ਗੁਰੂਗ੍ਰਾਮ ਪੁਲਿਸ ਨੂੰ ਨਹਿਰ 'ਚੋਂ ਬਰਾਮਦ ਹੋਈ ਦਿਵਿਆ ਪਾਹੂਜਾ ਦੀ ਲਾਸ਼

By  Jasmeet Singh January 13th 2024 11:31 AM

Divya Pahuja Murder Case: ਗੁਰੂਗ੍ਰਾਮ ਪੁਲਿਸ (Gurugram Police) ਦੀ ਇਕ ਟੀਮ ਨੇ ਸ਼ਨਿੱਚਰਵਾਰ ਨੂੰ 27 ਸਾਲਾ ਸਾਬਕਾ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਬਰਾਮਦ ਕਰ ਲਈ ਹੈ, ਜਿਸ ਦਾ 3 ਜਨਵਰੀ ਨੂੰ ਗੁਰੂਗ੍ਰਾਮ ਦੇ ਇਕ ਹੋਟਲ 'ਚ ਸ਼ੱਕੀ ਹਾਲਾਤਾਂ 'ਚ ਕਤਲ ਕਰ ਦਿੱਤਾ ਗਿਆ ਸੀ। 

ਪਾਹੂਜਾ ਦੀ ਲਾਸ਼ ਹਰਿਆਣਾ ਦੇ ਟੋਹਾਣਾ 'ਚ ਨਹਿਰ 'ਚੋਂ ਬਰਾਮਦ ਹੋਈ ਹੈ। ਗੁਰੂਗ੍ਰਾਮ ਪੁਲਿਸ ਮੁਤਾਬਕ ਪਾਹੂਜਾ ਦੀ ਲਾਸ਼ ਦੀ ਫੋਟੋ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭੇਜੀ ਗਈ ਸੀ, ਜਿਨ੍ਹਾਂ ਨੇ ਉਸ ਦੀ ਲਾਸ਼ ਦੀ ਪਛਾਣ ਕਰ ਲਈ ਹੈ। ਗੁਰੂਗ੍ਰਾਮ ਪੁਲਿਸ ਦੀਆਂ ਛੇ ਟੀਮਾਂ ਨੂੰ ਪਾਹੂਜਾ ਦੀ ਲਾਸ਼ ਬਰਾਮਦ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੰਜਾਬ ਪੁਲਿਸ ਦੀਆਂ ਵੀ ਕਈ ਟੀਮਾਂ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ) ਦੀ 25 ਮੈਂਬਰੀ ਟੀਮ ਨੂੰ ਵੀ ਉਸ ਦੀ ਲਾਸ਼ ਨੂੰ ਬਰਾਮਦ ਕਰਨ ਲਈ ਸ਼ਾਮਲ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਪੁਲਿਸ ਨੂੰ ਇਸ ਮਾਮਲੇ ਵਿਚ ਵੱਡੀ ਲੀਡ ਉਦੋਂ ਮਿਲੀ ਜਦੋਂ ਇਸ ਮਾਮਲੇ ਦੇ ਇਕ ਮੁਲਜ਼ਮ ਬਲਰਾਜ ਗਿੱਲ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਨੇ ਪਾਹੂਜਾ ਦੀ ਲਾਸ਼ ਨੂੰ ਹਰਿਆਣਾ ਦੇ ਟੋਹਾਣਾ ਵਿਚ ਇਕ ਨਹਿਰ ਵਿਚ ਸੁੱਟ ਦਿੱਤਾ ਸੀ।

