ਸਾਵਧਾਨ! ਇਨ੍ਹਾਂ ਬੋਤਲਾਂ 'ਚ ਪਾਣੀ ਪੀਣ ਨਾਲ ਵੱਧ ਰਹੇ ਹਨ ਬਲੱਡ ਪ੍ਰੈਸ਼ਰ ਦੇ ਮਰੀਜ਼, ਅਧਿਐਨ 'ਚ ਖੁਲਾਸਾ

Plastic Bottle Increase Blood Pressure : ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਦੇ ਸਮੇਂ ਪਲਾਸਟਿਕ ਦੇ ਬਹੁਤ ਛੋਟੇ ਕਣ ਕਈ ਕਾਰਨਾਂ ਕਰਕੇ ਪਾਣੀ 'ਚ ਰਲ ਜਾਂਦੇ ਹਨ। ਮਾਹਿਰਾਂ ਮੁਤਾਬਕ ਇਨ੍ਹਾਂ ਕਣਾਂ ਨੂੰ ਮਾਈਕ੍ਰੋਪਲਾਸਟਿਕਸ ਕਿਹਾ ਜਾਂਦਾ ਹੈ।

By  KRISHAN KUMAR SHARMA August 6th 2024 12:06 PM

Plastic Bottle Increase Blood Pressure : ਅੱਜਕਲ੍ਹ ਜ਼ਿਆਦਾਤਰ ਹਰ ਕੋਈ ਬੱਸ, ਰੇਲਗੱਡੀ ਤੋਂ ਲੈ ਕੇ ਹਵਾਈ ਜਹਾਜ਼ ਤੱਕ, ਸਫ਼ਰ ਦੌਰਾਨ ਪਲਾਸਟਿਕ ਦੀਆਂ ਬੋਤਲਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਕੁਝ ਲੋਕ ਤਾਂ ਘਰ 'ਚ ਵੀ ਪਾਣੀ ਪੀਣ ਲਈ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਨ ਲੱਗ ਪਏ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਇਹ ਤੁਹਾਡੀ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ।

ਇੱਕ ਖੋਜ ਤੋਂ ਪਤਾ ਲੱਗਿਆ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਪੀਣ ਨਾਲ ਲੋਕਾਂ ਦਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਕਿਉਂਕਿ ਖੋਜ ਕਰ ਰਹੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕਰਦੇ ਸਮੇਂ ਪਲਾਸਟਿਕ ਦੇ ਬਹੁਤ ਛੋਟੇ ਕਣ ਕਈ ਕਾਰਨਾਂ ਕਰਕੇ ਪਾਣੀ 'ਚ ਰਲ ਜਾਂਦੇ ਹਨ। ਮਾਹਿਰਾਂ ਮੁਤਾਬਕ ਇਨ੍ਹਾਂ ਕਣਾਂ ਨੂੰ ਮਾਈਕ੍ਰੋਪਲਾਸਟਿਕਸ ਕਿਹਾ ਜਾਂਦਾ ਹੈ। ਦਸ ਦਈਏ ਕਿ ਜਦੋਂ ਇਹ ਕਣ ਸਰੀਰ ਦੇ ਅੰਦਰ ਪਹੁੰਚਦੇ ਹਨ ਤਾਂ ਉਥੋਂ ਖੂਨ ਦੇ ਪ੍ਰਵਾਹ 'ਚ ਦਾਖਲ ਹੁੰਦੇ ਹਨ। ਖੂਨ 'ਚ ਪਲਾਸਟਿਕ ਦੇ ਕਣਾਂ ਦੀ ਲੰਬੇ ਸਮੇਂ ਤੱਕ ਮੌਜੂਦਗੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ ਅਤੇ ਲੋਕਾਂ ਦੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ।

