Amar Shaheed Baba Deep Singh Ji: ਇਤਿਹਾਸਿਕ ਘਟਨਾਵਾਂ ਮਨੁੱਖੀ ਜੀਵਨ 'ਤੇ ਪ੍ਰਭਾਵ ਪਾਉਂਦੀਆਂ ਹਨ ਅਤੇ ਇਹ ਪ੍ਰਭਾਵ ਹੋਰ ਵੀ ਵਧੇਰੇ ਤੀਖਣ ਹੋ ਜਾਂਦਾ ਹੈ, ਜਦੋਂ ਧਰਮ ਦਾ ਅੰਸ਼ ਇਹਨਾਂ ਵਿਚ ਰਲਿਆ ਹੋਵੇ। ਗੁਰੂ ਗ੍ਰੰਥ ਸਾਹਿਬ ਸਿੱਖ ਜੀਵਨ ਜਾਂਚ ਦਾ ਕੇਂਦਰ ਬਿੰਦੂ ਹਨ। ਸਿੱਖਾਂ ਦਾ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਵਿਚ ਇਸ ਧਰਮ ਗ੍ਰੰਥ ਦੀ ਸਿੱਖਿਆ ਅਨੁਸਾਰ ਜੀਵਨ ਪੰਧ ਤੈਅ ਕਰਦੇ ਹੋਏ ਸਿੱਖਾਂ ਨੇ ਅਜਿਹੇ ਕੀਰਤੀਮਾਨ ਸਥਾਪਿਤ ਕੀਤੇ ਹਨ ਜੋ ਕਿ ਸਦੀਵੀ ਤੌਰ 'ਤੇ ਇਤਿਹਾਸ ਦੇ ਪੰਨਿਆਂ ਉੱਤੇ ਉਕਰ ਚੁੱਕੇ ਹਨ।
ਇਹਨਾਂ ਹੀ ਮਹਾਨ ਸ਼ਖ਼ਸੀਅਤਾਂ ਦਾ ਭਾਵੇਂ ਪ੍ਰਕਾਸ਼ ਪੁਰਬ ਹੋਵੇ ਤੇ ਭਾਵੇਂ ਸ਼ਹਾਦਤ ਦਾ ਦਿਨ ਹੋਵੇ, ਜਦੋਂ ਵੀ ਇਹਨਾਂ ਨੂੰ ਯਾਦ ਕਰਦੇ ਹਾਂ ਤਾਂ ਉਨਾਂ ਦੁਆਰਾ ਕੀਤੇ ਕਾਰਨਾਮੇ, ਜੋ ਕਿ ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਉਕਰੇ ਗਏ ਹਨ, ਸਮੇਂ-ਸਮੇਂ 'ਤੇ ਇਹ ਇਤਿਹਾਸਿਕ ਪੰਨੇ ਸਿੱਖਾਂ ਨੂੰ ਹਲੂਣਾ ਦਿੰਦੇ ਰਹਿੰਦੇ ਹਨ ਤਾਂ ਕਿ ਉਹ ਆਪਣੇ ਰਹਿਬਰ ਅਤੇ ਇਸ਼ਟ ਦੇ ਮਾਰਗ 'ਤੇ ਅਡੋਲ ਅੱਗੇ ਵਧਦੇ ਰਹਿਣ। ਇਤਿਹਾਸ ਦੀਆਂ ਘਟਨਾਵਾਂ ਸਾਡੇ ਚੇਤੇ ਵਿਚ ਕਾਇਮ ਰਹਿਣ।
ਅੱਜ ਅਸੀਂ ਇਥੇ ਅਜਿਹੀ ਹੀ ਮਹਾਨ ਪ੍ਰਮੁੱਖ ਸ਼ਖ਼ਸੀਅਤ ਦੇ ਗੁਰਮਤਿ ਜੀਵਨ ਸੰਬੰਧੀ ਵਿਚਾਰ ਕਰਾਂਗੇ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਛਤਰ ਛਾਇਆ ਅਤੇ ਰਹਿਨੁਮਾਈ ਹੇਠ ਗੁਰਮਤਿ ਆਦਰਸ਼ ਕਾਇਮ ਕੀਤੇ। ਇਹ ਮਹਾਨ ਸ਼ਖ਼ਸੀਅਤ ਹਨ : ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ। ਇਹ ਉਹ ਮਹਾਨ ਸ਼ਖਸ਼ੀਅਤ ਹਨ, ਜਿਨ੍ਹਾਂ ਨੇ ਧਰਮ ਦੇ ਮਾਰਗ 'ਤੇ ਚਲਦਿਆਂ ਕਦੇ ਵੀ ਆਪਣੀ ਪਿੱਠ ਨਹੀਂ ਦਿਖਾਈ ਸਗੋਂ ਅੱਗੇ ਹੀ ਅੱਗੇ ਵਧਦੇ ਰਹੇ ਅਤੇ ਸਿੱਖ ਕੌਮ ਦੇ ਲਈ ਆਪਣਾ ਬਲੀਦਾਨ ਦਿੱਤਾ ਅਤੇ ਸ਼ਹਾਦਤ ਦਾ ਜਾਮ ਪੀਤਾ।