ਕਤਲ ਦੇ 11 ਦਿਨ ਬਾਅਦ ਮਿਲੀ ਲਾਸ਼

ਗੁਰੂਗ੍ਰਾਮ ਪੁਲਿਸ ਨੂੰ ਦਿਵਿਆ ਪਾਹੂਜਾ ਕਤਲ ਕੇਸ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਦਿਵਿਆ ਦੀ ਲਾਸ਼ ਦੀ ਭਾਲ ਕਰ ਰਹੀ ਪੁਲਿਸ ਨੇ ਆਖਿਰਕਾਰ ਲਾਸ਼ ਬਰਾਮਦ ਕਰ ਲਈ ਹੈ। ਪੁਲਿਸ ਨੂੰ ਦਿਵਿਆ ਦੀ ਹੱਤਿਆ ਦੇ 11 ਦਿਨ ਬਾਅਦ ਲਾਸ਼ ਮਿਲੀ ਹੈ। ਲਾਸ਼ ਦੀ ਭਾਲ ਲਈ ਐਨਡੀਆਰਐਫ ਦੀ 25 ਮੈਂਬਰੀ ਟੀਮ ਪਟਿਆਲਾ ਪਹੁੰਚੀ ਸੀ। ਪਰ ਉਸ ਦੀ ਲਾਸ਼ ਹਰਿਆਣਾ ਦੀ ਟੋਹਾਣਾ ਨਹਿਰ ਵਿੱਚੋਂ ਬਰਾਮਦ ਹੋਈ। ਲਾਸ਼ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਦਿਵਿਆ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਫੋਟੋ ਭੇਜੀ, ਜਿਸ ਨੂੰ ਦੇਖ ਕੇ ਉਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ।

ਜਾਣੋ ਕੀ ਹੈ ਪੂਰਾ ਮਾਮਲਾ?

ਗੁਰੂਗ੍ਰਾਮ 'ਚ ਇਕ ਮਾਡਲ ਅਚਾਨਕ ਲਾਪਤਾ ਹੋ ਜਾਂਦੀ ਹੈ। ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਗਈ। ਫਿਰ ਉਸ ਮਾਡਲ ਦੇ ਪਰਿਵਾਰਕ ਮੈਂਬਰ ਪੁਲਿਸ ਨੂੰ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੰਦੇ ਹਨ। ਜਦੋਂ ਪੁਲਿਸ ਲਾਪਤਾ ਮਹਿਲਾ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰਦੀ ਹੈ ਤਾਂ ਪਤਾ ਲੱਗਦਾ ਕਿ ਮਾਡਲ ਦਾ ਕਤਲ ਕਰ ਦਿੱਤਾ ਗਿਆ। ਇਸ ਮਾਡਲ ਦਾ ਨਾਮ ਦਿਵਿਆ ਪਾਹੂਜਾ ਪਤਾ ਲੱਗਦਾ। ਜਿਸ ਦੀ ਲਾਸ਼ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ਤੋਂ ਮਿਲੀ ਹੈ। ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਇਸ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। 

ਹੋਟਲ ਮਾਲਕ ਅਭਿਜੀਤ 'ਤੇ ਮਾਡਲ ਦਿਵਿਆ ਪਾਹੂਜਾ ਦੇ ਕਤਲ ਦਾ ਇਲਜ਼ਾਮ ਲੱਗਿਆ ਹੈ। ਉਸ 'ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਕਤਲ ਕਰਨ ਦਾ ਇਲਜ਼ਾਮ ਹੈ। ਲਾਸ਼ ਦੇ ਨਿਪਟਾਰੇ ਲਈ 10 ਲੱਖ ਰੁਪਏ ਦੇਣ ਦਾ ਵੀ ਇਲਜ਼ਾਮ ਲੱਗਿਆ ਹੈ। ਪੁਲਿਸ ਨੂੰ ਤਫਤੀਸ਼ ਦਰਮਿਆਨ ਹਾਸਿਲ ਹੋਈ ਸੀ.ਸੀ.ਟੀ.ਵੀ. 'ਚ ਅਭਿਜੀਤ ਦੇ ਹੋਟਲ ਦੇ ਦੋ ਕਰਮਚਾਰੀ ਹੀ ਦਿਵਿਆ ਦੀ ਲਾਸ਼ ਨੂੰ ਲਿਜਾਂਦੇ ਨਜ਼ਰ ਆਏ। ਅਭਿਜੀਤ ਦੀ ਨੀਲੇ ਰੰਗ ਦੀ BMW ਕਾਰ ਦੀ ਵਰਤੋਂ ਦਿਵਿਆ ਦੀ ਲਾਸ਼ ਦੇ ਨਿਪਟਾਰੇ ਲਈ ਕੀਤੀ ਗਈ ਸੀ। ਦੱਸ ਦੇਈਏ ਕਿ ਇਹ BMW ਕਾਰ ਪਟਿਆਲਾ ਦੇ ਬੱਸ ਸਟੈਂਡ ਤੋਂ ਬਰਾਮਦ ਹੋਈ। ਇਸ ਗੱਡੀ ਨੂੰ ਮੁਲਜ਼ਮ ਪਟਿਆਲਾ ਦੇ ਬੱਸ ਅੱਡੇ 'ਤੇ ਛੱਡ ਭੱਜ ਗਏ ਜਾਂ ਫਿਰ ਕੀ ਹੋਇਆ ਇਸਦੀ ਹੁਣ ਪੁਲਿਸ ਤਫਤੀਸ਼ ਕਰ ਰਹੀ ਹੈ। 

