ਮਿਹਨਤ ਨੂੰ ਪਿਆ ਬੂਰ, ਦਿਹਾੜੀਦਾਰ ਦਾ ਪੁੱਤ ਬਣੇਗਾ ਡਾਕਟਰ !
ਬਠਿੰਡਾ : ਬਠਿੰਡਾ ਦੇ ਪਿੰਡ ਜੱਜਲ ਦਾ ਇੱਕ ਨੌਜਵਾਨ ਬੋਹੜ ਦਾਸ ਜਿਸ ਨੇ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿੱਚ ਮੈਡੀਕਲ ਦੀ ਪੜ੍ਹਾਈ ਕੀਤੀ ਅਤੇ ਹੁਣ ਮੈਡੀਕਲ ਕਾਲਜ ਪਟਿਆਲਾ ਵਿਖੇ ਐਮਬੀਬੀਐੱਸ ਲਈ ਚੁਣਿਆ ਗਿਆ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਫ਼ਤਰ ਵਿੱਚ ਆਪਣੇ ਪਿਤਾ ਗੁਰਦਾਸ ਸਿੰਘ ਨਾਲ ਪਹੁੰਚਿਆ। ਇਸ ਮੌਕੇ ਡੀਸੀ ਨੇ ਵਿਦਿਆਰਥੀ ਬੋਹੜ ਦਾਸ ਨੂੰ ਚਾਹ ਪਾਰਟੀ ਕੀਤੀ ਅਤੇ ਹੌਂਸਲਾ ਵੀ ਦਿੱਤਾ। ਡੀਸੀ ਨੇ ਬੋਹੜ ਦਾਸ ਨੂੰ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨ ਦਾ ਭਰੋਸਾ ਵੀ ਦਿੱਤਾ।
ਬੋਹੜ ਦਾਸ ਦੇ ਪਿਤਾ ਗੁਰਦਾਸ ਸਿੰਘ ਨੇ ਦੱਸਿਆ ਕਿ ਮੈਂ ਜੱਜਲ ਪਿੰਡ ਵਿੱਚ ਇੱਕ ਗ਼ਰੀਬ ਵਿਅਕਤੀ ਹਾਂ ਅਤੇ ਲੋਕਾਂ ਦੇ ਖੇਤਾਂ ਵਿੱਚ ਦਿਹਾੜੀ ਦਾ ਕੰਮ ਕਰਦਾ ਹਾਂ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਮੇਰੇ ਪੰਜ ਬੱਚੇ ਹਨ ਜਿਨ੍ਹਾਂ ਵਿਚ ਤਿੰਨ ਲੜਕੀਆਂ ਅਤੇ ਦੋ ਲੜਕੇ ਹਨ ਅਤੇ ਇਹ ਮੇਰਾ ਵੱਡਾ ਪੁੱਤਰ ਹੈ ਜੋ ਸਕੂਲ ਵਿੱਚ ਹਮੇਸ਼ਾ ਅੱਵਲ ਆਉਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੜਕੇ ਨੂੰ ਮੈ ਬਹੁਤ ਮਿਹਨਤ ਨਾਲ ਪੜਾਇਆ ਹੈ। ਬੋਹੜਦਾਸ ਦੇ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਮੇਰਾ ਪੁੱਤਰ ਡਾਕਟਰ ਬਣਨ ਜਾ ਰਿਹਾ ਹੈ। ਉਨ੍ਹਾਂ ਨੇ ਬਠਿੰਡਾ ਦੇ ਡੀਸੀ ਦੀ ਧੰਨਵਾਦ ਕੀਤਾ।
ਵਿਦਿਆਰਥੀ ਬੋਹੜ ਦਾਸ ਦਾ ਕਹਿਣਾ ਹੈ ਕਿ ਮੈਂ ਆਪਣੀ ਮੈਡੀਕਲ ਦੀ ਪੜ੍ਹਾਈ ਲਈ ਬਹੁਤ ਮਿਹਨਤ ਕੀਤੀ ਅਸੀਂ ਘਰੋਂ ਬਹੁਤ ਗ਼ਰੀਬ ਹਾਂ ਇਸ ਲਈ ਮੈਨੂੰ ਹੋਰ ਮਿਹਨਤ ਕਰਨੀ ਪਈ। ਉਨ੍ਹਾਂ ਨੇ ਦੱਸਿਆ ਹੈ ਕਿ ਮੇਰਾ ਦਾਖਲਾ ਐੱਮਬੀਬੀਐੱਸ ਵਿੱਚ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿਖੇ ਹੋਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਡੀਸੀ ਹਮੇਸ਼ਾ ਸਾਡੀ ਮਦਦ ਕਰਦੇ ਰਹਿੰਦੇ ਹਨ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਹੈ ਕਿ ਇਸ ਬੱਚੇ ਨੇ ਬਹੁਤ ਮਿਹਨਤ ਕੀਤੀ ਅਤੇ ਇਸ ਦੀ ਪੜ੍ਹਾਈ ਕਰਕੇ ਹੀ ਇਹ ਅੱਗੇ ਆਇਆ ਹੈ ਜਦ ਮੈਨੂੰ ਪਤਾ ਲੱਗਿਆ ਕਿ ਇਹ ਬੱਚਾ ਬਹੁਤ ਗ਼ਰੀਬ ਹੈ ਅਤੇ ਇਸ ਨੂੰ ਮਦਦ ਦੀ ਜ਼ਰੂਰਤ ਹੈ ਤਾਂ ਮੈਂ ਆਪਣੇ ਤੌਰ ਉੱਤੇ ਹੀ ਇਸ ਦੀ ਮਦਦ ਕੀਤੀ।