ਗੁਰਦੁਆਰਾ ਸਾਹਿਬ 'ਚ ਗੋਲਕਾਂ ਤੇ ਦਫ਼ਤਰਾਂ ਦੇ ਜਿੰਦਰੇ ਤੋੜਨੇ ਸਿੱਖ ਕੌਮ ਦੇ ਇਤਿਹਾਸ 'ਚ ਕਾਲਾ ਦਿਨ: ਸੁਖਬੀਰ ਸਿੰਘ ਬਾਦਲ

By  Pardeep Singh February 20th 2023 06:32 PM

ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿਚ ਗੁਰਦੁਆਰਾ ਸਾਹਿਬ ਵਿਚ ਗੋਲਕਾਂ ਤੇ ਦਫਤਰਾਂ ਦੇ ਤਾਲੇ ਤੋੜਨ ਨੂੰ ਸਿੱਖ ਇਤਿਹਾਸ ਵਿਚ ਕਾਲਾ ਦਿਨ ਕਰਾਰ ਦਿੱਤਾ ਹੈ ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਚ ਸ਼ਰਧਾਲੂਆਂ ਤੇ ਪ੍ਰਬੰਧਕਾਂ ਨਾਲ ਪੁਲਿਸ ਦੀ ਧੱਕਾਮੁੱਕੀ ਨੁੰ ਬੇਹੱਦ ਨਿੰਦਣਯੋਗ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਹਰਿਆਣਾ ਵਿਚਲੇ ਸਾਰੇ ਗੁਰਧਾਮਾਂ ਨੂੰ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲਿਆਉਣ ਵਾਸਤੇ ਸੰਘਰਸ਼ ਕਰਦਾ ਰਹੇਗਾ।

ਕੁਰੂਕਸ਼ੇਤਰ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਚ ਗੋਲਕਾਂ ਤੇ ਦਫਤਰਾਂ ਦੇ ਤਾਲੇ ਤੋੜ ਕੇ ਧੱਕੇ ਨਾਲ ਕਬਜ਼ੇ ’ਤੇ ਸ਼ਖਤ ਪ੍ਰਤੀਕਰਮ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਸ਼ਰਧਾਲੂਆਂ ਤੇ ਗੁਰਦੁਆਰਾ ਪ੍ਰਬੰਧਕਾਂ ਦੇ ਖਿਲਾਫ ਪੁਲਿਸ ਦੀ ਧੱਕੇਸ਼ਾਹੀ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਹਿਰਾਸਤ ਵਿਚ ਲੈਣ ਦੇ ਹੁਕਮ ਜਾਰੀ ਕਰਨ ’ਤੇ ਹਰਿਆਣਾ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ।

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦਾ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਮਸ਼ਵਰਾ ਕਰ ਕੇ ਭਲਕੇ ਕੁਰੂਕਸ਼ੇਤਰ ਦਾ ਦੌਰਾ ਕਰੇਗਾ ਅਤੇ ਹਾਲਾਤ ਦਾ ਜਾਇਜ਼ਾ ਲਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਿੱਖ ਕੌਮ ਨਾਲ ਹੋਏ ਅਨਿਆਂ ਨੂੰ ਦਰੁੱਸਤ ਕਰਨ ਵਾਸਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

 ਬਾਦਲ ਨੇ ਮੌਜੂਦਾ ਹਾਲਾਤਾਂ ਲਈ ਹਰਿਆਣਾ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਤੋੜਨ ਦਾ ਕੰਮ ਕੀਤਾ ਤੇ ਫਿਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕਰ ਕੇ ਗੁਰਦੁਆਰਾ ਸਾਹਿਬਾਨ ਦਾ ਕੰਟਰੋਲ ਮਹੰਤਾਂ ਦੇ ਹੱਥ ਦੇ ਦਿੱਤਾ। ਉਹਨਾਂ ਕਿਹਾ ਕਿ ਹੁਣ ਆਖਰੀ ਪੜਾਅ ਵਿਚ ਗੋਲਕਾਂ ਤੇ ਗੁਰਦੁਆਰਾ ਦਫਤਰਾਂ ਦੇ ਤਾਲੇ ਤੋੜ ਕੇ ਜ਼ਬਰੀ ਕਬਜ਼ਾ ਕੀਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਕਾਲੀ ਦਲ ਵੱਲੋਂ ਕੁਝ ਨਾ ਕਰਨ ਦੇ ਬਿਆਨ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਆਪ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਮੂਰਖ ਬਣ ਕੇ ਪੰਜਾਬੀਆਂ  ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਇਕ ਸਥਾਪਿਤ ਸੱਚਾਈ ਹੈ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜਿਸਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਜੀਦਗੀ ਨਾਲ ਕੰਮ ਕੀਤਾ। ਉਹਨਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੋਕਣ ਤੋਂ ਲੈ ਕੇ ਬੰਦੀ ਸਿੰਘਾਂ ਵਾਸਤੇ ਪੈਰੋਲ ਲੈਣ ਤੱਕ ਤੇ ਬੰਦੀ ਸਿੰਘਾਂ ਨੂੰ ਚੰਗੀਆਂ ਸਹੂਲਤਾਂ ਵਾਸਤੇ ਪੰਜਾਬ ਦੀਆਂ ਜੇਲ੍ਹਾਂ ਵਿਚ ਲਿਆਉਣ ਤੱਕ ਸਭ ਕੁਝ ਅਕਾਲੀ ਦਲ ਦੇ ਸੰਘਰਸ਼ ਸਦਕਾ ਹੋਇਆ।

ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਇਸ ਮਾਮਲੇ ’ਤੇ ਅਨੇਕਾਂ ਵਾਰ ਰਾਸ਼ਟਰਪਤੀ ਤੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਤੇ 2019 ਵਿਚ ਸਫਲਤਾਪੂਰਵਕ ਨੋਟੀਫਿਕੇਸ਼ਨ ਕਰਵਾਇਆ ਜਿਸ ਰਾਹੀਂ ਬੰਦੀ ਸਿੰਘਾਂ ਨੂੰ ਰਿਹਾਅ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਸੰਸਦ ਦੇ ਅੰਦਰ ਤੇ ਬਾਹਰ ਬੰਦੀ ਸਿੰਘਾਂ ਵਾਸਤੇ ਰੋਸ ਮੁਜ਼ਾਹਰੇ ਕੀਤੇ ਕਿਉਂਕਿ ਉਹਨਾਂ ਲਈ ਸੰਘਰਸ਼ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਕਠਪੁਤਲੀ ਭਗਵੰਤ ਮਾਨ ਨੂੰ ਜਾ ਕੇ ਚੈਕ ਕਰਨਾ ਚਾਹੀਦਾ ਹੈ ਕਿ ਜਿਸਨੇ 312 ਸਿੱਖਾਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਵਾਏ ਅਤੇ ਕਿਸਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਤੇਹੋਰਨਾਂ  ਨੂੰ ਸਲਾਖਾਂ ਪਿੱਛੇ ਭੇਜਣਾ ਯਕੀਨੀ ਬਣਾਇਆ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਬੋਲਦਿਆਂ ਉਹਨਾਂ ਨੂੰ ਆਖਿਆਕਿ  ਉਹ ਸਿੱਖ ਪੰਥ ਨੂੰ ਦੱਸਣ ਕਿ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪਟੀਸ਼ਨ ਛੇ ਵਾਰ ਕਿਉਂ ਠੁਕਰਾਈ ਅਤੇ ਉਹਨਾਂ ਨੇ ਆਪ ਇਹ ਸਿਫਾਰਸ਼ ਕਿਉਂ ਕੀਤੀ ਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸ਼ੈਤਾਨੀ ਦਿਮਾਗ ਮਾਲਕਹਨ।  

ਬਾਦਲ ਨੇ ਮੁੱਖ ਮੰਤਰੀ ਵੱਲੋਂ 40 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਣ ਤੇ 2.5 ਲੱਖ ਨੌਕਰੀਆਂ 10 ਮਹੀਨਿਆਂ ਵਿਚ ਦੇਣ ਦਾ ਝੂਠਾ ਦਾਅਵਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਆਪਣੇ ਝੂਠ ਦੇ ਪ੍ਰਚਾਰ ਤੇ ਪਸਾਰ ਵਾਸਤੇ ਰੋਜ਼ਾਨਾ ਕਰੋੜਾਂ ਰੁਪਏ ਜਨਤਾ ਦਾ ਪੈਸਾ ਬਰਬਾਦ ਕਰਨ ਲਈ ਵੀ ਜ਼ਿੰਮੇਵਾਰ ਹੈ।

ਉਨ੍ਹਾਂ ਨੇ  ਕਿਹਾ ਕਿ ਕਸ਼ਮੀਰਤੋਂ  ਕੰਨਿਆ ਕੁਮਾਰੀ ਤੱਕ ਅਖ਼ਬਾਰ ਪੰਜਾਬ ਸਰਕਾਰ ਦੇ ਝੂਠੇ ਇਸ਼ਤਿਹਾਰਾਂ ਨਾਲ ਭਰੇ ਹੋਏ ਹਨ। ਉਹਨਾਂ ਕਿਹਾ ਕਿਆਪ  ਸਰਕਾਰ ਦੇਸ਼ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਇਸ਼ਤਿਹਾਰਾਂ ਰਾਹੀਂ ਜਨਤਾ ਦਾ ਕਰੋੜਾਂ ਰੁਪਏ ਬਰਬਾਦ ਕਰਰਹੇ  ਹਨ। ਉਹਨਾਂ ਕਿਹਾ ਕਿ ਦਿਨ ਦੂਰ ਨਹੀਂ ਜਦੋਂ ਆਪ ਲੀਡਰਸ਼ਿਪ ਨੂੰ ਜਨਤਾ ਦੇ ਪੈਸੇ ਨੁੰ ਵਾਪਸ ਕਰਨਾ ਪਵੇਗਾ।

ਉਨ੍ਹਾਂ ਨੇ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਦੇ ਰਿਸ਼ਵਤ ਦੇ 4 ਲੱਖ ਰੁਪਏ ਸਮੇਤ ਫੜੇ ਜਾਣ ਦੇ ਬਾਵਜੂਦ ਉਹਨਾਂ ਖਿਲਾਫ ਕਾਰਵਾਈ ਨਾ ਕਰਨ ਦੀ ਨਿਖੇਧੀ ਕੀਤੀ। ਉਹਨਾਂ ਨੇ ਅਮਰਜੀਤ ਮਹਿਤਾ ਨੂੰ ਪੀ ਸੀ ਏ ਦਾ ਪ੍ਰਧਾਨ ਬਣਾਉਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਆਬਕਾਰੀ ਤੇ ਕਰ ਵਿਭਾਗ ਦਾ ਵੱਡਾ ਟੈਕਸ ਡਿਫਾਲਟਰ ਹੈ ਜੋ ਅਨੇਕਾਂ ਭ੍ਰਿਸ਼ਟ ਕੰਮਾਂ ਵਿਚ ਲੱਗਾ ਹੈ।

Related Post