ਜਲੰਧਰ, ਲੁਧਿਆਣਾ ਸਮੇਤ ਸੂਬੇ ਭਰ 'ਚ ਬੱਸਾਂ ਦਾ ਚੱਕਾ ਜਾਮ, ਕੰਡਕਟਰ ਨੂੰ ਮੁਅੱਤਲ ਕਰਨ 'ਤੇ ਭੜਕੇ ਠੇਕਾ ਕਾਮੇ
ਚੰਡੀਗੜ੍ਹ, 12 ਨਵੰਬਰ: ਸੂਬੇ ਭਰ 'ਚ ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨਾਂ ਵੱਲੋਂ ਬਟਾਲਾ ਵਿੱਚ ਕੰਡਕਟਰਾਂ ਨੂੰ ਬਰਖਾਸਤ ਕਰਨ ਅਤੇ ਫਿਰੋਜ਼ਪੁਰ ਵਿੱਚ ਕੰਡਕਟਰਾਂ ਦੇ ਤਬਾਦਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੂਬੇ ਭਰ ਦੇ ਬੱਸ ਡਿਪੂਆਂ ਤੋਂ ਕਈ ਬੱਸਾਂ ਦੇ ਰੂਟ ਖੁੰਝ ਗਏ। ਦੱਸਿਆ ਜਾ ਰਿਹਾ ਕਿ ਬਟਾਲਾ ਡਿਪੂ ਵਿੱਚ ਕੰਡਕਟਰ ਦੀ ਨਜਾਇਜ਼ ਰਿਪੋਰਟ ਮਗਰੋਂ ਅਤੇ ਲੰਬੇ ਚਿਰ ਤੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਹੁਣ ਇਸ ਮਾਮਲੇ ਨੇ ਤੂਲ ਫੜ ਲਈ ਹੈ।
ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨਾਂ ਨੇ ਪਨਬਸ ਦੇ ਬਟਾਲਾ ਡਿਪੂ ਦੇ ਕੰਡਕਟਰ ਪ੍ਰਿਤਪਾਲ ਸਿੰਘ ਨੂੰ ਮੁਅੱਤਲ ਕਰਨ ਅਤੇ ਵਿਭਾਗੀ ਜਾਂਚ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਪੂਰੇ ਸੂਬੇ ਵਿੱਚ ਧਰਨਾ ਦਿੱਤਾ ਅਤੇ ਬੱਸਾਂ ਦਾ ਚੱਕਾ ਜਾਮ ਕੀਤਾ। ਜਲੰਧਰ ਦੇ ਨਾਲ-ਨਾਲ ਲੁਧਿਆਣਾ ਅਤੇ ਅੰਮ੍ਰਿਤਸਰ 'ਚ ਵੀ ਧਰਨੇ ਦਿੱਤੇ ਜਾ ਰਹੇ ਹਨ। ਯੂਨੀਅਨ ਦੀ ਜਲੰਧਰ ਇਕਾਈ ਨੇ ਸ਼ਨੀਵਾਰ ਨੂੰ ਦੋਵੇਂ ਡਿਪੂ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਹੈ।
ਬਰਖਾਸਤ ਹੋਏ ਕੰਡਕਟਰ ਸਬੰਧੀ ਬਟਾਲਾ ਯੂਨੀਅਨ ਵੱਲੋਂ ਇੱਕ ਹਫ਼ਤਾ ਪਹਿਲਾਂ ਡਿਪੂ ਮੈਨੇਜਰ ਅੱਗੇ ਯਾਤਰੀਆਂ ਨੂੰ ਪੇਸ਼ ਕੀਤਾ ਗਿਆ ਸੀ ਅਤੇ ਮੰਗ ਪੱਤਰ ਵੀ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਕੰਡਕਟਰ ਨੂੰ ਬਿਨਾਂ ਕਿਸੇ ਕਸੂਰ ਦੇ ਡਿਊਟੀ ਤੋਂ ਬਰਖਾਸਤ ਕਰ ਦਿੱਤਾ ਗਿਆ, ਜਿਸ ਨੂੰ ਸੂਬੇ ਭਰ ਦੀਆਂ ਯੂਨੀਅਨਾਂ ਦਾ ਕਹਿਣਾ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪ੍ਰਦਰਸ਼ਨਕਾਰੀ ਮੁਲਜ਼ਮਾਂ ਦਾ ਕਹਿਣਾ ਕਿ ਸਟੇਟ ਟਰਾਂਸਪੋਰਟ ਡਾਇਰੈਕਟਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਕੋਈ ਧਿਆਨ ਨਹੀਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਦੇ ਧੱਕੇਸ਼ਾਹੀ ਵਾਲੇ ਰਵੱਈਏ ਕਾਰਨ ਨਵੀਂ ਸਰਕਾਰ ਆਉਣ ਤੋਂ ਲੈ ਕੇ ਹੁਣ ਤੱਕ ਕਰੀਬ 25-30 ਵਾਰ ਵੱਖ-ਵੱਖ ਡਿਪੂ ਬੰਦ ਹੋ ਚੁੱਕੇ ਹਨ। ਇਸ ਕਾਰਨ ਵਿਭਾਗ ਨੂੰ ਲਗਾਤਾਰ ਆਰਥਿਕ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਭਾਗ ਕੋਲ ਲੋੜੀਂਦੇ ਫੰਡ ਹੋਣ ਦੀ ਗੱਲ ਕਹਿ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਦਿਨੋਂ-ਦਿਨ ਰੋਸ ਵਧਦਾ ਜਾ ਰਿਹਾ ਹੈ।
ਉੱਥੇ ਹੀ ਫ਼ਿਰੋਜ਼ਪੁਰ ਰੋਡਵੇਜ਼ ਡਿਪੂ ਵਿੱਚ ਕੰਡਕਟਰਾਂ ਦੀਆਂ 23 ਅਸਾਮੀਆਂ ਪਹਿਲਾਂ ਹੀ ਖਾਲੀ ਹਨ। ਇਸ ਦੇ ਬਾਵਜੂਦ ਫ਼ਿਰੋਜ਼ਪੁਰ ਤੋਂ 15 ਕੰਡਕਟਰਾਂ ਦੇ ਤਬਾਦਲੇ ਕਰ ਦਿੱਤੇ ਗਏ। ਬੱਸ ਮੁਲਜ਼ਮਾਂ ਨੇ ਕਿਹਾ ਕਿ ਇਸ ਨਾਲ ਫਿਰੋਜ਼ਪੁਰ ਡਿਪੂ ਦੇ ਰੂਟ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀ ਵਿਭਾਗ ਨੂੰ ਚਲਾਉਣ ਵੱਲ ਕੋਈ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਪੱਟੀ ਡਿਪੂ ਵਿੱਚ ਕੰਡਕਟਰਾਂ ਦੀ ਘਾਟ ਹੈ ਤਾਂ ਜਿਨ੍ਹਾਂ ਡਰਾਈਵਰਾਂ ਅਤੇ ਕੰਡਕਟਰਾਂ ਦੀ ਰਿਪੋਰਟ ਜਾਂ ਪੁੱਛਗਿੱਛ ਚੱਲ ਰਹੀ ਹੈ, ਉਨ੍ਹਾਂ ਨੂੰ ਮੌਕਾ ਦੇ ਕੇ ਪੱਟੀ ਭੇਜ ਦਿੱਤਾ ਜਾਵੇ। ਇਸ ਨਾਲ ਫਿਰੋਜ਼ਪੁਰ ਵਿੱਚ ਕੰਮਕਾਜ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਪੱਟੀ ਵਿੱਚ ਵੀ ਬੱਸਾਂ ਚਲਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ।
ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ ਪਰ ਸਰਕਾਰ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ ਅਤੇ ਹਰ ਫਰੰਟ 'ਤੇ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਪੰਜਾਬ ਦੀਆਂ ਸੜਕਾਂ ਨੂੰ ਬੰਦ ਕਰਨ ਦੇ ਨਾਲ-ਨਾਲ ਟਰਾਂਸਪੋਰਟ ਮੰਤਰੀ ਪੰਜਾਬ, ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।