ਖ਼ੂਨੀ ਝੜਪ ਮਾਮਲਾ : ਪੀੜਤ ਨੌਜਵਾਨਾਂ ਦੇ ਪਰਿਵਾਰ ਵੱਲੋਂ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ

ਹੁਸ਼ਿਆਰਪੁਰ : ਜਨਵਰੀ ਮਹੀਨੇ ਵਿਚ ਹੁਸ਼ਿਆਰਪੁਰ ਦੇ ਮੁਹੱਲਾ ਖਵਾਜੂ ਬਸੀ 'ਚ ਆਉਂਦੀ ਸਬਜ਼ੀ ਮੰਡੀ 'ਚ ਹੋਈ ਖ਼ੂਨੀ ਝੜਪ ਵਾਲੇ ਮਾਮਲੇ 'ਚ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਪੀੜਤ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਦੇਰ ਸ਼ਾਮ ਹੁਸ਼ਿਆਰਪੁਰ ਦਾ ਪ੍ਰਭਾਤ ਚੌਕ ਜਾਮ ਕਰ ਦਿੱਤਾ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਸੂਚਨਾ ਮਿਲਦਿਆਂ ਹੀ ਹੁਸ਼ਿਆਰਪੁਰ ਪੁਲਿਸ ਦੇ ਆਲ੍ਹਾ ਅਧਿਕਾਰੀ ਵੀ ਪੁਲਿਸ ਫੋਰਸ ਸਮੇਤ ਮੌਕੇ ਉਤੇ ਪਹੁੰਚ ਗਏ ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਹਾਲਾਂਕਿ ਇਸ ਦੌਰਾਨ ਕਾਫੀ ਗਰਮੋ-ਗਰਮੀ ਵਾਲਾ ਮਾਹੌਲ ਬਣ ਗਿਾ। ਮੀਡੀਆ ਨਾਲ ਗੱਲਬਾਤ ਕਰਦਿਆਂ ਧਰਨਾਕਾਰੀਆਂ ਨੇ ਕਿਹਾ ਕਿ ਇਸ ਸਾਲ ਦੀ ਬੀਤੀ 18 ਜਨਵਰੀ ਦੀ ਦੇਰ ਰਾਤ ਹੁਸ਼ਿਆਪੁਰ ਦੇ ਹੀ ਕੁਝ ਨੌਜਵਾਨਾਂ ਵੱਲੋਂ ਸਬਜ਼ੀ ਮੰਡੀ ਨਜ਼ਦੀਕ ਦੁਕਾਨ ਬਾਹਰ ਬੈਠੇ 3 ਨੌਜਵਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਤੇ ਇਕ ਨੌਜਵਾਨ ਦਾ ਅਜੇ ਵੀ ਚੰਡੀਗੜ੍ਹ ਵਿਚ ਪੀਜੀਆਈ ਵਿਖੇ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪੀੜਤ ਨੌਜਵਾਨਾਂ ਵੱਲੋਂ ਹਮਲਾਵਰਾਂ ਦੇ ਨਾਮ ਦੱਸਣ ਦੇ ਬਾਵਜੂਦ ਵੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਤੇ ਹੁਣ ਪੁਲਿਸ ਅਧਿਕਾਰੀ ਪੀੜਤ ਪਰਿਵਾਰਾਂ ਤੇ ਰਾਜ਼ੀਨਾਮਾ ਕਰਵਾਉਣ ਲਈ ਜ਼ੋਰ ਪਾ ਰਹੇ ਹਨ ਤੇ ਪੀੜਤ ਨੌਜਵਾਨਾਂ ਦੇ ਪਰਿਵਾਰਾਂ ਨੂੰ ਜਾਣਬੁੱਝ ਕੇ ਪੁਲਿਸ ਵੱਲੋਂ ਡਰਾਇਆ ਜਾ ਰਿਹਾ ਹੈ। ਦੂਜੇ ਪਾਸੇ ਮੌਕੇ ਉਪਰ ਪੁੱਜੇ ਡੀਐਸਪੀ ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਧਰਨਾਕਾਰੀਆਂ ਨੂੰ ਇਨਸਾਫ਼ ਦਾ ਭਰੋਸਾ ਦੁਆਇਆ ਗਿਆ ਤੇ ਪੁਲਿਸ ਵੱਲੋਂ ਮਾਮਲੇ ਵਿਚ ਕੋਈ ਵੀ ਢਿੱਲਮਠ ਨਹੀਂ ਦਿਖਾਈ ਜਾ ਰਹੀ ਹੈ।