ਸ਼ਹਾਦਤ ਦਾ ਸ਼ਬਦੀ ਅਰਥ ਮਹਾਨ ਕੋਸ਼ ਅਨੁਸਾਰ ਗਵਾਹੀ ਦੇਣਾ, ਸਾਖੀ ਭਰਨਾ ਹੈ। ਅਜਿਹਾ ਕੰਮ ਜਿਸ ਦੀ ਲੋਕ ਸਾਖੀ ਦੇਣ। ਦੇਸ਼, ਕੌਮ ਤੇ ਧਰਮ ਦੀ ਖਾਤਰ ਜਾਣ ਵਾਰਨਾ ਅਸਲ ਸ਼ਹਾਦਤ ਹੈ। ਸ਼ਹਾਦਤ ਜ਼ਬਰ, ਜ਼ੁਲਮ ਦੇ ਖਿਲਾਫ਼ ਇਕ ਬੁਲੰਦ ਆਵਾਜ਼ ਹੈ ਅਤੇ ਸ਼ਹੀਦ ਉਹ ਹੁੰਦੇ ਹਨ ਜੋ ਧਰਮ ਦੀ ਖਾਤਰ ਆਪਾ ਵਾਰ ਦਿੰਦੇ ਹਨ। ਉਹ ਸਦੀਵੀ ਸੱਚ ਲਈ ਆਪਣੇ ਰਹਿਬਰਾਂ ਦੁਆਰਾ ਨਿਰਧਾਰਿਤ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਇਹਨਾਂ ਨੂੰ ਤੋੜਨ ਵਾਲਿਆਂ ਵਿਰੁੱਧ ਡਟ ਜਾਂਦੇ ਹਨ। ਸੱਚ 'ਤੇ ਪਹਿਰਾ ਦਿੰਦੇ ਹਨ ਅਤੇ ਇਸ ਦੀ ਬਹਾਲੀ ਅਤੇ ਬਰਕਰਾਰੀ ਲਈ ਆਪਣੇ ਜੀਵਨ ਦੀ ਕੁਰਬਾਨੀ ਦੇ ਦਿੰਦੇ ਹਨ।
ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੂਵਿੰਡ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਚ ਮਾਤਾ ਜੀਵਨੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਘਰ ਹੋਇਆ। ਬਾਬਾ ਦੀਪ ਸਿੰਘ ਜੀ ਦਾ ਬਚਪਨ ਪਿੰਡ ਵਿਚ ਹੀ ਬਤੀਤ ਹੋਇਆ ਅਤੇ ਥੋੜੀ ਸੁਰਤਿ ਸੰਭਾਲਣ ਉਪਰੰਤ ਬਾਬਾ ਦੀਪ ਸਿੰਘ ਜੀ ਅਨੰਦਪੁਰ ਸਾਹਿਬ ਚਲੇ ਗਏ। ਜਿਥੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤਪਾਨ ਕੀਤਾ। ਆਪ ਹਮੇਸ਼ਾਂ ਬਾਣੀ ਦੇ ਪਾਠ, ਭਜਨ ਬੰਦਗੀ ਵਿਚ ਮਸਤ ਰਹਿੰਦੇ ਸਨ। ਆਪ ਸਡੋਲ ਸਰੀਰ ਅਤੇ ਦ੍ਰਿੜ੍ਹ ਇਰਾਦੇ ਵਾਲੇ ਮਹਾਨ ਵਿਦਵਾਨ ਅਤੇ ਯੋਧੇ ਸਨ। ਆਪ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਵਿਚ ਕਾਫੀ ਯੋਗਦਾਨ ਪਾਇਆ।
ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਾਬਾ ਦੀਪ ਸਿੰਘ ਜੀ ਨੇ ਕਲਗੀਧਰ ਦਸਮੇਸ਼ ਪਿਤਾ ਜੀ ਪਾਸੋਂ ਤੀਰ ਅੰਦਾਜ਼ੀ, ਘੋੜ ਸਵਾਰੀ ਜਿਹੇ ਗੁਣ ਗ੍ਰਹਿਣ ਕੀਤੇ। ਇੰਨਾ ਹੀ ਨਹੀਂ, ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਦੀ ਨਿਗਰਾਨੀ ਹੇਠ ਹੀ ਸੰਸਕ੍ਰਿਤ, ਬ੍ਰਿਜ, ਗੁਰਮੁਖੀ ਅਨੇਕਾਂ ਭਾਸ਼ਾਵਾਂ ਦਾ ਗਿਆਨ ਹਾਸਿਲ ਕੀਤਾ। ਇਸ ਉਪਰੰਤ ਬਾਬਾ ਦੀਪ ਸਿੰਘ ਜੀ ਗੁਰੂ ਪਾਤਿਸ਼ਾਹ ਜੀ ਦੀ ਅਸੀਸ ਸਦਕਾ ਦਮਦਮਾ ਸਾਹਿਬ ਦੀ ਧਰਤੀ 'ਤੇ ਚਲੇ ਗਏ ਅਤੇ ਉਥੇ ਜਾ ਕੇ ਉਹ ਬੱਚਿਆਂ ਨੂੰ ਗੁਰਬਾਣੀ ਸੰਥਿਆ ਅਤੇ ਗੁਰਮਤਿ ਦੀ ਸਿਖਲਾਈ ਦੇਣ ਲੱਗ ਪਏ। ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਰਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਉਤਾਰੇ ਕੀਤੇ।
ਅਨੰਦਪੁਰ ਸਾਹਿਬ ਛੱਡਣ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋਂ ਜ਼ਿਲ੍ਹਾ ਬਠਿੰਡਾ ਵਿਚ ਆ ਗਏ। ਇਥੇ ਹੀ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਜਾਣ। ਇਸ ਉਦੇਸ਼ ਲਈ ਗੁਰੂ ਸਾਹਿਬ ਨੇ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਧੀਰਮਲੀਆਂ ਤੋਂ ਲਿਆਉਣ ਲਈ ਸਿੱਖਾਂ ਨੂੰ ਭੇਜਿਆ।
ਇਹ ਵੀ ਪੜ੍ਹੋ: ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦਾ ਰਾਜ, ਰਾਜ ਪਿੱਛੇ ਸਰਬੱਤ ਖਾਲਸਾ ਤੋਂ ਕਿਉਂ ਮੰਗੀ ਸੀ ਮੁਆਫ਼ੀ? ਜਾਣੋ
ਉਥੋਂ ਜਵਾਬ ਮਿਲਣ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾਈ ਅਤੇ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ। ਕਿਹਾ ਜਾਂਦਾ ਹੈ ਕਿ ਇਸੇ ਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਟਕਸਾਲ ਆਰੰਭ ਹੋਈ ਜੋ ਅੱਜ ਦਮਦਮੀ ਟਕਸਾਲ ਦੇ ਨਾਮ ਨਾਲ ਜਾਣੀ ਜਾਂਦੀ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਦੱਖਣ ਵੱਲ ਜਾਣ ਲੱਗੇ ਤਾਂ ਉਹਨਾਂ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਰਹਿ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਅਤੇ ਗੁਰਬਾਣੀ ਪੜ੍ਹਨ ਪੜਾਉਣ ਅਤੇ ਲਿਖਵਾਉਣ ਦੀ ਸੇਵਾ ਸੌਂਪੀ ਅਤੇ ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਬਹੁਤ ਸ਼ਰਧਾ ਅਤੇ ਪ੍ਰੇਮ ਨਾਲ ਨਿਭਾਈ। ਆਪ ਖੁਦ ਗੁਰਬਾਣੀ ਦੇ ਅਭਿਆਸੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਦਿਲਚਸਪੀ ਨਾਲ ਇਹ ਕਾਰਜ ਕਰਦੇ ਅਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਂਦੇ। ਕਿਹਾ ਜਾਂਦਾ ਹੈ ਕਿ ਇਸੇ ਸਮੇਂ ਦੌਰਾਨ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦਾ ਹੱਥੀ ਉਤਾਰਾ ਕੀਤਾ। ਬਾਬਾ ਦੀਪ ਸਿੰਘ ਜੀ ਵੱਲੋਂ ਤਿਆਰ ਕੀਤੀਆਂ ਹੋਈਆਂ ਬੀੜਾਂ ਅੱਜ ਵੀ ਸਿੱਖ ਪੰਥ ਦੇ ਤਖਤਾਂ ਦੇ ਉੱਪਰ ਸੁਭਾਇਮਾਨ ਹਨ।
ਇਸ ਤੋਂ ਉਪਰੰਤ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਜੀ ਨੇ ਵੀ ਉਹਨਾਂ ਦੇ ਨਾਲ ਜੰਗਾਂ ਵਿਚ ਹਿੱਸਾ ਲਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਬਾਬਾ ਜੀ ਪੱਕੇ ਤੌਰ 'ਤੇ ਤਲਵੰਡੀ ਸਾਬੋ ਆ ਟਿਕੇ ਅਤੇ ਫਿਰ ਗੁਰਬਾਣੀ ਦਾ ਕਾਰਜ ਆਰੰਭ ਕਰ ਦਿੱਤਾ। 1748 ਈ: ਵਿਚ ਸਿੱਖਾਂ ਦੇ 65 ਛੋਟੇ ਛੋਟੇ ਜੱਥਿਆਂ ਨੂੰ 12 ਵੱਡੇ ਜੱਥਿਆਂ ਵਿਚ ਸੰਗਠਿਤ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦਾਂ ਦੀ ਮਿਸਲ ਦਾ ਜੱਥੇਦਾਰ ਥਾਪਿਆ ਗਿਆ।
