Canada Fake Visa : ਜਲੰਧਰ ਪੁਲਿਸ ਨੇ ਗਿਰੋਹ ਦਾ ਕੀਤਾ ਪਰਦਾਫਾਸ਼, 26. 70 ਲੱਖ ਦੀ ਨਕਦੀ ਤੇ 5 ਪਾਸਪੋਰਟਾਂ ਸਮੇਤ 2 ਗ੍ਰਿਫ਼ਤਾਰ

Visa Fraud : ਜਲੰਧਰ ਪੁਲਿਸ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਲਗਾ ਕੇ ਵੱਖ-ਵੱਖ ਵਿਅਕਤੀਆਂ ਨਾਲ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 26.70 ਲੱਖ ਰੁਪਏ ਦੀ ਨਕਦੀ ਸਮੇਤ ਪੰਜ ਪਾਸਪੋਰਟ ਬਰਾਮਦ ਕੀਤੇ ਹਨ।

By  KRISHAN KUMAR SHARMA September 27th 2024 04:25 PM -- Updated: September 27th 2024 04:27 PM

ਜਲੰਧਰ : ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਲਗਾ ਕੇ ਵੱਖ-ਵੱਖ ਵਿਅਕਤੀਆਂ ਨਾਲ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 26.70 ਲੱਖ ਰੁਪਏ ਦੀ ਨਕਦੀ ਸਮੇਤ ਪੰਜ ਪਾਸਪੋਰਟ ਬਰਾਮਦ ਕੀਤੇ ਹਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਨਾਮ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਤਲਵੰਡੀ ਭਿੰਡਰਾ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੇ ਦੱਸਿਆ ਕਿ ਆਪਣੀ ਸ਼ਿਕਾਇਤ ਵਿੱਚ ਗੁਰਨਾਮ ਸਿੰਘ ਨੇ ਕਿਹਾ ਸੀ ਕਿ ਉਸ ਨੇ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਕੈਨੇਡਾ ਦੇ ਟੂਰਿਸਟ ਵੀਜ਼ੇ ਲਈ 25 ਅਸਲੀ ਪਾਸਪੋਰਟ ਅਤੇ ਪੈਸੇ ਲੈ ਕੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਰਹਿਣ ਵਾਲੇ ਸੰਤੋਸ਼ ਕੁਮਾਰ ਨੂੰ ਸੌਂਪੇ ਸਨ।

ਸਵਪਨ ਸ਼ਰਮਾ ਨੇ ਦੱਸਿਆ ਕਿ ਸੰਤੋਸ਼ ਦੁਬਈ ਦਾ ਹੀ ਰਹਿਣ ਵਾਲਾ ਸੀ ਅਤੇ ਉਸਦਾ ਅਸਲੀ ਨਾਮ ਵਾਜਿਦ ਅਲੀ ਪੁੱਤਰ ਨਿਜਾਮੁਦੀਨ ਵਾਸੀ ਮਕਾਨ ਨੰ.-274, ਪਿੰਡ ਬਰਸੈਣੀ ਟੋਲਾ, ਉਜਦੀਪੱਟੀ, ਡਾਕਖਾਨਾ ਹੇਮਦਾਪੁਰ, ਥਾਣਾ ਪਿਪਰਾਚ, ਗੋਰਖਪੁਰ, ਉੱਤਰ ਪ੍ਰਦੇਸ਼ ਹੈ ਅਤੇ ਦੂਜੇ ਦੀ ਪਛਾਣ ਮੁਨੀਸ਼ ਕੁਮਾਰ ਵਾਸੀ ਟੀਚਰ ਕਲੋਨੀ, ਵਾਰਡ ਨੰ: 2, ਬਲਾਚੌਰ, ਜ਼ਿਲ੍ਹਾ ਐੱਸ.ਬੀ.ਐੱਸ.ਨਗਰ ਵੱਜੋਂ ਹੋਈ ਹੈ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੋਸ਼ੀਆਂ ਨੂੰ ਨਕਦੀ ਅਤੇ ਬੈਂਕ ਟ੍ਰਾਂਸਫਰ ਰਾਹੀਂ ਭੁਗਤਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵੀਜ਼ਾ ਅਰਜ਼ੀਆਂ ਲਈ ਦਿੱਤੇ ਅਸਲ ਪਾਸਪੋਰਟਾਂ ਵਿੱਚੋਂ ਵਾਜਿਦ ਅਲੀ ਉਰਫ਼ ਸੰਤੋਸ਼ ਨੇ ਵਟਸਐਪ ਰਾਹੀਂ ਗੁਰਨਾਮ ਸਿੰਘ ਨੂੰ ਵੀਜ਼ੇ ਵਾਲੇ 22 ਪਾਸਪੋਰਟ ਭੇਜੇ ਸਨ।  ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਵੀਜ਼ੇ ਜਾਅਲੀ ਸਨ ਅਤੇ ਇਨ੍ਹਾਂ ’ਤੇ ਕੈਨੇਡਾ ਦੇ ਟੂਰਿਸਟ ਵੀਜ਼ੇ ਦੇ ਜਾਅਲੀ ਸਟਿੱਕਰ ਚਿਪਕਾਏ ਹੋਏ ਸਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿਖੇ ਐਫਆਈਆਰ ਨੰਬਰ 98 ਮਿਤੀ 21.09.2024 ਅਧੀਨ 406, 420, 465, 467, 468, 471 ਆਈ.ਪੀ.ਸੀ. ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਸੰਤੋਸ਼ ਕੁਮਾਰ ਉਰਫ ਵਾਜਿਦ ਅਲੀ ਅਤੇ ਮੁਨੀਸ਼ ਕੁਮਾਰ ਨੂੰ ਪੁਲਿਸ ਨੇ ਡੌਲਫਿਨ ਹੋਟਲ ਨੇੜੇ ਸਬਜੀ ਮੰਡੀ, ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ।

Related Post