ਹੁਣ ਮੁਫ਼ਤ 'ਚ ਮਿਲੇਗਾ 'ਧਨੀਆ', Blinkit ਨੇ ਇੱਕ ਮਾਂ ਦੇ ਸੁਝਾਅ ਦਾ ਰੱਖਿਆ 'ਮਾਣ'

Dhaniya Free on Blinkit: ਕੰਪਨੀ ਨੇ ਇਹ ਮੁਫ਼ਤ ਧਨੀਆ ਦੀ ਪੇਸ਼ਕਸ਼ ਮੁੰਬਈ 'ਚ ਇੱਕ ਵਿਅਕਤੀ ਦੀ ਮਾਂ ਦੇ ਸੁਝਾਅ 'ਤੇ ਕੀਤੀ ਹੈ। ਕੰਪਨੀ ਦੇ ਸੀਈਓ ਅਲਵਿੰਦਰ ਢੀਂਡਸਾ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਐਕਸ ਅਕਾਊਂਟ 'ਤੇ ਸਾਂਝੀ ਕੀਤੀ ਹੈ।

By  KRISHAN KUMAR SHARMA May 16th 2024 04:14 PM

Dhaniya Free on Blinkit: ਈ-ਕਾਮਰਸ ਕੰਪਨੀ ਬਲਿੰਕਿਟ ਨੇ ਗਾਹਕਾਂ ਨੂੰ ਸਬਜ਼ੀਆਂ ਦੀ ਖਰੀਦ 'ਤੇ ਹੁਣ ਮੁਫ਼ਤ ਧਨੀਆ (Free Coriander) ਦੀ ਪੇਸ਼ਕਸ਼ ਕੀਤੀ ਹੈ। ਆਨਲਾਈਨ ਵਿਕਰੇਤਾ ਕੰਪਨੀ Blinkit ਕਰਿਆਨੇ ਦੇ ਸਾਮਾਨ ਤੋਂ ਲੈ ਕੇ ਸਬਜ਼ੀਆਂ, ਫਲ ਅਤੇ ਡੇਅਰੀ ਆਦਿ ਚੀਜ਼ਾਂ ਵੇਚਦੀ ਹੈ, ਜਿਸ ਨੇ ਹੁਣ ਇਹ ਪੇਸ਼ਕਸ਼ ਕੀਤੀ ਹੈ। ਕੰਪਨੀ ਨੇ ਇਹ ਮੁਫ਼ਤ ਧਨੀਆ ਦੀ ਪੇਸ਼ਕਸ਼ ਮੁੰਬਈ 'ਚ ਇੱਕ ਵਿਅਕਤੀ ਦੀ ਮਾਂ ਦੇ ਸੁਝਾਅ 'ਤੇ ਕੀਤੀ ਹੈ। ਕੰਪਨੀ ਦੇ ਸੀਈਓ ਅਲਵਿੰਦਰ ਢੀਂਡਸਾ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਐਕਸ ਅਕਾਊਂਟ 'ਤੇ ਸਾਂਝੀ ਕੀਤੀ ਹੈ।

ਜਿਵੇਂ ਕਿ ਤੁਸੀ ਜਾਣਦੇ ਹੋ ਕਿ ਆਮ ਤੌਰ 'ਤੇ ਜਦੋਂ ਕੋਈ ਵੀ ਬਾਜ਼ਾਰ ਵਿਚੋਂ ਸਬਜ਼ੀਆਂ ਖਰੀਦਣ ਜਾਂਦਾ ਹੈ ਜਾਂ ਕਿਸੇ ਰੇਹੜੀ ਵਾਲੇ ਤੋਂ ਸਬਜ਼ੀ ਲੈਂਦੇ ਹਾਂ ਤਾਂ ਉਸ ਵਿੱਚ ਕੁੱਝ ਮਿਰਚਾਂ ਜਾਂ ਧਨੀਆ ਨਾਲ ਦਿੱਤਾ ਜਾਂਦਾ ਹੈ ਅਤੇ ਇਸ ਦਾ ਕੋਈ ਵਾਧੂ ਪੈਸਾ ਵੀ ਵਸੂਲ ਨਹੀਂ ਕੀਤਾ ਜਾਂਦਾ। ਪਰ ਜੇਕਰ ਕਿਸੇ ਵੀ ਆਨਲਾਈਨ ਪਲੇਟਫਾਰਮ ਤੋਂ ਸਬਜ਼ੀਆਂ ਮੰਗਵਾਈਆਂ ਜਾਂਦੀਆਂ ਹਨ ਤਾਂ ਨਾਲ ਧਨੀਏ ਅਤੇ ਮਿਰਚਾਂ ਲਈ ਵਾਧੂ ਪੈਸੇ ਖਰਚਣੇ ਪੈਂਦੇ ਹਨ।

