ਬਿਕਰਮ ਸਿੰਘ ਮਜੀਠੀਆ ਨੇ CM ਮਾਨ ਦੇ ਦਾਅਵੇ ਦੀ ਖੋਲ੍ਹੀ ਪੋਲ

By  Pardeep Singh December 4th 2022 07:37 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਅਮਰੀਕੀ ਏਜੰਸੀਆਂ ਵੱਲੋਂ ਹਿਰਾਸਤ ਵਿਚ ਲੈਣ ਤੇ ਫਿਰ ਉਨ੍ਹਾਂ ਛੇਤੀ ਪੰਜਾਬ ਲਿਆਉਣ ਦੇ ਦਾਅਵੇ ਦੇ ਝੂਠ ਕਿਉਂ ਬੋਲੇ।

 ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਜਰਾਤ ਵਿਚ ਸਨਸਨਖੇਜ਼ ਦਾਅਵਾ ਕਿ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ, ਕੀਤਿਆਂ ਨੂੰ 48 ਘੰਟੇ ਤੋਂ ਵੱਧ ਬੀਤ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਬਿਆਨ ਸੂਬੇ ਦੇ ਮੁਖੀ ਵਜੋਂ ਦਿੱਤਾ ਸੀ ਪਰ 48 ਘੰਟੇ ਬੀਤਣ ਮਗਰੋਂ ਵੀ ਗੋਲਡੀ ਬਰਾੜ ਨੂੰ ਹਿਰਾਸਤ ਵਿਚ ਲੈਣ ਦੀ ਕੋਈ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਅਤੇ ਕੇਂਦਰੀ ਏਜੰਸੀਆਂ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇ ਦੀ ਪੁਸ਼ਟੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।

 ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਾਅਵਾ ਉਹਨਾਂ ਦੇ ਪਹਿਲਾਂ ਕੀਤੇ ਝੂਠੇ ਦਾਅਵਿਆਂ ਵਰਗਾ ਹੀ ਹੈ। ਉਨ੍ਹਾਂ  ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੁਜਰਾਤ ਵਿਚ ਕੀਤੇ ਦਾਅਵਿਆਂ ਤੋਂ ਪੰਜਾਬੀ ਹੈਰਾਨ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਦੀਆਂ ਕਾਰਵਾਈਆਂ ਤੋਂ ਜਿਹੜੇ ਪਰਿਵਾਰ ਪ੍ਰਭਾਵਤ ਹੋਏ ਹਨ, ਉਹ ਉਹਨਾਂ ਦੇ ਦਾਅਵੇ ’ਤੇ ਵਿਸ਼ਵਾਸ ਕਰ ਰਹੇ ਸਨ ਕਿਉਂਕਿ ਉਨ੍ਹਾਂ ਦੀਆਂ ਭਾਵਨਾਵਾਂ ਇਸਮੁੱਦੇ  ਨਾਲ ਜੁੜੀਆਂ ਹਨ। ਹੁਣ ਜਦੋਂ ਉਹਨਾਂ ਦਾ ਦਾਅਵਾ ਝੂਠਾ ਤੇ ਗੁੰਮਰਾਹਕੁੰਨ ਨਿਕਲਿਆ ਹੈ ਤਾਂ ਇਹ ਪਰਿਵਾਰ ਇਕ ਵਾਰ ਫਿਰ ਤੋਂ ਪੀੜਾ ਦੇ ਇਕ ਹੋਰ ਦੌਰ ਵਿਚੋਂ ਲੰਘੇ ਹਨ ਕਿਉਂਕਿ ਇਹਨਾਂ ਨੇ ਆਪਣੇ ਪਰਿਵਾਰਕ ਜੀਅ ਗੁਆਏ ਹਨ।

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਪਸ਼ਟ ਕਰਨ ਕਿ ਉਹਨਾਂ ਨੂੰ ਇਹ ਸੂਚਨਾ ਕਿਵੇਂ ਮਿਲੀ ਕਿ ਗੋਲਡੀ ਬਰਾੜ ਅਮਰੀਕਾ ਵਿਚ ਹਿਰਾਸਤ ਵਿਚ ਲਿਆ ਗਿਆ ਹੈ ? ਕੀ ਉਹਨਾਂ ਨੂੰ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਨੇ ਇਸਦੀ ਜਾਣਕਾਰੀ  ਦਿੱਤੀ  ਜਾਂ ਫਿਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜਾਂ ਕਿਸੇ ਹੋਰ ਅਮਰੀਕੀ ਅਧਿਕਾਰੀ ਦਾ ਫੋਨ ਆਇਆ ਜਾਂ ਫਿਰ ਅਮਰੀਕੀ ਏਜੰਸੀ ਐਫ ਬੀ ਆਈ ਨੇ ਸਿੱਧਾ ਉਹਨਾਂ ਨੂੰ ਸੂਚਿਤ ਕੀਤਾ ਜਾਂ ਉਹਨਾਂ ਦੇ ਹੋਰ ਸਰੋਤ ਹਨ ਜਿਹਨਾਂ ਤੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ।

 ਮਜੀਠੀਆ ਨੇ ਕਿਹਾ ਕਿ ਪਹਿਲਾਂ  ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਜਰਮਨੀ ਦੀ ਕਾਰ ਨਿਰਮਾਤਾ ਕੰਪਨੀ ਬੀ ਐਮ ਡਬਲਿਊ ਪੰਜਾਬ ਵਿਚ ਨਿਵੇਸ਼ ਕਰੇਗੀ ਜਦੋਂ ਕਿ ਕੰਪਨੀ ਨੇ ਉਹਨਾਂ ਦੇ ਬਿਆਨ ਦਾ ਜ਼ੋਰਦਾਰ ਖੰਡਨ ਕਰਦਿਆਂ ਅਜਿਹੀ ਕੋਈ ਯੋਜਨਾ ਹੋਣ ਤੋਂ ਨਾਂਹ ਕਰ ਦਿੱਤੀ ਸੀ।ਉਨ੍ਹਾਂ ਨੇਪੰਜਾਬ  ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਝੂਠੇ ਦਾਅਵੇ ਕਰਨ ਤੋਂ ਗੁਰੇਜ਼ ਕੀਤਾ ਜਾਵੇ ਨਹੀਂ ਤਾਂ ਲੋਕਾਂ ਵਿਚ ਉਹਨਾਂ ਬਾਰੇ ਧਾਰਨਾ ਪੱਕੀ ਹੋ ਜਾਵੇਗੀ ਇਹ ਤਾਂ ਸਿਰਫ ਝੂਠ ਹੀ ਬੋਲਦੇ ਹਨ।  

Related Post