ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ਾ ਪ੍ਰਕਿਰਿਆ ਸੌਖੀ ਕੀਤੀ : ਟਰਾਂਸਪੋਰਟ ਮੰਤਰੀ ਗਰੇਵਾਲ
ਹੁਸ਼ਿਆਰਪੁਰ : ਕੈਨੇਡਾ ਦੇ ਸ਼ਹਿਰ ਦੇ ਬਰੈਂਪਟਨ ਦੇ ਓਨਾਟਰੀਓਂ ਵਿਧਾਇਕ ਤੇ ਟਰਾਂਸਪੋਰਟ ਮੰਤਰੀ ਹਰਦੀਪ ਸਿੰਘ ਗਰੇਵਾਲ ਦਾ ਮੁਕੇਰੀਆਂ ਦੇ ਦਸਮੇਸ਼ ਕਾਲਜ ਪੂਜਣ ਵਿਚ ਨਿੱਘਾ ਸਵਾਗਤ ਕੀਤਾ ਗਿਆ। ਐਸਜੀਪੀਸੀ ਮੈਂਬਰ ਰਵਿੰਦਰ ਸਿੰਘ ਚੱਕ ਵੱਲੋਂ ਹਰਦੀਪ ਸਿੰਘ ਗਰੇਵਾਲ ਤੇ ਉਨ੍ਹਾਂ ਦੀ ਟੀਮ ਦਾ ਮੁਕੇਰੀਆਂ ਆਉਣ ਉਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਹਰਦੀਪ ਸਿੰਘ ਗਰੇਵਾਲ ਤੇ ਉਨ੍ਹਾਂ ਦੀ ਟੀਮ ਨੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖੁ ਦਾ ਵੀ ਦੌਰਾ ਕੀਤਾ ਜਿਥੇ ਕੋਹਿਨੂਰ ਸਕੂਲ ਦੇ ਸਮੂਹ ਸਟਾਫ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਪੰਜਾਬ ਦੌਰਾ ਉਨ੍ਹਾਂ ਦਾ ਨਿੱਜੀ ਦੌਰਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਬਾਅਦ ਉਹ ਪੰਜਾਬ ਆਏ ਹਨ।
ਹਰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਾਬ ਦੇ ਵਿਦਿਆਰਥੀ ਜੋ ਕੈਨੇਡਾ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਪ੍ਰਕਿਰਿਆ ਸੌਖੀ ਕੀਤੀ ਗਈ ਹੈ। ਇਸ ਕਰਕੇ ਵਿਦਿਆਰਥੀ ਕੈਨੇਡਾ ਪੜ੍ਹਾਈ ਕਰਕੇ ਆਪਣਾ ਭਵਿੱਖ ਸੁਨਹਿਰੀ ਬਣਾ ਸਕਦੇ ਹਨ।
ਇਹ ਵੀ ਪੜ੍ਹੋ : ਚੋਰਾਂ ਨੇ ਗੁਰਦੁਆਰਾ ਸਾਹਿਬ ਤੇ ਮੰਦਿਰ ਨੂੰ ਬਣਾਇਆ ਨਿਸ਼ਾਨਾ, ਇਕ ਘਰ 'ਚੋਂ ਭਗਵਾਨ ਦੀਆਂ ਮੂਰਤੀਆਂ ਚੋਰੀ
ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਜੋ ਗ਼ਰੀਬ ਘਰਾਂ ਦੇ ਬੱਚੇ ਵੀ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਵਾਸਤੇ ਵੀ ਕਈ ਤਰ੍ਹਾਂ ਦੀਆਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਜੋ ਗ਼ਰੀਬ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਕਰਦੀਆਂ ਹਨ ਤੇ ਉਨ੍ਹਾਂ ਨਾਲ ਸੰਪਰਕ ਕਰਕੇ ਤੁਸੀਂ ਕੈਨੇਡਾ ਆ ਸਕਦੇ ਹੋ।
ਇਸ ਦੌਰਾਨ ਦਸਮੇਸ਼ ਕਾਲਜ ਮੁਕੇਰੀਆਂ ਤੇ ਕੋਹਿਨੂਰ ਸਕੂਲ ਵੱਲੋਂ ਆਏ ਸਾਰੇ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।