ਸੋਸ਼ਲ ਮੀਡੀਆ 'ਤੇ ਡੀਸੀ ਦੇ ਜਾਅਲੀ ਅਕਾਊਂਟ ਬਣਾ ਕੇ ਵੋਟਰ ਸੂਚੀ 'ਚ ਸ਼ਾਮਲ ਲੋਕਾਂ ਤੋਂ ਮੰਗੇ ਪੈਸੇ
ਬਠਿੰਡਾ : ਸਾਈਬਰ ਠੱਗਾਂ ਦੇ ਹੌਸਲੇ ਇੰਨੇ ਬੁਲੰਦ ਹਨ ਇਸ ਦੀ ਤਾਜ਼ਾ ਉਦਾਹਰਣ ਬਠਿੰਡਾ ਵਿਖੇ ਵੇਖਣ ਨੂੰ ਮਿਲੀ ਜਿਥੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦੇ ਤਿੰਨ ਜਾਅਲੀ ਅਕਾਊਂਟ ਬਣਾ ਕੇ ਇਨ੍ਹਾਂ ਠੱਗਾਂ ਵੱਲੋਂ ਵੋਟਰ ਸੂਚੀ ਵਿੱਚ ਸ਼ਾਮਲ ਲੋਕਾਂ ਤੋਂ ਪੈਸੇ ਮੰਗੇ ਗਏ ਅਤੇ ਇਨ੍ਹਾਂ ਠੱਗਾਂ ਵੱਲੋਂ ਇਕ ਵਿਅਕਤੀ ਤੋਂ ਪੈਸੇ ਵੀ ਆਪਣੀ ਅਕਾਊਂਟ ਵਿਚ ਪੁਆ ਲਏ ਗਏ ਸਨ। ਇਸ ਦੀ ਜਾਣਕਾਰੀ ਖੁਦ ਡਿਪਟੀ ਕਮਿਸ਼ਨਰ ਬਠਿੰਡਾ ਨੇ ਸੋਸ਼ਲ ਮੀਡੀਆ ਅਕਾਊਂਟ ਦਿੱਤੀ ਇਸ ਨੂੰ ਲੈ ਕੇ ਸ਼ਿਕਾਇਤ ਸਾਈਬਰ ਕਰਾਈਮ ਸੈੱਲ ਤੇ ਐਸਐਸਪੀ ਨੂੰ ਕੀਤੀ।
ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਫੇਸਬੁੱਕ ਉਤੇ ਜਾਅਲੀ ਆਈਡੀ ਬਣਾ ਕੇ ਸ਼ਰਾਰਤੀ ਲੋਕ ਪੈਸੇ ਮੰਗ ਰਹੇ ਸਨ ਜਿਸ ਦਾ ਉਨ੍ਹਾਂ ਨੂੰ ਪਤਾ ਲੱਗਣ ਉਤੇ ਸਾਰੀਆਂ ਜਾਅਲੀ ਆਈਡੀਜ਼ ਬੰਦ ਕਰਵਾ ਦਿੱਤੀਆਂ ਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਰਾਰਤੀ ਜਾਲਸਾਜਾਂ ਤੋਂ ਬਚੋ ਆਪਣੀ ਕੋਈ ਵੀ ਗੱਲ ਸੋਸ਼ਲ ਮੀਡੀਆ ਉਤੇ ਨਾ ਸ਼ੇਅਰ ਕਰੋ ਅਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਦਿਓ। ਉਨ੍ਹਾਂ ਕਿਹਾ ਕਿ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਵਿਚ ਲੱਗੀਆਂ ਤਸਵੀਰਾਂ ਨੂੰ ਕਾਪੀ ਕਰਕੇ ਸੋਸ਼ਲ ਮੀਡੀਆ ਉਤੇ ਜਾਅਲੀ ਅਕਾਊਂਟ ਬਣਾਏ ਜਾਂਦੇ ਹਨ ਪਰ ਆਮ ਲੋਕਾਂ ਨੂੰ ਇਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੈਸੇ ਮੰਗਣ ਵਾਲੇ ਵਿਅਕਤੀ ਕੌਣ ਹਨ ਅਤੇ ਕੋਈ ਵੀ ਅਜਿਹੀ ਗੱਲ ਸਾਹਮਣੇ ਆਉਣ ਉਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਟੈਂਡਰ ਘੁਟਾਲਾ ਮਾਮਲਾ: ਵਿਜੀਲੈਂਸ ਨੇ ਈਡੀ ਨਾਲ ਨਸ਼ਰ ਕੀਤਾ ਰਿਕਾਰਡ, ਹੋ ਸਕਦਾ ਹੈ ਵੱਡਾ ਖੁਲਾਸਾ!
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਤਿੰਨ ਜਾਅਲੀ ਅਕਾਊਂਟ ਬਣਾਏ ਗਏ ਸਨ ਉਹ ਤਿੰਨੇ ਬੰਦ ਕਰਵਾ ਦਿੱਤੇ ਗਏ ਹਨ। ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਇਸ ਮਾਮਲੇ ਵਿਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ ਹੋ ਸਕਦਾ ਹੈ ਕਿ ਸੀਨੀਅਰ ਅਧਿਕਾਰੀਆਂ ਕੋਲ ਸ਼ਿਕਾਇਤ ਪਹੁੰਚੀ ਹੋਵੇ ਜਦੋਂ ਉਨ੍ਹਾਂ ਕੋਲ ਸ਼ਿਕਾਇਤ ਆਵੇਗੀ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ।