ਨਵੀਂ ਦਿੱਲੀ : ਭਾਜਪਾ ਦੇ ਕੌਮੀ ਪ੍ਰਧਾਨ ਵਜੋਂ ਜੇਪੀ ਨੱਡਾ ਦਾ ਕਾਰਜਕਾਲ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਇਹ ਫੈਸਲਾ ਮੰਗਲਵਾਰ ਨੂੰ ਭਾਜਪਾ ਕਾਰਜਕਾਰਨੀ ਦੀ ਬੈਠਕ ਦੌਰਾਨ ਲਿਆ ਗਿਆ। ਜਾਣਕਾਰੀ ਦਿੰਦਿਆਂ ਭਾਜਪਾ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਵਜੋਂ ਜੇਪੀ ਨੱਡਾ ਦਾ ਕਾਰਜਕਾਲ ਜੂਨ 2024 ਤੱਕ ਵਧਾ ਦਿੱਤਾ ਗਿਆ ਹੈ। ਹੁਣ ਪ੍ਰਧਾਨ ਦੇ ਅਹੁਦੇ ਤੇ ਜੇਪੀ ਨੱਡਾ ਬਣਿਆ ਰਹੇਗਾ।
ਜੇਪੀ ਨੱਡਾ ਨੂੰ ਜੂਨ 2019 ਵਿੱਚ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਇਸ ਤੋਂ ਬਾਅਦ 20 ਜਨਵਰੀ 2020 ਨੂੰ ਉਨ੍ਹਾਂ ਨੂੰ ਫੁੱਲ ਟਾਈਮ ਪ੍ਰਧਾਨ ਬਣਾਇਆ ਗਿਆ। ਨੱਡਾ ਦਾ ਕਾਰਜਕਾਲ 20 ਜਨਵਰੀ ਨੂੰ ਖਤਮ ਹੋ ਰਿਹਾ ਹੈ। ਦਿੱਲੀ 'ਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦਾ ਅੱਜ ਆਖਰੀ ਦਿਨ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ 4 ਵਜੇ ਸਾਰੇ ਅਹੁਦੇਦਾਰਾਂ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਦੇ ਭਾਸ਼ਣ ਨੂੰ ਮਾਰਗਦਰਸ਼ਨ ਬਿਆਨ ਕਿਹਾ ਗਿਆ ਹੈ। ਇਸ ਤੋਂ ਬਾਅਦ ਇਹ ਦੋ ਰੋਜ਼ਾ ਮੀਟਿੰਗ ਸਮਾਪਤ ਹੋ ਜਾਵੇਗੀ।