ਬਿਕਰਮ ਸਿੰਘ ਮਜੀਠੀਆ ਦੀ CM ਮਾਨ ਨੂੰ ਖੁੱਲ੍ਹੀ ਚੁਣੌਤੀ; ਕਿਹਾ - ਖ਼ੁਦ ਬਣ ਜਾਓ SIT ਦੇ ਮੁਖੀ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਡਰੱਗ ਮਾਮਲੇ 'ਚ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਇਲਜ਼ਾਮ ਲਾਇਆ ਕਿ CM ਭਗਵੰਤ ਮਾਨ ਖ਼ੁਦ ਹੀ ਐੱਸਆਈਟੀ ਨੂੰ ਚਲਾ ਰਹੇ ਹਨ, ਜੋ ਕਿ ਮੰਦਭਾਗਾ ਹੈ।
ਸੀਨੀਅਰ ਅਕਾਲੀ ਆਗੂ ਨੂੰ 7 ਦਿਨ ਪਹਿਲਾਂ ਹੀ ਨੋਟਿਸ ਜਾਰੀ ਹੋਇਆ ਹੈ। ਜਿਸ 'ਤੇ ਬਿਕਰਮ ਸਿੰਘ ਮਜੀਠੀਆ ਨੇ ਸੀ.ਐੱਮ. ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਐੱਸਆਈਟੀ ਮੁਖੀ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁਖੀ ਦੀ ਸੇਵਾਮੁਕਤੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਅਗਵਾਈ ਹੇਠ ਐੱਸਆਈਟੀ ਬਣਾ ਲੈਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਉਹ ਭੱਜਣ ਵਾਲੇ ਨਹੀਂ ਹਨ। ਜਦੋਂ ਸ਼ਹੀਦੀ ਮਹੀਨਾ ਪੂਰਾ ਹੋਵੇਗਾ, ਉਹ ਹਰ ਗੱਲ ਦਾ ਜਵਾਬ ਦੇਣਗੇ।
ਇਹ ਵੀ ਪੜ੍ਹੋ: ਆਪਣੇ ਹੀ ਪਿਓ ’ਤੇ ਭੜਕੀ ਸੀਐੱਮ ਭਗਵੰਤ ਮਾਨ ਦੀ ਧੀ ਸੀਰਤ ਕੌਰ; ਨਾਲ ਕੀਤੀ ਇਹ ਅਪੀਲ, ਤੁਸੀਂ ਵੀ ਸੁਣੋ
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਇੱਕ ਬੱਚੀ ਦੇ ਨਾਲ ਖੜਨ ਦਾ ਐਲਾਨ ਕੀਤਾ ਹੈ, ਉਦੋਂ ਉਨ੍ਹਾਂ ਨੂੰ ਸੰਮਨ ਜਾਰੀ ਕਰ ਦਿੱਤੇ ਗਏ। ਮਜੀਠੀਆ ਨੇ ਪੁੱਛਿਆ ਕਿ ਦੋ ਸਾਲ ਤਕ ਇਸ ਕੇਸ ਬਾਰੇ ਕੋਈ ਨਹੀਂ ਬੋਲਿਆ, ਸਬੂਤ ਹਨ ਤਾਂ ਅਦਾਲਤ 'ਚ ਪੇਸ਼ ਕਰੋ, ਸਿਆਸੀਕਰਨ ਕਿਉਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ ਪਰ ਉਨ੍ਹਾਂ ਦੀ ਇਸ ਪੇਸ਼ੀ ਮੌਕੇ ਪਟਿਆਲਾ 'ਚ ਲੱਗਿਆ ਪੁਲਿਸ ਕਰਫੂ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਉਨ੍ਹਾਂ ਤੋਂ ਕਿੰਨਾ ਡਰਦੀ ਹੈ।
ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਈ.ਡੀ. ਨੂੰ ਸੱਦਿਆ ਪਰ ਉਹ ਭਗਵੰਤ ਮਾਨ ਦੇ ਜਹਾਜ਼ 'ਚ ਭੱਜ ਗਏ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਦੇ ਹਨ, ਇਸ ਲਈ ਸਿੱਟ ਅੱਗੇ ਪੇਸ਼ ਹੋਣ ਲਈ ਆਏ ਹਨ। ਮਜੀਠੀਆ ਨੇ ਕਿਹਾ ਕਿ 31 ਤਰੀਕ ਨੂੰ ਸਿੱਟ ਦੇ ਮੁਖੀ ਮੁਖਵਿੰਦਰ ਛੀਨਾ ਦੀ ਸੇਵਾਮੁਕਤੀ ਹੈ ਤੇ ਇਸ ਲਈ ਹੁਣ ਭਗਵੰਤ ਆਪ ਹੀ ਸਿੱਟ ਮੁਖੀ ਬਣ ਕੇ ਆਪਣੀ ਮਰਜ਼ੀ ਕਰ ਲੈਣ।
ਦੱਸਣਯੋਗ ਹੈ ਕਿ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮੋਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਮਜੀਠੀਆ 24 ਫਰਵਰੀ 2022 ਨੂੰ ਪਟਿਆਲਾ ਜੇਲ੍ਹ ਗਏ ਸਨ। 10 ਅਗਸਤ 2022 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਉਹ 11 ਅਗਸਤ ਨੂੰ ਬਾਹਰ ਆ ਗਏ ਸਨ।