ਅੰਕੁਸ਼ ਮਹਾਜਨ, (29 ਨਵੰਬਰ, ਚੰਡੀਗੜ੍ਹ): ਚੰਡੀਗੜ੍ਹ ਪੁਲਿਸ ਨੇ ਅੱਜ ਇੱਕ ਵੱਡੇ ਗਰੋਹ ਦੇ ਦੋ ਮੈਂਬਰਾਂ ਸੁੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਪੁਲਿਸ ਨੂੰ ਹੁਣ ਤੱਕ 15 ਬੁਲਟ ਮੋਟਰਸਾਈਕਲ ਮਿਲੀਆਂ ਹਨ, ਇਹ ਸਾਰੀਆਂ ਬੁਲਟ ਮੋਟਰਸਾਈਕਲਾਂ ਚੰਡੀਗੜ੍ਹ ਦੇ ਥਾਣਾ 36, ਥਾਣਾ 39 ਅਤੇ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਤੋਂ ਚੋਰੀ ਕਰਕੇ ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵੇਚੀਆਂ ਜਾਂਦੀਆਂ ਸਨ।
ਮੁਲਜ਼ਮ ਸੁੰਦਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੋਵੇਂ ਚਚੇਰੇ ਭਰਾ ਹਨ ਅਤੇ ਉਹ ਚੰਡੀਗੜ੍ਹ ਵਿੱਚ ਨਹੀਂ ਰਹਿੰਦੇ ਸਗੋਂ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ ਰਾਤ ਵੇਲੇ ਇਨ੍ਹਾਂ ਚੋਰੀਆਂ ਨੂੰ ਅੰਜਾਮ ਦਿੰਦੇ ਸਨ। ਉਹ ਬੁਲਟ ਮੋਟਰਸਾਈਕਲ ਦਾ ਤਾਲਾ ਤੋੜ, ਇੱਥੋਂ ਗੱਡੀ ਚਲਾ ਕੇ ਤਰਨਤਾਰਨ ਅਤੇ ਫ਼ਿਰੋਜ਼ਪੁਰ ਲਿਜਾ ਉੱਥੇ ਵੇਚਦੇ ਸਨ।
ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਤਾਲਾ ਤੋੜਨ ਦੀ ਕਲਾ ਯੂ-ਟਿਊਬ ਤੋਂ ਸਿਖੀ ਅਤੇ ਉਹ ਨਸ਼ੇ ਦੇ ਆਦੀ ਵੀ ਹਨ। ਪੁਲਿਸ ਅਨੁਸਾਰ ਇਹ ਲੋਕ ਹੋਰ ਵੀ ਵਾਰਦਾਤਾਂ 'ਚ ਸ਼ਾਮਲ ਹੋ ਸਕਦੇ ਹਨ।
ਹੁਣ ਮੁੱਢਲੀ ਜਾਂਚ 'ਚ ਇਹ ਸਾਰੀ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਉਹ ਅਸਲ ਨੰਬਰ ਪਲੇਟ ਉਤਾਰ ਕੇ ਕੋਈ ਜਾਅਲੀ ਨੰਬਰ ਪਲੇਟ ਲਗਾ ਦਿੰਦੇ ਸਨ ਤੇ ਇੱਥੋਂ ਗੱਡੀ ਚਲਾਉਣ ਤੋਂ ਬਾਅਦ ਬੁਲਟ ਮੋਟਰਸਾਈਕਲ ਨੂੰ 20,000 ਕਿਸੇ ਨੂੰ 30,000 ਕਿਸੇ ਨੂੰ 40,000 'ਚ ਵੇਚ ਦਿੰਦੇ ਸਨ।
ਇਹ ਵੀ ਪੜ੍ਹੋ: ਰਾਸ਼ਟਰਪਤੀ ਦੀ ਆਮਦ ਦੌਰਾਨ ਹਵਾਈ ਅੱਡੇ ਨੇੜਲੇ ਇਲਾਕੇ ਨੂੰ ਐਲਾਨਿਆ ਨੋ ਫਲਾਇੰਗ ਜ਼ੋਨ
ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਬੁਲਟ ਮੋਟਰਸਾਈਕਲਾਂ ਦੀ ਬਹੁਤ ਮੰਗ ਹੈ, ਇਸ ਲਈ ਇਹ ਲੋਕ ਸਿਰਫ਼ ਬੁਲਟ ਮੋਟਰਸਾਈਕਲਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ ਅਤੇ ਇੱਥੋਂ ਚੋਰੀ ਕਰਕੇ ਫਿਰੋਜ਼ਪੁਰ ਵਿੱਚ ਵੇਚਦੇ ਸਨ।