BJP ਆਗੂ ਦਾ ਵਿਵਾਦਤ ਬਿਆਨ, ਸਿੱਖ ਧਰਮ ਨੂੰ ਦੱਸਿਆ 'ਬੱਚਾ', ਕਿਹਾ- ਈਸਾਈ ਧਰਮ ਵੱਡਾ ਤੇ ਸਿੱਖ ਧਰਮ...

BJP Leader Amarpal Singh Bonny Ajnala Controversy: ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਇੱਕ ਚੋਣ ਮੀਟਿੰਗ ਦੌਰਾਨ ਸਿੱਖ ਧਰਮ ਨੂੰ ਈਸਾਈ ਧਰਮ ਤੋਂ ਛੋਟਾ ਦੱਸਿਆ ਹੈ। ਬੋਨੀ ਅਜਨਾਲਾ ਨੇ ਕਿਹਾ ਕਿ ਸਿੱਖ ਧਰਮ ਛੋਟਾ ਬੱਚਾ ਹੈ।

By  KRISHAN KUMAR SHARMA May 1st 2024 03:55 PM -- Updated: May 1st 2024 04:05 PM

BJP Leader Amarpal Singh Bonny Ajnala Controversy: ਕਾਂਗਰਸੀ (Congress) ਆਗੂ ਵੱਲੋਂ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ ਤੋਂ ਬਾਅਦ ਹੁਣ ਭਾਜਪਾ ਆਗੂ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਇੱਕ ਚੋਣ ਮੀਟਿੰਗ ਦੌਰਾਨ ਸਿੱਖ ਧਰਮ ਨੂੰ ਈਸਾਈ ਧਰਮ ਤੋਂ ਛੋਟਾ ਦੱਸਿਆ ਹੈ। ਬੋਨੀ ਅਜਨਾਲਾ ਨੇ ਕਿਹਾ ਕਿ ਸਿੱਖ ਧਰਮ ਛੋਟਾ ਬੱਚਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਇਹ ਵਿਵਾਦਤ ਬਿਆਨ ਅੰਮ੍ਰਿਤਸਰ (Amritsar) ਵਿਖੇ ਈਸਾਈ ਭਾਈਚਾਰੇ ਦੇ ਇੱਕ ਸਮਾਗਮ ਦੌਰਾਨ ਦਿੱਤਾ, ਜਦੋਂ ਉਹ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ (Taranjit Singh Sandhu) ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਕਿਹਾ, ''ਜੇ ਸਭ ਤੋਂ ਵੱਡਾ ਕੋਈ ਧਰਮ ਹੈ, ਮਸੀਹੀ ਭਾਈਚਾਰਾ 2024 ਦਾ ਹੈ ਤੇ ਸਭ ਤੋਂ ਛੋਟਾ ਧਰਮ..ਸਭ ਤੋਂ ਛੋਟਾ ਬੱਚਾ, ਉਹ ਸਿੱਖ ਧਰਮ ਹੈ, ਸਭ ਤੋਂ ਛੋਟਾ ਭਰਾ ਸਿੱਖ ਹੈ, ਵੱਡਾ ਭਰਾ ਪ੍ਰਭੂ ਯਿਸੂ ਮਸੀਹ ਹੈ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਹੈ, ਸਾਢੇ 500 ਸਾਲ ਹੋਏ ਹੈ।''

ਐਸਜੀਪੀਸੀ ਨੇ ਪ੍ਰਗਟਾਇਆ ਇਤਰਾਜ਼

ਬੋਨੀ ਅਜਨਾਲਾ ਦੇ ਇਸ ਬਿਆਨ ਤੋਂ ਬਾਅਦ ਸਿੱਖ ਜਗਤ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ 'ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਬੋਨੀ ਅਜਨਾਲਾ ਵੱਲੋਂ ਸਿੱਖ ਧਰਮ ਨੂੰ ਛੋਟਾ ਬੱਚਾ ਕਹਿ ਕੇ ਸਿੱਖੀ ਦੀ ਤੌਹੀਨ ਕੀਤੀ ਗਈ ਹੈ, ਜਿਸ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਪਹੁੰਚੀ ਹੈ ਅਤੇ ਹੁਣ ਕਿਸਾਨਾਂ ਤੋਂ ਬਾਅਦ ਹੁਣ ਸਿੱਖ ਵੀ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਸਵਾਲ ਕਰਨਗੇ।

ਦੱਸ ਦਈਏ ਕਿ ਅਮਰਪਾਲ ਸਿੰਘ ਬੋਨੀ ਅਜਨਾਲਾ ਫਰਵਰੀ 2023 'ਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਭਾਜਪਾ ਦੇ ਸੀਨੀਅਰ ਆਗੂ ਗਜੇਂਦਰ ਸਿੰਘ ਸ਼ੇਖਾਵਤ ਨੇ ਪਾਰਟੀ 'ਚ ਸ਼ਮੂਲੀਅਤ ਕਰਵਾਈ ਸੀ।

ਵਿਵਾਦ ਭਖਣ ਤੋਂ ਬਾਅਦ ਭਾਜਪਾ ਆਗੂ ਨੇ ਮੰਗੀ ਮਾਫੀ

ਉਧਰ, ਜਦੋਂ ਮਾਮਲਾ ਭਖਦਾ ਨਜ਼ਰ ਆਇਆ ਤਾਂ ਭਾਜਪਾ ਆਗੂ ਬੋਨੀ ਅਜਨਾਲਾ ਨੇ ਤੁਰੰਤ ਮਾਫੀ ਮੰਗ ਲਈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਬੀਤੀ ਦੇਰ ਰਾਤ ਉਨ੍ਹਾਂ ਵੱਲੋਂ ਇੱਕ ਸਮਾਗਮ ਦੌਰਾਨ ਦਿੱਤੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਸ ਨੇ ਕੀਤੀ ਹੈ ਉਨ੍ਹਾਂ ਨੂੰ ਇਹ ਵੀ ਪਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਭਾਵਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਹਰ ਧਰਮ ਦਾ ਸਤਿਕਾਰ ਕਰਦਾ ਸੀ, ਕਰਦਾ ਹਾਂ ਅਤੇ ਕਰਦਾ ਰਹਾਂਗਾ, ਜਿਸ ਕਿਸੇ ਨੂੰ ਵੀ ਉਨ੍ਹਾਂ ਦੇ ਇਸ ਬਿਆਨ ਨਾਲ ਠੇਸ ਪਹੁੰਚੀ ਹੈ ਉਹ ਮੁਆਫੀ ਮੰਗਦੇ ਹਨ ਤੇ ਉਨ੍ਹਾਂ ਨੂੰ ਸੰਗਤ ਅਤੇ ਵਾਹਿਗੁਰੂ 'ਤੇ ਭਰੋਸਾ ਹੈ ਕਿ ਉਹ ਬਖ਼ਸ਼ਣਹਾਰ ਹੈ।

Related Post