Punjab Budget Session : ਪੰਜਾਬ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ, ਰਾਜਪਾਲ ਦੇ ਭਾਸ਼ਣ ’ਤੇ ਟਿਕੀਆਂ ਸਾਰਿਆਂ ਦੀਆਂ ਨਜ਼ਰਾਂ

By  Ravinder Singh March 3rd 2023 08:31 AM -- Updated: March 3rd 2023 09:32 AM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸਭ ਤੋਂ ਪਹਿਲਾਂ ਸਵੇਰੇ 10 ਵਜੇ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ 'ਆਪ' ਦੇ ਸਾਰੇ 92 ਵਿਧਾਇਕ ਵਿਧਾਨ ਸਭਾ 'ਚ ਪਹੁੰਚਣਗੇ। ਫਿਰ ਰਾਜਪਾਲ ਦਾ ਸੰਬੋਧਨ ਹੋਵੇਗਾ ਅਤੇ ਸੈਸ਼ਨ ਦੀ ਕਾਰਵਾਈ ਅੱਗੇ ਵਧੇਗੀ। ਇਸ ਤੋਂ ਬਾਅਦ ਦੁਪਹਿਰ ਬਾਅਦ ਪੰਜਾਬ ਦੀਆਂ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।



ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਬਜਟ ਇਜਲਾਸ ਸਿਆਸੀ ਤਲਖ਼ ਮਾਹੌਲ ਦੌਰਾਨ ਅੱਜ ਸ਼ੁਰੂ ਹੋ ਰਿਹਾ ਹੈ ਜਿਹੜਾ 24 ਮਾਰਚ ਤੱਕ ਚੱਲੇਗਾ। ਇਸ ਵਾਰ ਬਜਟ ਸੈਸ਼ਨ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਐਤਕੀਂ ਇਜਲਾਸ ਮੁੱਖ ਮੰਤਰੀ ਅਤੇ ਰਾਜਪਾਲ ਦੇ ਸਬੰਧਾਂ ਵਿਚ ਬਣੀ ਸਿਆਸੀ ਖਟਾਸ ਦਰਮਿਆਨ ਹੋ ਰਿਹਾ ਹੈ।

ਐਤਕੀਂ ਜੀ-20 ਸੰਮੇਲਨ ਦੇ ਸਮਾਗਮਾਂ ਕਰਕੇ ਬਜਟ ਸੈਸ਼ਨ ਦੋ ਪੜਾਵਾਂ ਵਿਚ ਹੋਵੇਗਾ। ਪਹਿਲੇ ਪੜਾਅ ’ਚ 3 ਮਾਰਚ ਤੋਂ 11 ਮਾਰਚ ਤੱਕ ਸੈਸ਼ਨ ਚੱਲੇਗਾ ਅਤੇ ਮੁੜ 22 ਮਾਰਚ ਨੂੰ ਸਦਨ ਜੁੜੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 2023-24 ਵਰ੍ਹੇ ਦਾ ਬਜਟ 10 ਮਾਰਚ ਨੂੰ ਪੇਸ਼ ਕਰਨਗੇ। ਬਜਟ ਇਜਲਾਸ ਦਾ ਪਹਿਲਾ ਦਿਨ ਦਿਲਚਸਪ ਰਹਿਣ ਦੀ ਸੰਭਾਵਨਾ ਹੈ। 



ਸੀਐਮ ਭਗਵੰਤ ਮਾਨ ਇਸ ਬਜਟ ਨਾਲ ਸੂਬੇ ਦੇ ਅਗਲੇ ਸਾਲਾਂ ਦੇ ਵਿਕਾਸ ਦਾ ਮੈਪ ਦਿਖਾ ਕੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਗੇ। 'ਆਪ' ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਤੇ ਅਧੂਰੀਆਂ ਸਕੀਮਾਂ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ।

ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਵੀ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਘੜੀ ਹੈ। ਹਾਲਾਂਕਿ ਸਦਨ ਵਿਚ ਪਹਿਲੇ ਦਿਨ ਦਾ ਮਾਹੌਲ ਜ਼ਿਆਦਾ ਗਰਮ ਹੋਣ ਦੀ ਸੰਭਾਵਨਾ ਘੱਟ ਹੈ। ਕਿਉਂਕਿ ਰਾਜਪਾਲ ਦੇ ਭਾਸ਼ਣ ਅਤੇ ਫਿਰ ਵਿਛੜੀਆਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇਗੀ। ਸਦਨ ਦੀ ਸਰਗਰਮ ਕਾਰਵਾਈ ਅਤੇ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਦੋਸ਼-ਪੱਤਰ ਦਾ ਸਿਲਸਿਲਾ ਦੂਜੇ ਦਿਨ ਤੋਂ ਤੇਜ਼ ਹੋਣ ਦੀ ਸੰਭਾਵਨਾ ਹੈ।


ਬਜਟ ਵਿੱਚੋਂ ਕਿਸ ਖੇਤਰ ਦਾ ਕਿੰਨਾ ਵਿਕਾਸ

ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਵਿੱਤੀ ਸਾਲ 'ਚ ਕਿਹੜੇ-ਕਿਹੜੇ ਖੇਤਰਾਂ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾਵੇਗਾ। ਰਾਜ ਸਰਕਾਰ ਵੱਲੋਂ ਲੋਕ ਭਲਾਈ ਲਈ ਕਿਸ ਖੇਤਰ ਦੇ ਵਿਕਾਸ ਅਤੇ ਮਜ਼ਬੂਤੀ ਲਈ ਕਿੰਨਾ ਫੰਡ ਰਾਖਵਾਂ ਰੱਖਿਆ ਜਾਵੇਗਾ। ਪੰਜਾਬ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੀਆਂ ਨਜ਼ਰਾਂ ਵੀ ਇਸ ਪਾਸੇ ਹੀ ਰਹਿਣਗੀਆਂ।

ਹਾਲਾਂਕਿ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ 'ਆਪ' ਸਿੱਖਿਆ, ਸਿਹਤ ਅਤੇ ਰੁਜ਼ਗਾਰ ਨੂੰ ਪਹਿਲ ਦੇ ਰਹੀ ਹੈ ਪਰ ਮੌਜੂਦਾ ਸਮੇਂ 'ਚ ਪੰਜਾਬ ਸਰਕਾਰ ਸਾਹਮਣੇ ਅਮਨ-ਕਾਨੂੰਨ ਨੂੰ ਕਾਇਮ ਰੱਖਣਾ ਵੱਡੀ ਚੁਣੌਤੀ ਬਣੀ ਹੋਈ ਹੈ। ਪੰਜਾਬ ਵਿਚ ਵਾਪਰ ਰਹੇ ਘਟਨਾਕ੍ਰਮ ਸਮੇਤ ਸਰਹੱਦੀ ਖੇਤਰਾਂ ਵਿੱਚੋਂ ਨਸ਼ਿਆਂ, ਡਰੋਨਾਂ ਅਤੇ ਹਥਿਆਰਾਂ ਦੀ ਤਸਕਰੀ ਵੀ ਇੱਕ ਵੱਡਾ ਵਿਸ਼ਾ ਹੈ।

ਇਹ ਵੀ ਪੜ੍ਹੋ : Sushmita Sen Suffers Heart Attack: ਅਦਾਕਾਰਾ ਸੁਸ਼ਮਿਤਾ ਸੇਨ ਨੂੰ ਆਇਆ Heart Attack !

ਕਰੀਬ 7 ਮਹੀਨੇ ਪਹਿਲਾਂ 'ਆਪ' ਪੰਜਾਬ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਉਸ ਸਮੇਂ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ 'ਚ 2022-23 ਲਈ ਇਕ ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਖਰਚੇ ਦਾ ਅਨੁਮਾਨ ਲਗਾਇਆ ਸੀ, ਜੋ ਕਿ ਸਾਲ 2021-22 ਦੇ ਮੁਕਾਬਲੇ 14 ਫੀਸਦੀ ਵੱਧ ਹੈ। ਹਾਲਾਂਕਿ 'ਆਪ' ਵੱਲੋਂ ਉਸ ਸਮੇਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਕੁਝ ਵਾਅਦਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ।

Related Post