ਸੀ.ਸੀ.ਟੀ.ਵੀ. ਫੁਟੇਜ ਵਿੱਚ ਦਿਖਾਈ ਦੇ ਰਹੇ ਤਿੰਨ ਵਿਅਕਤੀ 

ਇਸ ਕਤਲ ਨਾਲ ਸਬੰਧਤ ਪੁਲਿਸ ਕੋਲ ਜਿਹੜੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਫੁਟੇਜ ਵਿੱਚ ਦਿਵਿਆ, ਅਭਿਜੀਤ ਅਤੇ ਇੱਕ ਹੋਰ ਵਿਅਕਤੀ ਹੋਟਲ ਰਿਸੈਪਸ਼ਨ ਵਿੱਚ ਮੌਜੂਦ ਹਨ। ਜਿੱਥੋਂ ਉਹ ਰਿਸੈਪਸ਼ਨਿਸਟ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਤਿੰਨੋਂ ਕਮਰੇ ਨੰਬਰ 111 ਵਿੱਚ ਚਲੇ ਜਾਂਦੇ ਹਨ। ਫਿਰ 2 ਤਰੀਕ ਨੂੰ ਅਭਿਜੀਤ ਅਤੇ ਉਸ ਦੇ ਦੋ ਸਾਥੀ ਦਿਵਿਆ ਦੀ ਲਾਸ਼ ਨੂੰ ਚਾਦਰ ਵਿੱਚ ਲਪੇਟ ਕੇ ਖਿੱਚਦੇ ਹੋਏ ਦਿਖਾਈ ਦਿੰਦੇ ਹਨ। ਲਾਸ਼ ਨੂੰ ਚਾਦਰ 'ਚ ਢੱਕ ਕੇ ਕਾਰ ਦੇ ਟਰੰਕ 'ਚ ਪਾ ਦਿੱਤਾ ਜਾਂਦਾ। ਜਿਥੋਂ ਕਾਰ ਵਿੱਚ ਸਵਾਰ ਦੋ ਹੋਰ ਲੋਕ ਲਾਸ਼ ਦਾ ਨਿਪਟਾਰਾ ਕਰਨ ਲਈ ਚਲੇ ਜਾਂਦੇ ਹਨ।

'ਮੈਨੂੰ ਬਲੈਕਮੇਲ ਕਰ ਰਹੀ ਸੀ ਇਸ ਲਈ ਮਾਰ ਦਿੱਤਾ'

ਪੁਲਿਸ ਨੇ ਇਸ ਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਹੋਟਲ ਦਾ ਮਾਲਕ ਅਭਿਜੀਤ ਅਤੇ ਹੋਰ ਦੋ ਕਰਮਚਾਰੀ ਹਨ। ਪੁਲਿਸ ਦੀ ਪੁੱਛਗਿੱਛ ਦੌਰਾਨ ਅਭਿਜੀਤ ਨੇ ਦੱਸਿਆ ਕਿ ਉਸੇ ਨੇ ਦਿਵਿਆ ਦਾ ਗੋਲੀ ਮਾਰ ਕੇ ਕਤਲ ਕੀਤਾ। ਉਸ ਦਾ ਕਹਿਣਾ ਹੈ ਕਿ ਦਿਵਿਆ ਕੋਲ ਉਸ ਦੀਆਂ ਕੁਝ ਅਸ਼ਲੀਲ ਫੋਟੋਆਂ ਸਨ। ਉਹ ਇਨ੍ਹਾਂ ਫੋਟੋਆਂ ਨਾਲ ਉਸ ਨੂੰ ਬਲੈਕਮੇਲ ਕਰ ਰਹੀ ਸੀ। ਜਦੋਂ ਉਨ੍ਹੇ ਦਿਵਿਆ ਨੂੰ ਫੋਟੋਆਂ ਡਿਲੀਟ ਕਰਨ ਲਈ ਕਿਹਾ ਤਾਂ ਉਹ ਨਹੀਂ ਮੰਨੀ। ਇਸ ਲਈ ਉਸਨੇ ਦਿਵਿਆ ਨੂੰ ਗੋਲੀ ਮਾਰ ਦਿੱਤੀ।

