Justin Trudeau Divorce: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤਲਾਕ ਲੈਣ ਦਾ ਕੀਤਾ ਫੈਸਲਾ, ਵਿਆਹ ਦੇ 18 ਸਾਲ ਬਾਅਦ ਹੋਣਗੇ ਵੱਖ

Justin Trudeau Divorce: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਾਲ ਬਾਅਦ ਪਤਨੀ ਸੋਫੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।

By  Amritpal Singh August 3rd 2023 09:26 AM -- Updated: August 3rd 2023 12:55 PM

Justin Trudeau Divorce: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਾਲ ਬਾਅਦ ਪਤਨੀ ਸੋਫੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ (2 ਅਗਸਤ) ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਘੋਸ਼ਣਾ ਕੀਤੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੋਇਰ ਟਰੂਡੋ ਵੱਖ ਹੋ ਰਹੇ ਹਨ।

ਜਸਟਿਨ ਟਰੂਡੋ ਅਤੇ ਸੋਫੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਲੰਬੀ ਗੱਲਬਾਤ ਤੋਂ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਨੇ ਕਾਨੂੰਨੀ ਵੱਖ ਹੋਣ ਦੇ ਸਮਝੌਤੇ 'ਤੇ ਦਸਤਖਤ ਕੀਤੇ ਹਨ।


ਦੋਵਾਂ ਦਾ ਵਿਆਹ 2005 'ਚ ਹੋਇਆ ਸੀ

ਦੋਵਾਂ ਦਾ ਵਿਆਹ ਸਾਲ 2005 'ਚ ਹੋਇਆ ਸੀ। 48 ਸਾਲਾ ਸੋਫੀ ਗ੍ਰੈਗੋਇਰ ਟਰੂਡੋ ਕਿਊਬਿਕ ਵਿੱਚ ਟੈਲੀਵਿਜ਼ਨ ਰਿਪੋਰਟਰ ਵੀ ਰਹਿ ਚੁੱਕੀ ਹੈ। ਉਹ 51 ਸਾਲਾ ਜਸਟਿਨ ਟਰੂਡੋ ਨਾਲ ਤਿੰਨ ਚੋਣਾਂ ਲਈ ਪ੍ਰਚਾਰ ਵੀ ਕਰ ਚੁੱਕੀ ਹੈ, ਉਸ ਨੂੰ ਕਈ ਵਾਰ ਔਰਤਾਂ ਦੇ ਅਧਿਕਾਰਾਂ ਅਤੇ ਮਾਨਸਿਕ ਸਿਹਤ ਮੁੱਦਿਆਂ ਦੀ ਵਕਾਲਤ ਕਰਦੇ ਦੇਖਿਆ ਗਿਆ ਹੈ।

ਦੋਵੇਂ ਬੱਚਿਆਂ ਲਈ ਪਰਿਵਾਰਕ ਛੁੱਟੀਆਂ 'ਤੇ ਜਾਣਗੇ

ਦੋਵਾਂ ਦੇ ਤਿੰਨ ਬੱਚੇ ਹਨ - 15 ਸਾਲਾ ਜੇਵੀਅਰ, 14 ਸਾਲਾ ਏਲਾ-ਗ੍ਰੇਸ ਅਤੇ 9 ਸਾਲਾ ਹੈਡਰੀਅਨ। ਵਿਛੋੜੇ ਨੂੰ ਲੈ ਕੇ ਜਾਰੀ ਬਿਆਨ 'ਚ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੇ ਬੱਚਿਆਂ ਲਈ ਇਕ ਪਰਿਵਾਰ ਵਾਂਗ ਰਹਿਣਗੇ। ਦੋਵੇਂ ਬੱਚਿਆਂ ਨੂੰ ਸੁਰੱਖਿਅਤ ਅਤੇ ਪਿਆਰ ਭਰੇ ਮਾਹੌਲ ਵਿੱਚ ਪਾਲਣ 'ਤੇ ਧਿਆਨ ਦੇਣਗੇ। ਅਗਲੇ ਹਫਤੇ ਤੋਂ ਉਹ ਬੱਚਿਆਂ ਨਾਲ ਪਰਿਵਾਰਕ ਛੁੱਟੀਆਂ 'ਤੇ ਰਹਿਣਗੇ

ਅਹੁਦੇ 'ਤੇ ਰਹਿੰਦਿਆਂ ਪਤਨੀ ਤੋਂ ਵੱਖ ਹੋਣ ਵਾਲਾ ਦੂਜਾ ਪ੍ਰਧਾਨ ਮੰਤਰੀ

ਇਸ ਦੇ ਨਾਲ ਹੀ ਜਸਟਿਨ ਟਰੂਡੋ ਦੇ ਦਫਤਰ ਨੇ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ ਹੈ। ਟਰੂਡੋ ਦੂਜੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਅਹੁਦੇ 'ਤੇ ਰਹਿੰਦੇ ਹੋਏ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਪੀਅਰੇ ਟਰੂਡੋ 1979 ਵਿੱਚ ਪਤਨੀ ਮਾਰਗਰੇਟ ਤੋਂ ਵੱਖ ਹੋ ਗਏ ਸਨ ਅਤੇ ਦੋਵਾਂ ਦਾ 1984 ਵਿੱਚ ਤਲਾਕ ਹੋ ਗਿਆ ਸੀ।

Related Post