ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਦਿਵਸ ‘ਤੇ ਵਿਸ਼ੇਸ਼
ਸਿੱਖ ਪੰਥ ਵਿੱਚ ਪੰਜ ਤਖਤਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਉਚਤਾ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਧੇਰੇ ਮਹੱਤਤਾ ਰੱਖਦਾ ਹੈ।
Sri Akal Takht Sahib: ਸਿੱਖ ਪਰੰਪਰਾ ਵਿੱਚ ਤਖ਼ਤ, ਸੱਤਾ ਦੀ ਚੌਂਕੀ ਦਾ ਪ੍ਰਤੀਕ ਹੈ ਜਿਸ ਵਿੱਚ ਰੂਹਾਨੀ ਅਤੇ ਦੁਨਿਆਵੀ ਦੋਵੇਂ ਪੱਖ ਸ਼ਾਮਿਲ ਹਨ। ਸਿੱਖ ਪੰਥ ਵਿੱਚ ਪੰਜ ਤਖਤਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਉਚਤਾ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਧੇਰੇ ਮਹੱਤਤਾ ਰੱਖਦਾ ਹੈ। ਤਖ਼ਤ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਬੈਠਣ ਦੀ ਚੌਕੀ ਜਾ ਰਾਜ ਸਿੰਘਾਸਣ।
ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਜੀ ਦੀ ਸ਼ਾਨ ਅਤੇ ਪ੍ਰਭੁਸੱਤਾ ਦਾ ਪ੍ਰਤੀਕ ਰਿਹਾ ਹੈ। ਸਮੁੱਚੀ ਸਿੱਖ ਕੌਮ ਨਾਲ ਜੁੜੇ ਮਸਲੇ ਸ੍ਰੀ ਅਕਾਲ ਤਖ਼ਤ ਉੱਤੇ ਹੀ ਵਿਚਾਰੇ ਜਾਂਦੇ ਹਨ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਗੁਰਮਤਿਆਂ ਦੇ ਰੂਪ ਵਿੱਚ ਲਏ ਗਏ ਫੈਂਸਲੇ ਸਾਰੀ ਸਿੱਖ ਕੌਮ ਉਪਰ ਲਾਗੂ ਕੀਤੇ ਜਾਂਦੇ ਹਨ।
ਆਮ ਤੌਰ ’ਤੇ ਸਰਬਤ ਖਾਲਸੇ ਦਾ ਬੁਲਾਵਾ ਅਕਾਲ ਤਖ਼ਤ ਉੱਤੋਂ ਹੀ ਜਾਰੀ ਕੀਤਾ ਜਾਦਾਂ ਹੈ। ਬਾਕੀ ਦੇ ਚਾਰ ਤਖਤਾ ਉਪਰ ਸੰਬਧਿਤ ਇਲਾਕੇ ਦੇ ਸਿੱਖਾਂ ਨਾਲ ਜੁੜੇ ਮਸਲਿਆਂ ਉੱਪਰ ਹੀ ਵਿਚਾਰ ਕੀਤੀ ਜਾਂਦੀ ਹੈ ਅਤੇ ਫੈਸਲੇ ਲਏ ਜਾਂਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਾਰਮਿਕ ਉਚਤਾ ਦਾ ਮੁੱਢਲਾ ਤਖ਼ਤ ਹੈ ਅਤੇ ਸਿੱਖ ਰਾਜਸੀ ਸ਼ਕਤੀ ਦਾ ਕੇਂਦਰੀ ਅਸਥਾਨ ਹੈ। ਪਹਿਲਾ ਤਖ਼ਤ ਜਿਸਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਨ 1609 ਈ ਵਿੱਚ ਤਿਆਰ ਕਰਵਾਇਆ। ਪਹਿਲਾਂ ਇਸ ਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ। ਇਸ ਤਖ਼ਤ ਦੇ ਦਰਸ਼ਨੀ ਡਿਊਡੀ ਵਾਲੇ ਪਾਸੇ ਗੁਰੂ ਹਰਿਗੋਬਿੰਦ ਸਾਹਿਬ ਸ਼ਾਮ ਵੇਲੇ ਆਪਣਾ ਸਿੰਘਾਸਨ ਲਗਾਉਂਦੇ ਅਤੇ ਖੁੱਲੇ ਮੈਦਾਨ ਵਿੱਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਅਤੇ ਨਾਲ ਸਸ਼ਤਰਾਂ ਦਾ ਅਭਿਆਸ ਵੀ ਕੀਤਾ ਜਾਂਦਾ।
ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਗੁਰੂ ਸਾਹਿਬ ਦੀਵਾਨ ਲਗਾਉਂਦੇ ਜਿਸ ਵਿੱਚ ਢਾਡੀ ਬੀਰ ਰੱਸੀ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼ ਅਤੇ ਉਤਸ਼ਾਹ ਪੈਦਾ ਕਰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਬਣਾਉਣ ਦਾ ਇਕੋ ਇਕ ਉਦੇਸ਼ ਅਧਿਆਤਮਕਤਾ ਦੇ ਨਾਲ-ਨਾਲ ਸਿਖਾਂ ਨੂੰ ਆਤਮ ਰੱਖਿਆ ਲਈ ਵੀ ਤਿਆਰ ਕੀਤਾ ਜਾਣਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆਂ ਦੇ ਰਾਜਸੀ ਤਖਤਾਂ ਜਾਂ ਅਦਾਲਤਾਂ ਵਰਗਾ ਨਹੀਂ ਹੈ ਇਸ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੈ। ਇਸ ਨੇ ਗੁਰਬਾਣੀ ਦੀ ਵਿਚਾਰਧਾਰਾ ਅਤੇ ਉਪਦੇਸ਼ਾਂ ਦੀ ਰੋਸ਼ਨੀ ਵਿੱਚ ਹਰ ਕਿਸਮ ਦੇ ਪੰਥਕ ਅਤੇ ਸਿੱਖਾਂ ਦੇ ਮਸਲਿਆਂ ਨੂੰ ਨਜਿਠਣਾ ਹੈ। ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਿਆ ਗਿਆ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਚਕਾਰ ਦੋ ਨਿਸ਼ਾਨ ਸਾਹਿਬ ਝੂਲ ਰਹੇ ਹਨ, ਜੋ ਮੀਰੀ ਅਤੇ ਪੀਰੀ ਦੇ ਸੰਕਲਪ ਨੂੰ ਉਜਾਗਰ ਕਰ ਰਹੇ ਹਨ। ਇਨਾਂ ਵਿੱਚੋਂ ਪੀਰੀ ਦਾ ਨਿਸ਼ਾਨ ਸਾਹਿਬ ਜੋ ਕਿ ਹਰਿਮੰਦਰ ਸਾਹਿਬ ਦੇ ਵੱਲ ਹੈ, ਮੀਰੀ ਦਾ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲ ਹੈ, ਮੀਰੀ ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ ਤੋਂ ਨੀਵਾਂ ਹੈ। ਜੋ ਇਸ ਗੱਲ ਦਾ ਸੰਕੇਤ ਹੈ ਕਿ ਰਾਜ ਸ਼ਕਤੀ ਨੇ ਧਰਮ ਦੀ ਤਾਬਿਆ ਹੋ ਕੇ ਚਲਣਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਾਰੀ ਮਰਿਯਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਨਿਸ਼ਚਿਤ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਲਈ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਨਿਯੁਕਤੀ ਕੀਤੀ ਅਤੇ ਉਨ੍ਹਾਂ ਨੂੰ ਤਖ਼ਤ ਦਾ ਸਾਰਾ ਕੰਮ ਕਾਜ ਸੋਂਪ ਦਿਤਾ। ਇਨਾਂ ਹੀ ਨਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਵਿੱਚ ਕਿਸੇ ਰਾਜ ਮਿਸਤਰੀ ਦੀ ਸਹਾਇਤਾ ਨਹੀਂ ਲਈ ਗਈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਦੀ ਅਗਵਾਈ ਕੀਤੀ।
ਮੌਜੂਦਾ ਸਮੇਂ ਵਿੱਚ ਸਿੱਖ ਭਾਂਵੇ ਵਿਦੇਸ਼ ਵਿੱਚ ਬੈਠਾ ਹੈ ਭਾਵੇ ਦੁਨੀਆਂ ਦੇ ਕਿਸੇ ਕੋਨੇ ਵਿੱਚ ਹੋਵੇ, ਉਹ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਸਮੁੱਚੇ ਪੰਥ ਨੂੰ ਸਮਰਪਿਤ ਹੁੰਦਾ ਹੈ। ਇਥੇ ਇਹ ਵੀ ਦੱਸ ਦਈਏ ਗੁਰਬਾਣੀ ਦੇ ਪਾਵਨ ਸਿਧਾਤਾਂ ਨੂੰ ਮੁੱਖ ਰਖਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਥਾਂ ਉਨ੍ਹਾਂ ਨੂੰ ਸੇਵਾ ਲਾਈ ਜਾਂਦੀ ਹੈ। ਇਹ ਸੇਵਾ ਉਨ੍ਹਾਂ ਦੀ ਦੁਰਮੱਤ ਨੂੰ ਦੂਰ ਕਰਨ ਵਾਲੀ, ਉਨ੍ਹਾਂ ਦੀ ਆਤਮਾ ਦਾ ਵਿਕਾਸ ਕਰਨ ਵਾਲੀ, ਗੁਰਮਤਿ ਦ੍ਰਿੜਾਉਣ ਵਾਲੀ ਅਤੇ ਗੁਰੂ ਪੰਥ ਨਾਲ ਜੋੜਣ ਵਾਲੀ ਹੁੰਦੀ ਹੈ। ਇਸ ਦਾ ਦ੍ਰਿਸ਼ਟੀਕੋਣ ਜੀਵ ਦਾ ਸੁਧਾਰ ਕਰਨਾ ਹੁੰਦਾ ਹੈ। ਉਸ ਤੋਂ ਕਿਸੇ ਗੁਨਾਹ ਦਾ ਬਦਲਾ ਲੈਣ ਦੀ ਭਾਵਨਾ ਨਹੀਂ ਹੁੰਦੀ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਗੁਰਬਾਣੀ ਆਦਰਸ਼ਾ ਅਨੁਸਾਰ ਮਨੁੱਖ ਦਾ ਕਲਿਆਣ ਕਰਨ ਵਾਲਾ ਹੁੰਦਾ ਹੈ।
ਸੋ ਆਉ ਅਸੀਂ ਆਪਣੀ ਸਮੁੱਚੀ ਜਿੰਦਗੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰਦੇ ਹੋਏ ਇਕ ਨਿਸ਼ਾਨ ਸਾਹਿਬ ਹੇਠਾਂ ਇਕੱਠੇ ਹੋ ਕੇ ਆਪਸੀ ਵੈਰ ਵਿਰੋਧ ਅਤੇ ਵੰਡੀਆਂ ਨੂੰ ਖ਼ਤਮ ਕਰਕੇ ਪੰਥ ਦੀ ਚੜ੍ਹਦੀਕਲਾ ਬਾਰੇ ਕਾਰਜ ਕਰੀਏ।