ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਲਈ ਸਿਰਸਾ ਡੇਰਾ ਸਮਰਥਕ ਦੇ ਕਤਲ ਦੀ ਜ਼ਿੰਮੇਵਾਰੀ

By  Jasmeet Singh November 10th 2022 07:58 PM

ਚੰਡੀਗੜ੍ਹ, 10 ਨਵੰਬਰ: ਕੋਟਕਪੂਰਾ 'ਚ ਡੇਰਾ ਸਮਰਥਕ ਪ੍ਰਦੀਪ ਸ਼ਰਮਾ ਦੇ ਕਤਲ ਦੇ ਮਾਮਲੇ 'ਚ ਨਵਾਂ ਮੋੜ ਲੈਂਦਿਆਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਇਸ ਵੇਲੇ ਕੈਨੇਡਾ ਵਿੱਚ ਲੁਕਿਆ ਬੈਠਾ ਹੈ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ। 

ਬਰਾੜ ਨੇ ਆਪਣੀ ਪੋਸਟ ਵਿੱਚ ਲਿਖਿਆ, “ਹਾਂਜੀ ਸਤਿ ਸ੍ਰੀ ਅਕਾਲ ਜੀ, ਅੱਜ ਜੋ ਕੋਟਕਪੂਰਾ ਵਿੱਚ ਬਰਗਾੜੀ ਬੇਅਦਬੀ ਕੇਸ ਦੇ ਦੋਸ਼ੀ (ਪ੍ਰਦੀਪ) ਦਾ ਮਰਡਰ ਹੋਇਆ ਉਸਦੀ ਜਿੰਮੇਵਾਰੀ ਮੈਂ ਗੋਲਡੀ ਬਰਾੜ (ਲਾਰੈਂਸ ਬਿਧਨੋਈ ਗਰੁੱਪ) ਲੈਂਦਾ ਹਾਂ। 7 ਸਾਲ ਹੋਗੇ ਸੀ ਦੁਨੀਆ ਨੂੰ 3 ਸਰਕਾਰਾਂ ਦੇ ਮੂੰਹ ਵੱਲ ਦੇਖਦੇ ਇਨਸਾਫ ਲਈ, ਅਸੀਂ ਅੱਜ ਆਪਣਾ ਇਨਸਾਫ ਕਰਤਾ।''

ਕਥਿਤ ਪੋਸਟ 'ਚ ਅੱਗੇ ਉਨ੍ਹਾਂ ਲਿਖਿਆ, "ਜਿਹੜਾ ਪੁਲਿਸ ਆਲੇ ਦਾ ਨੁਕਸਾਨ ਹੋਇਆ ਫਾਇਰਿੰਗ ਵਿੱਚ ਸਾਨੂ ਉਸ ਦਾ ਦੁੱਖ ਆ ਪਰ ਸਿਰਫ਼ ਤਨਖ਼ਾ ਦੇ ਲਈ ਗੁਰੂ ਸਾਹਿਬ ਦੇ ਦੋਸ਼ੀਆਂ ਦੀ ਸਕਿਉਰਿਟੀ ਕਰਨ ਆਲੇ ਤੇ ਵੀ ਲੱਖ ਦੀ ਲਾਹਨਤ ਹੀ ਬਣ ਦੀ ਸੀ। ਕੋਈ ਵੀ ਜੋ ਕਿਸੇ ਧਰਮ ਦੀ ਬੇਜ਼ਤੀ ਕਰੂਗਾ ਉਹਨਾਂ ਨਾਲ ਇਹਦਾਂ ਹੀ ਹੋਊਗਾ। ਜਿਨ੍ਹਾਂ ਨੇ ਹੁਣ ਤੱਕ ਧੱਕਾ ਕੀਤਾ ਆ ਅਸੀਂ ਉਨ੍ਹਾਂ ਨਾਲ ਧੱਕਾ ਕਰਨਾ ਬਸ ਹੋਰ ਕੁਝ ਨਹੀਂ"

ਅੰਤ ਵਿੱਚ ਉਨ੍ਹਾਂ ਲਿਖਿਆ, "ਹਿੰਦੂ ਸਿੱਖ ਸਾਰੇ ਭਰਾਵਾਂ ਨੇ ਇਕੱਠੇ ਇਹ ਬਦਲਾ ਲਿਆ ਆ ਕਿਉਂ ਕਿ ਗੁਰੂ ਸਾਹਿਬ ਸਬ ਦੇ ਸਾਂਝੇ" 



ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਦੇ ਕਤਲ ਪਿੱਛੋਂ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੁਰੱਖਿਆ ਪ੍ਰਬੰਧ ਪੁਖ਼ਤਾ

ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੇ ਗੋਲਡੀ ਬਰਾੜ ਵੱਲੋਂ ਕੀਤੇ ਗਏ ਦਾਅਵਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਮੌਕੇ 'ਤੇ ਨਾ ਤਾਂ ਇਸ ਦਾਅਵੇ ਤੋਂ ਇਨਕਾਰ ਕਰ ਸਕਦੇ ਹਨ ਅਤੇ ਨਾ ਹੀ ਪੁਸ਼ਟੀ ਕਰ ਸਕਦੇ ਹਨ। ਇਹ ਦਾਅਵਾ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਹੈ। ਪੁਲਿਸ ਫ਼ਿਲਹਾਲ ਸੋਸ਼ਲ ਮੀਡੀਆ 'ਤੇ ਕੀਤੇ ਇਸ ਕਥਿਤ ਦਾਅਵੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਮੁਕੱਮਲ ਹੋਣ ਮਗਰੋਂ ਹੀ ਇਸਦੀ ਪੁਸ਼ਟੀ ਕਰੇਗੀ।

Related Post