ਮੁਲਜ਼ਮ ਨੇ ਕੀਤੇ ਕਈ ਵੱਡੇ ਖੁਲਾਸੇ 

ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ 'ਚ ਗ੍ਰਿਫਤਾਰ ਮੁੱਖ ਮੁਲਜ਼ਮ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਮੁਲਜ਼ਮ ਨੇ ਦੱਸਿਆ ਹੈ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਪੁਰਾਣੀ ਦਿੱਲੀ ਰੋਡ 'ਤੇ ਹਥਿਆਰ ਸੁੱਟ ਦਿੱਤਾ ਸੀ। ਉਸ ਦੇ ਹੋਰ ਸਾਥੀ ਲਾਸ਼ ਦੇ ਨਿਪਟਾਰੇ ਲਈ ਕੰਮ ਕਰ ਰਹੇ ਸਨ। ਜਿਸ BMW ਕਾਰ 'ਚ ਦਿਵਿਆ ਦੀ ਲਾਸ਼ ਕਥਿਤ ਤੌਰ 'ਤੇ ਲਿਜਾਈ ਗਈ ਸੀ, ਉਸ ਨੂੰ ਪੁਲਿਸ ਨੇ ਪੰਜਾਬ ਤੋਂ ਬਰਾਮਦ ਕਰ ਲਿਆ ਪਰ ਦਿਵਿਆ ਦੀ ਲਾਸ਼ ਨਹੀਂ ਮਿਲੀ ਸੀ।

ਗੈਂਗਸਟਰ ਸੰਦੀਪ ਗਡੋਲੀ ਦੀ ਪ੍ਰੇਮਿਕਾ ਸੀ ਦਿਵਿਆ 

ਦਿਵਿਆ ਪਾਹੂਜਾ ਇੱਕ ਅਜਿਹਾ ਨਾਮ ਹੈ ਜੋ 2016 ਵਿੱਚ ਬਹੁਤ ਮਸ਼ਹੂਰ ਹੋਇਆ ਸੀ। ਇਹ ਲੜਕੀ ਹਰਿਆਣਾ ਦੇ ਬਦਨਾਮ ਗੈਂਗਸਟਰ ਸੰਦੀਪ ਗਡੋਲੀ (Gangster Sandeep Gadoli) ਨਾਲ ਜੁੜੀ ਹੋਈ ਸੀ। ਇਲਜ਼ਾਮ ਸੀ ਕਿ ਦਿਵਿਆ ਪਾਹੂਜਾ ਨੇ ਸੰਦੀਪ ਗਡੋਲੀ ਦੇ ਐਨਕਾਊਂਟਰ ਵਿੱਚ ਮਦਦ ਕੀਤੀ ਸੀ। ਦਿਵਿਆ ਪਾਹੂਜਾ ਸੰਦੀਪ ਗਡੋਲੀ ਦੀ ਕਥਿਤ ਪ੍ਰੇਮਿਕਾ ਹੋਣ ਦੇ ਨਾਲ-ਨਾਲ ਇਕਲੌਤੀ ਗਵਾਹ ਵੀ ਸੀ। ਦਿਵਿਆ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਗੈਂਗਸਟਰ ਸੰਦੀਪ ਗਡੋਲੀ ਦੀ ਭੈਣ ਸੁਦੇਸ਼ ਕਟਾਰੀਆ ਅਤੇ ਬ੍ਰਹਮ ਕਿਸ਼ੋਰ ਨੇ ਮਿਲ ਕੇ ਇਸ ਕਤਲ ਦੀ ਸਾਜ਼ਿਸ਼ ਰਚੀ ਅਤੇ ਅਭਿਜੀਤ ਤੋਂ ਇਹ ਕਤਲ ਕਰਵਾਇਆ।

ਕਤਲਕਾਂਡ 'ਚ ਨਵੀਂ ਕੁੜੀ ਦੀ ਐਂਟਰੀ

ਮਾਮਲੇ ਦੀ ਤਫਤੀਸ਼ ਕਰ ਰਹੀ ਐਸ.ਆਈ.ਟੀ ਨੇ ਇਸ ਕਤਲ ਕੇਸ ਦੀ ਜਾਂਚ ਵਿੱਚ ਇੱਕ ਹੋਰ ਲੜਕੀ ਨੂੰ ਸ਼ਾਮਲ ਕੀਤਾ ਹੈ। ਇਹ 20 ਸਾਲਾ ਲੜਕੀ ਹੋਟਲ ਮਾਲਕ ਦੀ ਦੂਜੀ ਪ੍ਰੇਮਿਕਾ ਹੈ। ਕੌਮੀ ਖ਼ਬਰਾਂ ਦੇ ਹਵਾਲੇ ਮੁਤਾਬਕ ਇਸ ਲੜਕੀ ਨੇ ਹੋਟਲ 'ਚ ਦਿਵਿਆ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ ਸੀ। ਹੋਟਲ ਮਾਲਕ ਨੇ ਇਸ ਲੜਕੀ ਤੋਂ ਲਾਸ਼ ਦੇ ਨਿਪਟਾਰੇ ਲਈ ਮਦਦ ਵੀ ਮੰਗੀ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। 

ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਕਤਲ ਵਾਲੀ ਰਾਤ ਇਸ ਹੋਟਲ ਵਿੱਚ ਇੱਕ ਹੋਰ ਲੜਕੀ ਮੌਜੂਦ ਮਿਲੀ। SIT ਐਤਵਾਰ ਨੂੰ ਦਿੱਲੀ ਸਥਿਤ ਲੜਕੀ ਦੇ ਘਰ ਪਹੁੰਚੀ। ਕੌਮੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਲੜਕੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਹੋਟਲ ਦੇ ਕਮਰੇ 'ਚ ਦਿਵਿਆ ਦੀ ਲਾਸ਼ ਦੇਖੀ ਸੀ। ਹੋਟਲ ਮਾਲਕ ਅਭਿਜੀਤ ਨੇ ਉਸ ਨੂੰ ਮ੍ਰਿਤਕ ਦੇਹ ਦੇ ਨਿਪਟਾਰੇ ਵਿਚ ਮਦਦ ਕਰਨ ਲਈ ਕਿਹਾ ਸੀ ਪਰ ਉਹ ਬਹੁਤ ਡਰ ਗਈ ਅਤੇ ਉਥੋਂ ਚਲੀ ਗਈ। ਇਹ ਲੜਕੀ ਦਿੱਲੀ ਦੇ ਨਜਫਗੜ੍ਹ ਇਲਾਕੇ ਦੀ ਰਹਿਣ ਵਾਲੀ ਹੈ। ਲੜਕੀ ਦਾ ਨਾਂ ਮੇਘਾ ਦੱਸਿਆ ਜਾਂ ਰਿਹਾ ਹੈ।

ਦਿਵਿਆ ਦੀ ਭੈਣ ਦਾ ਗੈਂਗਸਟਰ ਦੇ ਪਰਿਵਾਰ 'ਤੇ ਇਲਜ਼ਾਮ 

ਦਿਵਿਆ ਦੀ ਭੈਣ ਨੈਨਾ ਵੱਲੋਂ ਦਰਜ ਕਰਵਾਈ ਗਈ ਐਫ.ਆਈ.ਆਰ ਵਿੱਚ ਉਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਗੈਂਗਸਟਰ ਸੰਦੀਪ ਗਡੋਲੀ ਦੇ ਪਰਿਵਾਰ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ, ਉਸਨੇ ਗੈਂਗਸਟਰ ਸੰਦੀਪ ਦੀ ਭੈਣ ਜਯੋਤਸਨਾ ਨੇ ਸ਼ੱਕ ਪ੍ਰਗਟਾਇਆ ਹੈ।