ਇਹ ਵੀ ਪੜ੍ਹੋ: ਅੱਠ ਸਾਲਾਂ ਦੀ ਖੋਜ ਮਗਰੋਂ ਉਜਾਗਰ ਹੋਇਆ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨਾਲ ਸਬੰਧਿਤ ਇਤਿਹਾਸਿਕ ਸਥਾਨ
ਜਿਥੇ ਬਾਬਾ ਦੀਪ ਸਿੰਘ ਜੀ ਉੱਚ ਕੋਟੀ ਦੇ ਮਹਾਨ ਵਿਦਵਾਨ ਸਨ, ਉਥੇ ਬਾਬਾ ਦੀਪ ਸਿੰਘ ਜੀ ਅਣਖੀਲੇ ਸੂਰਬੀਰ ਯੋਧੇ ਵੀ ਸਨ। ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਮੁਤਾਬਿਕ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਗਲਾਂ ਨੇ ਬੇਅਦਬੀ ਕੀਤੀ ਤਾਂ ਬਾਬਾ ਦੀਪ ਸਿੰਘ ਜੀ ਰੋਹ ਵਿਚ ਆ ਗਏ। ਉਹਨਾਂ ਨੇ ਕਲਮ ਨੂੰ ਛੱਡ ਕੇ ਸਿੱਖਾਂ ਦਾ ਜੱਥਾ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਵੱਲ ਚਾਲੇ ਪਾ ਦਿੱਤੇ ਅਤੇ ਤਰਨਤਾਰਨ ਸਾਹਿਬ ਦੀ ਧਰਤੀ 'ਤੇ ਪਹੁੰਚ ਗਏ। ਤਰਨਤਾਰਨ ਸਾਹਿਬ ਦੀ ਧਰਤੀ 'ਤੇ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਨੇ ਇਕ ਲਕੀਰ ਖਿੱਚੀ ਅਤੇ ਆਖਿਆ, ਜਿਹੜਾ ਸ਼ਹਾਦਤ ਦਾ ਜਾਮ ਪੀਣਾ ਚਾਹੁੰਦਾ ਹੈ, ਉਹ ਇਸ ਲਕੀਰ ਨੂੰ ਟੱਪ ਕੇ ਮੇਰੇ ਨਾਲ ਆ ਜਾਵੇ ਅਤੇ ਜਦੋਂ ਸਿੰਘਾਂ ਨੇ ਉਹ ਲਕੀਰ ਵੇਖੀ ਤਾਂ ਇਕੋ ਪ੍ਰਣ ਸਿੱਖੀ ਸਿਧਾਂਤ ਹਿਰਦੇ ਵਿਚ ਪਾਲਿਆ
"ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥"
ਇਸ ਸਿਧਾਂਤ ਨੂੰ ਆਪਣੇ ਹਿਰਦੇ ਵਿਚ ਪਾਲ ਕੇ ਸਾਰੇ ਹੀ ਸਿੰਘਾਂ ਨੇ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਨਾਲ ਜਾਣ ਦਾ ਦ੍ਰਿੜ੍ਹ ਇਰਾਦਾ ਕੀਤਾ। ਜਿਥੇ ਲਕੀਰ ਖਿੱਚੀ ਗਈ, ਅੱਜ ਵੀ ਉਸ ਥਾਂ 'ਤੇ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ। ਤਰਨਤਾਰਨ ਸਾਹਿਬ ਦੀ ਧਰਤੀ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਘਮਾਸਾਨ ਦਾ ਯੁੱਧ ਹੋਇਆ। ਬਾਬਾ ਦੀਪ ਸਿੰਘ ਜੀ ਵੀ ਆਪਣੇ ਹੱਥ ਵਿਚ 18 ਸੇਰ ਦਾ ਖੰਡਾ ਪਕੜ ਕੇ ਦਰਬਾਰ ਸਾਹਿਬ ਵੱਲ ਅੱਗੇ ਵੱਧ ਰਹੇ ਸਨ। ਜੰਗ-ਏ-ਮੈਦਾਨ ਵਿਚ ਮੁਗਲਾਂ ਦਾ ਫ਼ੌਜਦਾਰ ਜਮਾਲ ਖਾਂ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆਇਆ।
