਟਨਾਵਾਂ ਘੱਟ ਹੋਈਆਂ ਹਨ। ਪਿਛਲੀ ਵਾਰ 228 ਘਟਨਾਵਾਂ ਹੋਈਆਂ ਸਨ, ਜਦੋਂ ਕਿ ਇਸ ਵਾਰ 194 ਘਟਨਾਵਾਂ ਹੋਈਆਂ ਹਨ।
ਪਿਛਲੇ ਸਾਲਾਂ ਦੇ ਅੰਕੜੇ
ਚੰਡੀਗੜ੍ਹ ਵਿੱਚ ਪਿਛਲੇ ਸਾਲ 2022 ਵਿੱਚ 586966 ਲੋਕਾਂ ਦੇ ਚਲਾਨ ਹੋਏ ਹਨ। 2021 ਵਿੱਚ 232319 ਚਲਾਨ ਹੋਏ ਸਨ। 2022 ਵਿੱਚ ਓਵਰ ਸਪੀਡ ਨਾਲ 184166 ਚਲਾਨ ਹੋਏ ਸਨ ਇਹ ਸਭ ਤੋਂ ਵਧੇਰੇ ਚਲਾਨ ਹੋਏ ਹਨ। 2022 ਵਿੱਚ ਰੈੱਡ ਲਾਈਟ 175649 ਲੋਕਾਂ ਦੇ ਚਲਾਨ ਹੋਏ ਸਨ ਜਦੋਂ ਕਿ 2021 ਵਿੱਚ 4097 ਚਲਾਨ ਕੀਤੇ ਗਏ ਸਨ।
ਰਿਪੋਰਟ- ਅੰਕੁਸ਼ ਮਹਾਜਨ