ਗੈਂਗਸਟਰ ਦੀ ਭੈਣ ਦਾ ਪੁਲਿਸ 'ਤੇ ਇਲਜ਼ਾਮ

ਗੈਂਗਸਟਰ ਸੰਦੀਪ ਦੀ ਭੈਣ ਜਯੋਤਸਨਾ ਨੇ ਕਿਹਾ ਕਿ ਅਸੀਂ ਹੁਣ ਤੱਕ ਕਾਨੂੰਨੀ ਤੌਰ 'ਤੇ ਆਪਣੀ ਲੜਾਈ ਲੜ ਚੁੱਕੇ ਹਾਂ। ਸਾਡੀ ਕਾਨੂੰਨੀ ਲੜਾਈ ਕਾਰਨ ਗੈਂਗਸਟਰ ਬਿੰਦਰ, ਪੁਲਿਸ ਮੁਲਾਜ਼ਮ, ਦਿਵਿਆ ਅਤੇ ਉਸ ਦੀ ਮਾਂ ਜੇਲ੍ਹ ਵਿੱਚ ਬੰਦ ਰਹੇ। ਕੁਝ ਲੋਕ ਜ਼ਮਾਨਤ 'ਤੇ ਆ ਗਏ ਹਨ ਪਰ ਕੁਝ ਅਜੇ ਵੀ ਜੇਲ੍ਹ 'ਚ ਹਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਮੇਰੇ ਭਰਾ ਸੰਦੀਪ ਦੇ ਵਿਰੋਧੀ ਗੈਂਗਸਟਰ ਬਿੰਦਰ ਗੁਰਜਰ ਦੇ ਇਸ਼ਾਰੇ 'ਤੇ ਸੰਦੀਪ ਦਾ ਫਰਜ਼ੀ ਮੁਕਾਬਲਾ ਕਰਵਾਇਆ ਸੀ। 

ਉਸਨੇ ਕਿਹਾ ਕਿ ਸੰਦੀਪ 'ਤੇ ਬਿੰਦਰ ਦੇ ਇਕ ਹੋਰ ਸਾਥੀ ਦੇ ਕਤਲ ਦਾ ਵੀ ਝੂਠਾ ਇਲਜ਼ਾਮ ਲਗਾਇਆ ਗਿਆ ਸੀ। ਪਰ ਬਾਅਦ ਵਿਚ ਇਹ ਗੱਲ ਸਾਫ਼ ਹੋ ਗਈ ਕਿ ਬਿੰਦਰ ਨੇ ਹੀ ਉਸ ਦਾ ਕਤਲ ਕਰਵਾਇਆ ਹੈ। ਇਸ ਮਾਮਲੇ ਵਿੱਚ ਵੀ ਪੁਲਿਸ ਵੱਲੋਂ ਦਿਖਾਈ ਗਈ ਲਾਪਰਵਾਹੀ ਤੋਂ ਸਾਜ਼ਿਸ਼ ਦੀ ਬਦਬੂ ਆਉਂਦੀ ਹੈ।

ਇਹ ਪੁਲਿਸ ਅਧਿਕਾਰੀ ਕਰ ਰਹੇ ਇਸ ਮਾਮਲੇ ਦੀ ਤਫਤੀਸ਼

ਪੁਲਿਸ ਦਿਵਿਆ ਦੀ ਲਾਸ਼ ਬਰਾਮਦ ਨਹੀਂ ਕਰ ਸਕੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਜਾਂਚ ਲਈ ਐਸ.ਆਈ.ਟੀ (ਵਿਸ਼ੇਸ਼ ਜਾਂਚ ਟੀਮ) ਦਾ ਗਠਨ ਕੀਤਾ ਗਿਆ ਸੀ। ਇਹ ਟੀਮ ਡੀ.ਸੀ.ਪੀ. ਕ੍ਰਾਈਮ ਵਿਜੇ ਪ੍ਰਤਾਪ ਸਿੰਘ ਦੀ ਨਿਗਰਾਨੀ ਹੇਠ ਜਾਂਚ ਕਰ ਰਹੀ ਹੈ। ਐਸ.ਆਈ.ਟੀ ਵਿੱਚ ਏ.ਸੀ.ਪੀ. ਕ੍ਰਾਈਮ ਵਰੁਣ ਦਹੀਆ ਦੇ ਨਾਲ ਸੈਕਟਰ-14 ਥਾਣੇ ਦੇ ਐਸ.ਐਚ.ਓ ਅਤੇ ਸੈਕਟਰ-17 ਕ੍ਰਾਈਮ ਬ੍ਰਾਂਚ ਦੀ ਟੀਮ ਸ਼ਾਮਲ ਹੈ।

Related Post