ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਮਨਾਇਆ ਤੀਆਂ ਦਾ ਤਿਉਹਾਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਿੱਤੇ ਜਾਂਚ ਦੇ ਹੁਕਮ

ਬੇਗੋਵਾਲ ਦੇ ਪਿੰਡ ਨੰਗਲ ਲੁਬਾਣਾ ਵਿਖੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਤਰਾਜ਼ ਜਤਾਇਆ ਹੈ ਤੇ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

By  Dhalwinder Sandhu August 20th 2024 06:09 PM

Amritsar News : ਗੁਰਦੁਆਰਾ ਬਾਬਾ ਦਲੀਪ ਸਿੰਘ ਪਿੰਡ ਨੰਗਲ ਲੁਬਾਣਾ, ਬੇਗੋਵਾਲ ਵਿਖੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਢੋਲ-ਢਮੱਕੇ ਦੇ ਨਾਲ ਤੀਆਂ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਤਰਾਜ਼ ਜਤਾਇਆ ਹੈ ਤੇ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੰਗੀ ਰਿਪੋਰਟ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਗੁਰਦੁਆਰਾ ਬਾਬਾ ਦਲੀਪ ਸਿੰਘ ਪਿੰਡ ਨੰਗਲ ਲੁਬਾਣਾ, ਬੇਗੋਵਾਲ ਦੀ ਪ੍ਰਬੰਧਕ ਕਮੇਟੀ ਵਲੋਂ ਨਿੱਜੀ ਲਾਲਚ ਲਈ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਗੁਰਮਤਿ ਦੇ ਉਲਟ ਢੋਲ-ਢਮੱਕੇ ਦੇ ਨਾਲ ਤੀਆਂ ਦਾ ਨਾਚ-ਗਾਣੇ ਦਾ ਪ੍ਰੋਗਰਾਮ ਕਰਵਾਉਣ ਦੀ ਇਜਾਜ਼ਤ ਦੇ ਕੇ ਬੱਜਰ ਭੁੱਲ ਕੀਤੀ ਹੈ, ਜੋ ਗੁਰਮਤਿ ਦੀ ਘੋਰ ਉਲੰਘਣਾ ਹੈ ਅਤੇ ਬਰਦਾਸ਼ਤਯੋਗ ਨਹੀਂ ਹੈ। 

ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਸ ਘਟਨਾ ਦੀ ਤੁਰੰਤ ਪੜਤਾਲ ਕਰਵਾ ਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪੇ ਅਤੇ ਪ੍ਰਬੰਧਕਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਵੀ ਅਮਲ ਵਿਚ ਲਿਆਵੇ। ਉਨ੍ਹਾਂ ਇਹ ਵੀ ਆਖਿਆ ਕਿ ਨੰਗਲ ਲੁਬਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਵਿਰੋਧੀ ਕਾਰਜ ਕਰਵਾਉਣ ਦੀ ਇਜਾਜ਼ਤ ਦੇਣ ਵਾਲੇ ਪ੍ਰਬੰਧਕਾਂ ਦੇ ਖ਼ਿਲਾਫ਼ ਸਿੱਖ ਪਰੰਪਰਾਵਾਂ ਅਨੁਸਾਰ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਆਖਿਆ ਕਿ ਗੁਰਦੁਆਰਾ ਸਾਹਿਬਾਨ ਗੁਰਮਤਿ ਪ੍ਰਚਾਰ-ਪ੍ਰਸਾਰ ਦੇ ਕੇਂਦਰ ਹਨ ਅਤੇ ਗੁਰਦੁਆਰਾ ਸਾਹਿਬਾਨ ਦੀ ਹਦੂਦ ਦੇ ਅੰਦਰ ਕਿਸੇ ਵੀ ਸੂਰਤ ਵਿਚ ਸਿੱਖੀ ਅਸੂਲਾਂ ਦੇ ਉਲਟ ਗਤੀਵਿਧੀਆਂ ਨੂੰ ਇਜਾਜ਼ਤ ਨਾ ਦਿੱਤੀ ਜਾਵੇ। 

ਇਹ ਵੀ ਪੜ੍ਹੋ : Film Emergency Controversy : ਕੰਗਨਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦ, ਫਿਲਮ ‘ਤੇ ਬੈਨ ਲਗਾਉਣ ਦੀ ਮੰਗ

Related Post