ਅੰਮ੍ਰਿਤਸਰ, 9 ਨਵੰਬਰ: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜੋ ਬੀਤੇ ਦਿਨ ਡੇਂਗੂ ਤੋਂ ਪੀੜਿਤ ਹੋ ਗਏ ਸਨ, ਨੂੰ ਸਥਾਨਕ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਵੇਲੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਨਿਰੰਤਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ, ਦੋਸਤ ਮਿੱਤਰ ਅਤੇ ਰਿਸ਼ਤੇਦਾਰ ਜੋ ਹਸਪਤਾਲ ਵਿੱਚ ਕੈਬਨਿਟ ਮੰਤਰੀ ਦਾ ਹਾਲ ਚਾਲ ਪੁੱਛਣ ਆ ਰਹੇ ਹਨ, ਉਨ੍ਹਾਂ ਦਾ ਧੰਨਵਾਦ ਕਰਦੇ ਮੰਤਰੀ ਨੇ ਕਿਹਾ ਕਿ ਵਾਹਿਗੁਰੂ ਦੀ ਮਿਹਰ ਨਾਲ ਉਹ ਚੜ੍ਹਦੀਕਲਾ ਵਿੱਚ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਉਨ੍ਹਾਂ ਦੇ ਟੈਸਟ ਕਰਵਾਏ ਗਏ ਸਨ, ਸੋ ਡੇਂਗੂ ਪਾਜ਼ੀਟਵ ਆਉਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਮੌਕੇ ਹਸਪਤਾਲ ਦੇ ਸੁਪਰਡੈਂਟ ਡਾਕਟਰ ਕਰਨਜੀਤ ਸਿੰਘ ਨੇ ਦੱਸਿਆ ਕਿ ਮੰਤਰੀ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਕੋਈ ਚਿੰਤਾ ਵਾਲੀ ਗਲਤੀ ਨਹੀਂ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਾਰੇ ਮਰੀਜ਼ਾਂ ਦੇ ਡੇਂਗੂ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਇਲਾਜ ਵੀ ਮੁਫ਼ਤ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਸੀਂ ਡੇਂਗੂ ਕਾਰਨ ਬਿਮਾਰ ਹੋ ਤਾਂ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਅੰਮ੍ਰਿਤਸਰ 'ਚ ਡੇਂਗੂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਸੀਜ਼ਨ 'ਚ ਹੁਣ ਤੱਕ 200 ਤੋਂ ਉੱਤੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਡੇਂਗੂ ਦੇ ਲੱਛਣ
ਡੇਂਗੂ ਵਿੱਚ ਸਰੀਰ ਦਾ ਤਾਪਮਾਨ 102 ਡਿਗਰੀ ਜਾਂ ਇਸ ਤੋਂ ਵੱਧ ਵੱਧ ਜਾਂਦਾ ਹੈ। ਇਸਦੇ ਨਾਲ ਸਿਰ ਦਰਦ, ਸਰੀਰ ਵਿੱਚ ਦਰਦ, ਉਲਟੀਆਂ ਅਤੇ ਚਮੜੀ ਦੇ ਧੱਫੜ ਹੁੰਦੇ ਹਨ। ਇੱਕ ਵਾਰ ਡੇਂਗੂ ਹੋਣ ਤੋਂ ਬਾਅਦ ਠੀਕ ਹੋਣ ਵਿੱਚ 7 ਤੋਂ 10 ਦਿਨ ਲੱਗ ਜਾਂਦੇ ਹਨ।
ਡੇਂਗੂ ਤੋਂ ਬਚਣ ਦੇ ਉਪਾਅ
ਡਾਕਟਰਾਂ ਅਨੁਸਾਰ ਡੇਂਗੂ ਤੋਂ ਬਚਣ ਲਈ ਪੂਰੀ ਬਾਹਾਂ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ। ਡੇਂਗੂ ਦਾ ਮੱਛਰ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਓ। ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਜ਼ਰੂਰ ਕਰੋ। ਇਸ ਬਿਮਾਰੀ ਵਿੱਚ ਖਾਸ ਤੌਰ 'ਤੇ ਸਫਾਈ ਦਾ ਧਿਆਨ ਰੱਖੋ। ਡੇਂਗੂ ਵਿੱਚ ਨਾਰੀਅਲ ਪਾਣੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ।