ਕੈਨੇਡਾ ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੇ ਉਘੇ ਬਿਲਡਰ ਦਾ ਕਤਲ

ਕੈਨੇਡਾ ਤੋਂ ਮੰਦਭਾਗੀ ਖ਼ਬਰ ਹੈ। ਇਥੇ ਦਿਨ-ਦਿਹਾੜੇ ਉਘੇ ਭਾਰਤੀ ਬਿਲਡਰ ਅਤੇ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰਾਂ ਵੱਲੋਂ ਬਿਲਡਰ ਬੂਟਾ ਸਿੰਘ ਗਿੱਲ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ 'ਤੇ ਕਈ ਵਾਰ ਕੀਤੇ ਗਏ, ਜਿਸ ਦੌਰਾਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।
ਘਟਨਾ ਅਲਬਰਟਾ ਸੂਬੇ ਵਿੱਚ ਮਿਲਵੁੱਡ ਰੀਕ ਸੈਂਟਰ ਨੇੜੇ ਗਿੱਲ ਦੇ ਕਾਰੋਬਾਰ ਨਾਲ ਜੁੜੀ ਇੱਕ ਉਸਾਰੀ ਵਾਲੀ ਥਾਂ 'ਤੇ ਵਾਪਰੀ। ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ, ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਿਵਲ ਇੰਜਨੀਅਰ ਸਰਬਜੀਤ ਸਿੰਘ, ਜਿਸ ਨੂੰ ਇਸ ਘਟਨਾ ਵਿੱਚ ਵੀ ਗੋਲੀ ਲੱਗੀ ਸੀ, ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਮੁਢਲੀਆਂ ਰਿਪੋਰਟਾਂ ਅਨੁਸਾਰ, ਝਗੜੇ ਦੌਰਾਨ ਉਸਾਰੀ ਵਾਲੀ ਥਾਂ 'ਤੇ 3 ਵਿਅਕਤੀ ਮੌਜੂਦ ਸਨ। ਸਿੱਟੇ ਵਜੋਂ ਇੱਕ ਭਾਰਤੀ ਮੂਲ ਦੇ ਉਸਾਰੀ ਕਰਮਚਾਰੀ ਨੇ ਆਪਣੀ ਜਾਨ ਲੈਣ ਤੋਂ ਪਹਿਲਾਂ ਬਿਲਡਰ ਅਤੇ ਪ੍ਰਧਾਨ ਦੋਵਾਂ ਨੂੰ ਕਥਿਤ ਤੌਰ 'ਤੇ ਗੋਲੀ ਮਾਰ ਦਿੱਤੀ। ਹਾਲਾਂਕਿ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਜਿਸ ਦੀ ਜਾਂਚ ਜਾਰੀ ਹੈ।
ਬੂਟਾ ਸਿੰਘ ਗਿੱਲ ਨੇ ਪਹਿਲਾਂ ਵੀ ਦਰਜ ਕਰਵਾਈ ਸੀ ਸ਼ਿਕਾਇਤ
ਐਡਮੰਟਨ ਜਰਨਲ ਨੇ ਰਿਪੋਰਟ ਦਿੱਤੀ ਹੈ ਕਿ ਅਧਿਕਾਰੀਆਂ ਨੂੰ ਦੁਪਹਿਰ ਦੇ ਕਰੀਬ ਕੈਵਨਾਗ ਬੁਲੇਵਾਰਡ ਅਤੇ 30 ਐਵੇਨਿਊ ਐਸਡਬਲਯੂ ਵਿਖੇ ਅਪਰਾਧ ਸਥਾਨ 'ਤੇ ਬੁਲਾਇਆ ਗਿਆ ਸੀ। ਇੱਕ ਰਿਹਾਇਸ਼ੀ ਉਸਾਰੀ ਵਾਲੀ ਥਾਂ ਤੋਂ ਦੋ ਲਾਸ਼ਾਂ ਮਿਲੀਆਂ ਹਨ। ਪਤਾ ਲੱਗਾ ਹੈ ਕਿ ਬੂਟਾ ਸਿੰਘ ਗਿੱਲ ਨੇ ਇਸ ਤੋਂ ਪਹਿਲਾਂ ਵੀ 2-3 ਵਾਰ ਪੁਲਿਸ ਕੋਲ ਜਬਰੀ ਕਾਲਾਂ ਅਤੇ ਧਮਕੀਆਂ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਡਮਿੰਟਨ ਵਿੱਚ ਹੋਰ ਬਿਲਡਰਾਂ ਨੂੰ ਧਮਕੀਆਂ ਮਿਲਣ ਅਤੇ ਨਵੇਂ ਬਣੇ ਘਰਾਂ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਹਨ।