ਰੇਲਵੇ ਮੁਲਾਜ਼ਮਾਂ ਨੂੰ ਬੋਨਸ ਤੇ ਕਿਸਾਨਾਂ ਲਈ 1 ਲੱਖ ਕਰੋੜ ਦੀਆਂ 2 ਯੋਜਨਾਵਾਂ ਨੂੰ ਮਨਜੂਰੀ, ਮੋਦੀ ਕੈਬਨਿਟ ਦੇ ਦੀਵਾਲੀ ਤੋਂ ਪਹਿਲਾਂ ਵੱਡੇ ਫੈਸਲੇ
Modi Cabinet Decision : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਦੋ ਵੱਡੀਆਂ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉੱਥੇ ਹੀ ਰੇਲਵੇ ਮੁਲਾਜ਼ਮਾਂ ਨੂੰ ਬੋਨਸ (Diwali Bonus to Railway Employees) ਦੇਣ ਦੀ ਵੀ ਸਹਿਮਤੀ ਹੋ ਗਈ ਹੈ।
PM Modi Cabinet Decision : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਇਸ ਵਿੱਚ ਕਈ ਵੱਡੀਆਂ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ। ਜਿੱਥੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਦੋ ਵੱਡੀਆਂ ਸਕੀਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉੱਥੇ ਹੀ ਰੇਲਵੇ ਮੁਲਾਜ਼ਮਾਂ ਨੂੰ ਬੋਨਸ (Diwali Bonus to Railway Employees) ਦੇਣ ਦੀ ਵੀ ਸਹਿਮਤੀ ਹੋ ਗਈ ਹੈ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (PM National Krishi Vikas Yojana) ਤੋਂ ਇਲਾਵਾ ਕਿਸਾਨਾਂ ਨਾਲ ਸਬੰਧਤ ਕਈ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚੇਨਈ ਮੈਟਰੋ ਫੇਜ਼-2 ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸਭ ਤੋਂ ਵੱਡਾ ਫੈਸਲਾ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਮੱਧ ਵਰਗ ਦੇ ਲੋਕਾਂ ਨੂੰ ਭੋਜਨ ਸੁਰੱਖਿਆ ਯਕੀਨੀ ਬਣਾਉਣ ਨਾਲ ਸਬੰਧਤ ਹੈ। ਇਸ ਦੇ ਦੋ ਥੰਮ ਹਨ - ਪ੍ਰਧਾਨ ਮੰਤਰੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਕ੍ਰਿਸ਼ੀ ਉਨੱਤੀ ਯੋਜਨਾ (Krishhi Unnati Yojana)। ਇਨ੍ਹਾਂ ਦੋਵਾਂ ਯੋਜਨਾਵਾਂ ਲਈ 1,01,321 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਅਧੀਨ 9-9 ਸਕੀਮਾਂ ਸ਼ਾਮਲ ਕੀਤੀਆਂ ਗਈਆਂ ਹਨ।
ਰੇਲਵੇ ਕਰਮਚਾਰੀਆਂ ਨੂੰ ਤੋਹਫਾ
ਕੈਬਨਿਟ ਨੇ ਨਾਲ ਹੀ ਰੇਲਵੇ ਕਰਮਚਾਰੀਆਂ ਨੂੰ ਬੋਨਸ ਤੋਹਫਾ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ। ਰੇਲਵੇ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਨੂੰ ਮਾਨਤਾ ਦਿੰਦੇ ਹੋਏ ਮੰਤਰੀ ਮੰਡਲ ਨੇ 11,72,240 ਰੇਲਵੇ ਕਰਮਚਾਰੀਆਂ ਨੂੰ 2028.57 ਕਰੋੜ ਰੁਪਏ ਦੇ 78 ਦਿਨਾਂ ਦੇ ਬੋਨਸ ਦੇ ਭੁਗਤਾਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਰਾਸ਼ੀ ਰੇਲਵੇ ਕਰਮਚਾਰੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਟਰੈਕ ਮੇਨਟੇਨਰ, ਲੋਕੋ ਪਾਇਲਟ, ਟ੍ਰੇਨ ਮੈਨੇਜਰ (ਗਾਰਡ), ਸਟੇਸ਼ਨ ਮਾਸਟਰ, ਸੁਪਰਵਾਈਜ਼ਰ, ਟੈਕਨੀਸ਼ੀਅਨ, ਟੈਕਨੀਸ਼ੀਅਨ ਹੈਲਪਰ, ਪੁਆਇੰਟਸਮੈਨ, ਮਨਿਸਟਰੀਅਲ ਸਟਾਫ ਅਤੇ ਹੋਰ ਸਮੂਹ ਐਕਸੀਅਨ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ।
ਚੇਨਈ ਮੈਟਰੋ ਫੇਜ਼-2 ਨੂੰ ਵੀ ਮਨਜ਼ੂਰੀ
ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਚੇਨਈ ਮੈਟਰੋ ਫੇਜ਼ 2 ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਇਸ 'ਤੇ 63,246 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪੜਾਅ 119 ਕਿਲੋਮੀਟਰ ਦਾ ਹੋਵੇਗਾ। ਇਸ ਵਿੱਚ 120 ਸਟੇਸ਼ਨ ਹੋਣਗੇ। ਇਸ ਦੇ ਨਿਰਮਾਣ ਲਈ ਕੇਂਦਰ ਅਤੇ ਰਾਜ ਦਾ 50-50 ਫੀਸਦੀ ਹਿੱਸਾ ਹੋਵੇਗਾ। ਇਸ ਦੇ ਨਾਲ ਹੀ 5 ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਮਰਾਠੀ, ਪਾਲੀ, ਪ੍ਰਾਕ੍ਰਿਤ, ਅਸਾਮੀ ਅਤੇ ਬੰਗਾਲੀ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਹੈ। ਤਾਮਿਲ, ਸੰਸਕ੍ਰਿਤ, ਤੇਲਗੂ, ਕੰਨੜ, ਮਲਿਆਲਮ, ਉੜੀਆ ਨੂੰ ਪਹਿਲਾਂ ਹੀ ਕਲਾਸੀਕਲ ਭਾਸ਼ਾਵਾਂ ਦਾ ਦਰਜਾ ਪ੍ਰਾਪਤ ਸੀ।