ਬਾਬਾ ਦੀਪ ਸਿੰਘ ਜੀ ਦੇ ਇਕੋ ਵਾਰ ਨਾਲ ਹੀ ਜਮਾਲ ਖਾਂ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ ਅਤੇ ਦੂਜੇ ਪਾਸੇ ਬਾਬਾ ਦੀਪ ਸਿੰਘ ਜੀ ਦੇ ਸੀਸ 'ਤੇ ਵੀ ਗਹਿਰਾ ਫੱਟ ਵੱਜਿਆ। ਬਾਬਾ ਦੀਪ ਸਿੰਘ ਜੀ ਆਪਣਾ ਸੀਸ ਤਲੀ 'ਤੇ ਟਿਕਾ ਕੇ ਲੜਦੇ ਹੋਏ ਅੱਗੇ ਵੱਧ ਰਹੇ ਸਨ। ਜਦੋਂ ਮੁਗਲਾਂ ਨੇ ਦੇਖਿਆ ਕਿ ਗੁਰੂ ਕੇ ਸਿੱਖ ਤਾਂ ਬਿਨ੍ਹਾਂ ਸੀਸ ਤੋਂ ਵੀ ਲੜਦੇ ਆ ਰਹੇ ਹਨ ਤਾਂ ਉਨਾਂ ਦੇ ਹੌਂਸਲੇ ਉੱਥੇ ਹੀ ਢਹਿ-ਢੇਰੀ ਹੋ ਗਏ ਤੇ ਉਨ੍ਹਾਂ ਨੇ ਵਾਪਿਸ ਭੱਜਣਾ ਸ਼ੁਰੂ ਕਰ ਦਿੱਤਾ। ਬਾਬਾ ਦੀਪ ਸਿੰਘ ਜੀ ਨੇ ਆਪਣੀ ਕੀਤੀ ਹੋਈ ਅਰਦਾਸ ਦੇ ਮੁਤਾਬਿਕ ਆਪਣਾ ਸੀਸ ਗੁਰੂ ਚਰਨਾਂ ਦੇ ਵਿਚ ਭੇਟ ਕੀਤਾ।
ਇਹ ਵੀ ਪੜ੍ਹੋ: ਸਿੱਖ ਇਤਿਹਾਸ ਨਾਲ ਕਿਉਂ ਜੁੜਿਆ ਹੈ ਚਾਬੀਆਂ ਦਾ ਮੋਰਚਾ, ਜਾਣੋ
ਇਕ ਵਿਦਵਾਨ ਦੇ ਬੜੇ ਸੋਹਣੇ ਸ਼ਬਦ ਹਨ ਜੋ ਬਾਬਾ ਦੀਪ ਸਿੰਘ ਜੀ ਦੇ ਮੂੰਹੋਂ ਚੋਂ ਕਢਾਏ ਹਨ 'ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਲੋਕ ਕੜਾਹ ਪ੍ਰਸ਼ਾਦ ਚੜਾਉਣ ਤੇਰੇ ਦਰ 'ਤੇ ਪਰ ਸੀਸ ਪ੍ਰਸ਼ਾਦ ਚੜਾਵਾਂਗਾ ਮੈਂ'। ਬਾਬਾ ਦੀਪ ਸਿੰਘ ਜੀ ਅਤੇ ਸਮੂਹ ਸਿੰਘਾਂ ਦਾ ਜਿਥੇ ਸਸਕਾਰ ਕੀਤਾ ਗਿਆ ਸੀ, ਅੱਜ ਉਸ ਥਾਂ ਦੇ ਉੱਪਰ ਗੁਰਦੁਆਰਾ ਸ਼ਹੀਦਾ ਸਾਹਿਬ ਭਾਵ ਬਾਬਾ ਦੀਪ ਸਿੰਘ ਦੇ ਨਾਂ 'ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਬਾਬਾ ਦੀਪ ਸਿੰਘ ਜੀ ਦਾ ਖੰਡਾ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਸਤਰਾਂ ਵਿਚ ਸਾਂਭਿਆ ਪਿਆ ਹੈ।