ਲੰਮੇ ਸਮੇਂ ਤੱਕ ਪਲਾਸਟਿਕ ਦੀ ਬੋਤਲ ਦਾ ਪਾਣੀ ਹਾਨੀਕਾਰਕ

ਵਿਗਿਆਨੀਆਂ ਮੁਤਾਬਕ, ਜੋ ਲੋਕ ਲੰਬੇ ਸਮੇਂ ਤੋਂ ਪਲਾਸਟਿਕ ਦੀਆਂ ਬੋਤਲਾਂ ਦਾ ਪਾਣੀ ਪੀ ਰਹੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਲਈ ਲੋਕਾਂ ਨੂੰ ਪਲਾਸਟਿਕ ਦੀਆਂ ਬੋਤਲਾਂ ਦੀ ਬਜਾਏ ਜਲਦ ਹੀ ਬਦਲ ਲੱਭਣਾ ਚਾਹੀਦਾ ਹੈ, ਤਾਂ ਜੋ ਮਾਈਕ੍ਰੋਪਲਾਸਟਿਕ ਦੇ ਖਤਰਨਾਕ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਦਸ ਦਈਏ ਕਿ ਮਾਈਕ੍ਰੋਪਲਾਸਟਿਕ ਪਲਾਸਟਿਕ ਦੇ ਬਹੁਤ ਛੋਟੇ ਕਣ ਹੁੰਦੇ ਹਨ ਜੋ ਸਾਡੇ ਜ਼ਿਆਦਾਤਰ ਭੋਜਨ ਅਤੇ ਪਾਣੀ ਦੀ ਸਪਲਾਈ 'ਚ ਪਾਏ ਜਾਣਦੇ ਹਨ। ਜਿਸ ਨੂੰ ਅਣਜਾਣੇ 'ਚ ਗ੍ਰਹਿਣ ਕੀਤਾ ਜਾਂਦਾ ਹੈ, ਤਾਂ ਇਹ ਪਲਾਸਟਿਕ ਦੇ ਕਣ ਅੰਤੜੀਆਂ ਅਤੇ ਫੇਫੜਿਆਂ 'ਚ ਸੈੱਲ ਰੁਕਾਵਟਾਂ ਨੂੰ ਤੋੜ ਸਕਦੇ ਹਨ ਅਤੇ ਖੂਨ ਦੇ ਪ੍ਰਵਾਹ ਅਤੇ ਸਰੀਰ ਦੇ ਹੋਰ ਟਿਸ਼ੂਆਂ 'ਚ ਦਾਖਲ ਹੋ ਸਕਦੇ ਹਨ। ਇਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।

ਇਹ ਅਧਿਐਨ ਯੂਰਪੀਅਨ ਦੇਸ਼ ਆਸਟਰੀਆ ਦੀ ਡੈਨਿਊਬ ਪ੍ਰਾਈਵੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤਾ ਹੈ। ਖੋਜਕਰਤਾਵਾਂ ਨੇ ਇਸ ਅਧਿਐਨ 'ਚ ਪਾਇਆ ਕਿ ਜਦੋਂ ਅਧਿਐਨ 'ਚ ਸ਼ਾਮਲ ਲੋਕਾਂ ਨੇ ਪਲਾਸਟਿਕ ਅਤੇ ਕੱਚ ਦੀਆਂ ਬੋਤਲਾਂ 'ਚੋਂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਨਾ ਬੰਦ ਕਰ ਦਿੱਤਾ ਅਤੇ ਦੋ ਹਫ਼ਤਿਆਂ ਤੱਕ ਸਿਰਫ਼ ਟੂਟੀ ਦਾ ਪਾਣੀ ਪੀਤਾ ਤਾਂ ਉਨ੍ਹਾਂ ਦੇ ਬਲੱਡ ਪ੍ਰੈਸ਼ਰ 'ਚ ਕਾਫ਼ੀ ਕਮੀ ਆਈ। ਇੱਕ ਅਧਿਐਨ 'ਚ ਪਹਿਲੀ ਵਾਰ ਇਹ ਦੇਖਿਆ ਗਿਆ ਹੈ ਕਿ ਪਲਾਸਟਿਕ ਦੀ ਵਰਤੋਂ ਨਾ ਕਰਨ ਨਾਲ ਬਲੱਡ ਪ੍ਰੈਸ਼ਰ ਘੱਟ ਹੋ ਸਕਦਾ ਹੈ। ਖੋਜ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਾਇਦ ਅਜਿਹਾ ਖ਼ੂਨ 'ਚ ਪਲਾਸਟਿਕ ਦੇ ਕਣਾਂ ਦੀ ਮਾਤਰਾ 'ਚ ਕਮੀ ਕਾਰਨ ਹੋਇਆ ਹੈ।

Related Post