ਕੈਨੇਡੀਅਨ PM ਜਸਟਿਨ ਟਰੂਡੋ ਨੇ ਗਾਇਕ ਦਿਲਜੀਤ ਦੋਸਾਂਝ ਦੀ ਕੀਤੀ ਸ਼ਲਾਘਾ, ਮਨਜਿੰਦਰ ਸਿਰਸਾ ਨੇ ਜਤਾਇਆ ਇਤਰਾਜ਼ !
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗਾਇਕ ਦਿਲਜੀਤ ਦੋਸਾਂਝ ਦੀ ਸ਼ਲਾਘਾ ਕਰਨ ਦੇ ਤਰੀਕੇ ਉੱਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਇਆ ਹੈ। ਪੜ੍ਹੋ ਪੂਰੀ ਖ਼ਬਰ...
Justin Trudeau meet Diljit Dosanjh : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਨਚੇਤ ਦੌਰੇ 'ਤੇ ਨਿਕਲੇ ਅਤੇ ਉਹਨਾਂ ਨੇ ਟੋਰਾਂਟੋ ਦੇ ਰੋਜਰਸ ਸੈਂਟਰ ਸਟੇਡੀਅਮ 'ਚ ਚੱਲਦੇ ਕੰਸਰਟ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ। ਕੈਨੇਡੀਅਨ ਪੀਐਮ ਨੂੰ ਸਟੇਜ ‘ਤੇ ਦੇਖ ਕੇ ਦਿਲਜੀਤ ਨੇ ਪਹਿਲਾਂ ਉਨ੍ਹਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਬਾਅਦ ਵਿੱਚ ਪੀਐਮ ਟਰੂਡੋ ਨੂੰ ਗਲੇ ਲਗਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਾਇਕ ਦਿਲਜੀਤ ਦੋਸਾਂਝ ਦੀ ਖੂਬ ਤਾਰੀਫ਼ ਕੀਤੀ।
ਮਨਜਿੰਦਰ ਸਿਰਸਾ ਨੂੰ ਇਤਰਾਜ਼
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗਾਇਕ ਦਿਲਜੀਤ ਦੋਸਾਂਝ ਦੀ ਸ਼ਲਾਘਾ ਕਰਨ ਦੇ ਤਰੀਕੇ ਉੱਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਇਆ ਹੈ।
ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਉਦੇ ਹੋਏ ਆਪਣੇ ਸੋਸ਼ਲ ਮੀਡੀਆ ਐਕਸ ਉੱਤੇ ਲਿਖਿਆ ਕਿ ’ਜਨਾਬ ਤੁਸੀਂ ਗਾਇਕ ਦਿਲਜੀਤ ਦੋਸਾਂਝ ਦੀ ਸ਼ਲਾਘਾ ਕਰਦਿਆਂ ਜੋ ਸ਼ਬਦ ਵਰਤੇ ਉਹਨਾਂ ਵਿੱਚ ਸ਼ਰਾਰਤ ਕਰ ਗਏ। ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਭਾਰਤ ਦੇ ਮੁੰਡੇ ਨੇ ਇਤਿਹਾਸ ਰਚ ਦਿੱਤਾ ਅਤੇ ਸਟੇਡੀਅਮ ਫੁੱਲ ਹੋ ਗਏ।’
ਜਸਟਿਨ ਟਰੂਡੋ ਨੇ ਦਿੱਤਾ ਸੀ ਇਹ ਬਿਆਨ
ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੋਸਾਂਝ ਦੀ ਸ਼ਲਾਘਾ ਕਰਦੇ ਹੋਏ ਕਿਹਾ ਸੀ ਕਿ ‘ਕੈਨੇਡਾ ਇੱਕ ਮਹਾਨ ਮੁਲਕ ਹੈ। ਵਿਭਿੰਨਤਾ ਸਿਰਫ਼ ਸਾਡੀ ਤਾਕਤ ਹੀ ਨਹੀਂ ਸਗੋਂ ਸੂਪਰਪਾਵਰ ਹੈ, ਜਿੱਥੇ ਪੰਜਾਬ ਦੇ ਮੁੰਡੇ ਨੇ ਇਤਿਹਾਸ ਰਚ ਦਿੱਤਾ ਅਤੇ ਸਟੇਡੀਅਮ ਫੁੱਲ ਹੋ ਗਏ।’
ਸਟੇਜ਼ ਉੱਤੇ ਕੀਤੀ ਮਸਤੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੇ ਕਰੂ ਮੈਂਬਰਾਂ ਨਾਲ ਖੂਬ ਮਸਤੀ ਕੀਤੀ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਪਰੋਕਤ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦਿਲਜੀਤ ਦੋਸਾਂਝ ਦੇ ਕੰਸਰਟ 'ਚ 40 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ।
ਦਿਲਜੀਤ ਪੰਜਾਬ ਦਾ ਪਹਿਲਾ ਗਾਇਕ ਹੈ ਜਿਸ ਦੇ ਸ਼ੋਅ ਦੌਰਾਨ ਸਟੇਡੀਅਮ ਹੋਏ ਫੁੱਲ
ਦੱਸ ਦੇਈਏ ਕਿ ਉਕਤ ਸਟੇਡੀਅਮ ਬਹੁਤ ਵੱਡਾ ਹੈ ਅਤੇ ਅਜਿਹਾ ਕਦੇ-ਕਦਾਈਂ ਹੀ ਹੋਇਆ ਹੈ ਕਿ ਉਕਤ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹੋਣ, ਦਿਲਜੀਤ ਨੇ ਕੈਨੇਡਾ 'ਚ ਇਤਿਹਾਸ ਰਚ ਦਿੱਤਾ ਹੈ। ਰੋਜਰਸ ਸੈਂਟਰ ਵਿੱਚ ਪੇਸ਼ਕਾਰੀ ਕਰਨ ਵਾਲਾ ਉਹ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਹੈ ਅਤੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਇਸ ਨਾਲ ਉਸ ਨੇ ਪੰਜਾਬੀ ਇੰਡਸਟਰੀ ਦਾ ਮਾਣ ਵਧਾਇਆ ਹੈ ਅਤੇ ਇਤਿਹਾਸ ਰਚਿਆ ਹੈ।