ਮੁੰਬਈ ਦੇ ਇੱਕ ਵਿਅਕਤੀ ਨੇ ਟਵਿੱਟਰ ਐਕਸ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ ਕਿਵੇਂ ਉਸਦੀ ਮਾਂ ਹੈਰਾਨ ਰਹਿ ਗਈ ਜਦੋਂ ਉਸਨੇ ਦੇਖਿਆ ਕਿ ਬਲਿੰਕਿਟ ਤੋਂ ਆਰਡਰ ਕਰਦੇ ਸਮੇਂ ਉਸਨੂੰ ਧਨੀਆ ਦਾ ਭੁਗਤਾਨ ਕਰਨਾ ਪੈਂਦਾ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਸੁਝਾਅ ਦਿੱਤਾ ਕਿ ਧਨੀਆ ਪੱਤੇ ਦੀ ਸਬਜ਼ੀ ਦੀ ਇੱਕ ਨਿਸ਼ਚਿਤ ਮਾਤਰਾ ਦੀ ਖਰੀਦ ਦੇ ਨਾਲ ਮੁਫਤ ਹੋਣੀ ਚਾਹੀਦੀ ਹੈ। ਉਸ ਦੀ ਪੋਸਟ ਨੇ ਸੀਈਓ ਅਲਬਿੰਦਰ ਢੀਂਡਸਾ ਸਮੇਤ ਕਈ ਲੋਕਾਂ ਦਾ ਧਿਆਨ ਖਿੱਚਿਆ ਸੀ ਅਤੇ ਢੀਂਡਸਾ ਨੇ ਉਸ ਵਿਅਕਤੀ ਦੀ ਐਕਸ ਪੋਸਟ 'ਤੇ ਟਿੱਪਣੀ ਕੀਤੀ ਅਤੇ ਲਿਖਿਆ, "ਕਰਾਂਗੇ"।

ਮੁਫ਼ਤ ਧਨੀਏ ਦੀ ਅਨਾਊਂਸਮੈਂਟ

ਇਸ ਪੋਸਟ ਤੋਂ ਕੁੱਝ ਦੇਰ ਬਾਅਦ ਕੰਪਨੀ ਦੇ ਸੀਈਓ ਨੇ ਲਿਖਿਆ, ''ਇਹ ਲਾਈਵ ਹੈ। ਤੁਹਾਨੂੰ ਸਾਰਿਆਂ ਨੂੰ ਅੰਕਿਤ ਦੀ ਮਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਅਸੀਂ ਅਗਲੇ ਕੁੱਝ ਹਫਤਿਆਂ ਤੱਕ ਇਸ ਨੂੰ ਹੋਰ ਵਧੀਆ ਬਣਾਵਾਂਗੇ।'' ਇਸ ਨਾਲ ਹੀ ਉਨ੍ਹਾਂ ਇੱਕ ਸਕਰੀਨ ਸ਼ਾਟ ਵੀ ਸਾਂਝਾ ਕੀਤਾ, ਜਿਸ 'ਚ ਸਬਜ਼ੀਆਂ ਦੇ ਇੱਕ ਨਿਸ਼ਚਿਤ ਆਰਡਰ 'ਤੇ 100 ਗ੍ਰਾਮ ਮੁਫਤ ਧਨੀਏ ਦੇ ਪੇਸ਼ਕਸ਼ ਕੀਤੀ ਜਾ ਰਹੀ ਹੈ।   

ਇਸ ਪੋਸਟ ਨੂੰ ਹੁਣ ਤੱਕ 6 ਲੱਖ ਤੋਂ ਵੱਧ ਲੋਕਾਂ ਵੱਲੋਂ ਵੇਖਿਆ ਜਾ ਚੁੱਕਾ ਹੈ ਅਤੇ 8 ਹਜ਼ਾਰ ਤੋਂ ਵੱਧ ਲਾਈਕ ਆ ਚੁੱਕੇ ਹਨ। ਲੋਕ 'ਮੁਫ਼ਤ ਧਨੀਆ' ਦੀ ਪੇਸ਼ਕਸ਼ ਹੋਣ 'ਤੇ ਅੰਕਿਤ ਦੀ ਮਾਂ ਅਤੇ ਕੰਪਨੀ ਦਾ ਧੰਨਵਾਦ ਕਰ ਰਹੇ ਹਨ।

Related Post