ਬਰਨਾਲਾ: ਬਰਨਾਲਾ ਦੇ ਕਸਬਾ ਧਨੌਲਾ ਵਿਖੇ ਬੀਤੀ ਰਾਤ ਚੰਡੀਗੜ੍ਹ-ਬਰਨਾਲਾ ਹਾਈਵੇ ਉਪਰ ਇੱਕ ਵੱਡਾ ਭਿਆਨਕ ਹਾਦਸਾ ਵਾਪਰ ਗਿਆ। ਇਸ ਭਿਆਨਕ ਹਾਦਸੇ ਵਿੱਚ ਜਿੱਥੇ ਕਾਰ ਦੇ ਪਰਖੱਚੇ ਉੱਡ ਗਏ। ਉੱਥੇ ਕਾਰ ਵਿੱਚ ਸਵਾਰ 2 ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਹਾਦਸੇ ਵਿੱਚ ਨੁਕਸਾਨੀ ਕਾਰ ਦੇ ਬੁਰੀ ਤਰ੍ਹਾਂ ਨਾਲ 2 ਟੋਟੇ ਹੋਏ ਹਨ। ਇਸਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਇਕੱਠਾ ਕਰ ਦਿੱਤਾ ਹੈ, ਜਦਕਿ ਅਗਲਾ ਹਿੱਸਾ ਵੀ ਭੰਨਿਆ ਗਿਆ ਹੈ। ਕਾਰ ਨਾਲ ਟਕਰਾਉਣ ਵਾਲੇ ਵਹੀਕਲ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ। ਇਹ ਘਟਨਾ ਕਰੀਬ ਰਾਤ 1 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਆਪਣੀ ਕਾਰ ਵਿੱਚ ਬਰਨਾਲਾ ਤੋਂ ਧਨੌਲਾ ਨੇੜੇ ਇੱਕ ਰਜਵਾੜਾ ਢਾਬੇ ਉੱਤੇ ਰੋਟੀ ਖਾਣ ਆਏ ਸਨ, ਵਾਪਸੀ ਵੇਲੇ ਇਹਨਾਂ ਨੌਜਵਾਨਾ ਨਾਲ ਇਹ ਹਾਦਸਾ ਵਾਪਰਿਆ ਹੈ। ਧਨੌਲਾ ਥਾਣੇ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੜ ਗਈ ਹੈ। ਇਹਨਾਂ ਵਿੱਚੋਂ ਮਰਨ ਵਾਲੇ ਨੌਜਵਾਨਾ ਵਿੱਚ ਕਰਨ ਸਿੰਘ ਉਮਰ 19 ਸਾਲ ਵਾਸੀ ਤ੍ਰੇਹ (ਪਟਿਆਲਾ) ਅਤੇ ਗੋਲੂ ਵਾਸੀ ਕੈਥਲ ਸ਼ਾਮਲ ਹਨ, ਜਦਕਿ ਹੈਪੀ ਪਿੰਡ ਭੇਡਪੁਰੀ (ਪਟਿਆਲਾ) ਗੰਭੀਰ ਹਾਲਤ ਵਿੱਚ ਜ਼ੇਰੇ ਇਲਾਜ਼ ਹੈ।