CM ਮਾਨ ਦੀ ਰਿਹਾਇਸ਼ ਕੋਲ ਕਿਵੇਂ ਪਹੁੰਚਿਆ ਬੰਬ, ਸੱਚ ਆਇਆ ਸਾਹਮਣੇ

ਚੰਡੀਗੜ੍ਹ ਪੁਲਿਸ ਦੀ ਐੱਸ.ਐੱਸ.ਪੀ ਮਨੀਸ਼ਾ ਚੌਧਰੀ ਨੇ ਦੱਸਿਆ ਕਿ ਸੋਮਵਾਰ ਨੂੰ ਸੈਕਟਰ 2 ਸਥਿਤ ਰਾਜਿੰਦਰਾ ਪਾਰਕ ਤੋਂ ਜਿਹੜਾ ਬੰਬ ਮਿਲਿਆ ਉਹ ਐਕਟਿਵ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸਦੀ ਵਰਤੋਂ ਬਹੁਤ ਪਹਿਲਾਂ ਫੌਜ ਦੁਆਰਾ ਕੀਤੀ ਜਾਂਦੀ ਸੀ।

By  Jasmeet Singh January 4th 2023 06:08 PM -- Updated: January 4th 2023 06:10 PM

ਚੰਡੀਗੜ੍ਹ, 4 ਜਨਵਰੀ: ਚੰਡੀਗੜ੍ਹ ਪੁਲਿਸ ਦੀ ਐੱਸ.ਐੱਸ.ਪੀ ਮਨੀਸ਼ਾ ਚੌਧਰੀ ਨੇ ਦੱਸਿਆ ਕਿ ਸੋਮਵਾਰ ਨੂੰ ਸੈਕਟਰ 2 ਸਥਿਤ ਰਾਜਿੰਦਰਾ ਪਾਰਕ ਤੋਂ ਜਿਹੜਾ ਬੰਬ ਮਿਲਿਆ ਉਹ ਐਕਟਿਵ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸਦੀ ਵਰਤੋਂ ਬਹੁਤ ਪਹਿਲਾਂ ਫੌਜ ਦੁਆਰਾ ਕੀਤੀ ਜਾਂਦੀ ਸੀ। ਇਹ ਤੱਥ ਚੰਡੀਮੰਦਰ ਆਰਮੀ ਦੀ ਬੰਬ ਡਿਸਪੋਜ਼ਲ ਟੀਮ ਵੱਲੋਂ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਬੰਬ ਭਾਰਤ ਵਿੱਚ ਹੀ ਇੱਕ ਫੈਕਟਰੀ ਵਿੱਚ ਬਣਾਇਆ ਗਿਆ ਸੀ। ਹੁਣ ਇਸ ਤਰ੍ਹਾਂ ਦੇ ਬੰਬਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅੱਗੇ ਉਨ੍ਹਾਂ ਦੱਸਿਆ ਕਿ ਇਹ ਬੰਬ ਆਪਣੀ ਫਟਣ ਵਾਲਾ ਵੀ ਨਹੀਂ ਸੀ।

ਇਹ ਵੀ ਪੜ੍ਹੋ: SYL ’ਤੇ ਪੰਜਾਬ ਤੇ ਹਰਿਆਣਾ ਵਿਚਾਲੇ ਮੀਟਿੰਗ ਰਹੀ ਬੇਸਿੱਟਾ, ਜਾਣੋ ਪੂਰਾ ਮਾਮਲਾ

ਰਾਜਿੰਦਰਾ ਪਾਰਕ ਵਿੱਚ ਇਸ ਬੰਬ ਦੀ ਆਮਦ ਬਾਰੇ ਉਨ੍ਹਾਂ ਕਿਹਾ ਕਿ ਅਜਿਹੇ ਬੰਬਾਂ ਦੀ ਵਰਤੋਂ ਅਕਸਰ ਫੌਜ ਦੇ ਸਿਖਲਾਈ ਕੈਂਪ ਦੌਰਾਨ ਕੀਤੀ ਜਾਂਦੀ ਹੈ। ਬਾਅਦ ਵਿੱਚ ਜਦੋਂ ਇਨ੍ਹਾਂ ਦੀ ਵਰਤੋਂ ਨਹੀਂ ਹੁੰਦੀ ਤਾਂ ਟੈਂਡਰ ਕੱਢ ਕੇ ਅੱਗੇ ਸਕਰੈਪ ਵਿੱਚ ਵੇਚ ਦਿੱਤੇ ਜਾਂਦੇ ਹਨ। ਅਜਿਹੇ 'ਚ ਕਿਸੇ ਨੇ ਘਬਰਾਹਟ 'ਚ ਇਸ ਨੂੰ ਇੱਥੇ ਸੁੱਟ ਦਿੱਤਾ ਹੋ ਸਕਦਾ ਹੈ। 

ਐੱਸ.ਐੱਸ.ਪੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਦੇ ਬਾਵਜੂਦ ਚੰਡੀਗੜ੍ਹ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਸੋਮਵਾਰ ਨੂੰ ਇਹ ਬੰਬ ਸੀ.ਐੱਮ ਪੰਜਾਬ ਭਗਵੰਤ ਮਾਨ ਦੀ ਕੋਠੀ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ 'ਤੇ ਮਿਲਿਆ ਸੀ। ਜਿਸ ਤੋਂ ਬਾਅਦ ਇਸ ਨੂੰ ਰੇਤ ਦੀਆਂ ਬੋਰੀਆਂ ਵਿਚਕਾਰ ਇੱਕ ਡਰੰਮ ਵਿੱਚ ਢੱਕ ਕੇ ਰੱਖਿਆ ਗਿਆ। ਫੌਜ ਦੀ ਟੀਮ ਮੰਗਲਵਾਰ ਸਵੇਰੇ ਚੰਡੀਮੰਦਰ ਤੋਂ ਪਹੁੰਚੀ ਅਤੇ ਬੰਬ ਨੂੰ ਜਾਂਚ ਲਈ ਆਪਣੇ ਨਾਲ ਲੈ ਗਈ।

ਸੰਦੀਪ ਸਿੰਘ ਮਾਮਲੇ ਵਿੱਚ ਐੱਸ.ਐੱਸ.ਪੀ ਦਾ ਬਿਆਨ 

ਸੰਦੀਪ ਸਿੰਘ ਦੇ ਮਾਮਲੇ 'ਚ ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਇਕ ਬੈਠਕ ਕੀਤੀ ਗਈ ਹੈ, ਜਿਸ 'ਚ ਡੀ.ਐੱਸ.ਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਸੀਨ ਆਫ ਕ੍ਰਾਈਮ ਮੁੜ ਦੋਹਰਾਇਆ ਗਿਆ ਅਤੇ ਬਿਆਨ ਵੀ ਦਰਜ ਕੀਤੇ ਗਏ। ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਦੇ ਆਧਾਰ 'ਤੇ ਫੈਸਲਾ ਲਿਆ ਜਾਵੇਗਾ।

- ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ 

Related Post