ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਨੂੰ ਹੋਇਆ ਕੈਂਸਰ, ਟਵਿੱਟਰ ਤੇ ਝਲਕਿਆ ਦਰਦ

Sushil Modi diagonosed with Cancer: ਭਾਜਪਾ (BJP) ਦੇ ਦਿੱਗਜ਼ ਆਗੂ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਨੂੰ ਕੈਂਸਰ ਹੋ ਗਿਆ ਹੈ। ਉਨ੍ਹਾਂ ਇਸ ਬਿਮਾਰੀ ਸਬੰਧੀ ਆਪਣੇ ਸੋਸ਼ਲ ਮੀਡੀਆ ਟਵਿੱਟਰ ਐਕਸ 'ਤੇ ਜਾਣਕਾਰੀ ਸਾਂਝੀ ਕੀਤੀ ਹੈ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਲਿਖਿਆ ਕਿ ਉਹ ਪਿਛਲੇ 6 ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਹੁਣ ਲੋਕਾਂ ਨੂੰ ਦੱਸਣ ਦਾ ਸਮਾਂ ਆ ਗਿਆ ਹੈ। ਸੁਸ਼ੀਲ ਮੋਦੀ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਕੁੱਝ ਨਹੀਂ ਕਰ ਸਕਣਗੇ, ਜਿਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੱਸ ਦਿੱਤਾ ਗਿਆ ਹੈ।
6 ਮਹੀਨਿਆਂ ਤੋਂ ਹਨ ਕੈਂਸਰ ਨਾਲ ਪੀੜਤ
ਸੁਸ਼ੀਲ ਕੁਮਾਰ ਮੋਦੀ ਨੇ ਪੋਸਟ 'ਚ ਲਿਖਿਆ ਹੈ ਕਿ ਉਹ 6 ਮਹੀਨਿਆਂ ਤੋਂ ਕੈਂਸਰ ਤੋਂ ਪੀੜਤ ਹਨ। ਪਰ ਹੁਣ ਉਨ੍ਹਾਂ ਨੇ ਲੋਕਾਂ ਨੂੰ ਬਿਮਾਰੀ ਬਾਰੇ ਦੱਸਿਆ ਹੈ। ਦਰਅਸਲ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਬਿਹਾਰ ਵਿੱਚ ਜਨਤਕ ਪ੍ਰਚਾਰ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਸੁਸ਼ੀਲ ਮੋਦੀ ਕਿਸੇ ਵੀ ਮੰਚ 'ਤੇ ਨਜ਼ਰ ਨਹੀਂ ਆ ਰਹੇ ਸਨ, ਜਿਸ ਕਾਰਨ ਲੋਕਾਂ ਦੇ ਖਦਸ਼ਿਆਂ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਆਪਣੀ ਬੀਮਾਰੀ ਬਾਰੇ ਜਾਣਕਾਰੀ ਦਿੱਤੀ ਹੈ। ਸੁਸ਼ੀਲ ਮੋਦੀ ਪਿਛਲੇ ਕਈ ਮਹੀਨਿਆਂ ਤੋਂ ਜਨਤਕ ਮੰਚਾਂ ਤੋਂ ਦੂਰੀ ਬਣਾ ਰਹੇ ਹਨ। ਹਾਲਾਂਕਿ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਕੈਂਸਰ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਹੀ ਦਿੱਤੀ ਹੈ।
ਚਾਰੇ ਸਦਨਾਂ ਦੇ ਰਹਿ ਚੁੱਕੇ ਹਨ ਮੈਂਬਰ
ਸੁਸ਼ੀਲ ਮੋਦੀ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਚਾਰੇ ਸਦਨਾਂ ਦੇ ਮੈਂਬਰ ਰਹਿ ਚੁੱਕੇ ਹਨ। ਬਿਹਾਰ ਦੇ ਉਪ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਸੁਸ਼ੀਲ ਕੁਮਾਰ ਮੋਦੀ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ। 33 ਸਾਲਾਂ ਦੇ ਸਿਆਸੀ ਕਰੀਅਰ ਵਿੱਚ ਸੁਸ਼ੀਲ ਮੋਦੀ ਰਾਜ ਸਭਾ, ਲੋਕ ਸਭਾ, ਵਿਧਾਨ ਪ੍ਰੀਸ਼ਦ ਅਤੇ ਵਿਧਾਨ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ।