Punjab Liquor Policy: ਦਿੱਲੀ ਸ਼ਰਾਬ ਨੀਤੀ ਘੁਟਾਲੇ ਮਗਰੋਂ ਮਜੀਠੀਆ ਨੇ ਪੰਜਾਬ ਸ਼ਰਾਬ ਨੀਤੀ ’ਤੇ ਚੁੱਕੇ ਸਵਾਲ

ਬਿਕਰਮ ਸਿੰਘ ਮਜੀਠੀਆ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਈਡੀ ਤੇ ਸੀਬੀਆਈ ਨੂੰ ਪੰਜਾਬ ਸ਼ਰਾਬ ਨੀਤੀ ਕੇਸ ’ਚ ਵੀ ਕਾਰਵਾਈ ਕੀਤੀ ਜਾਵੇ।

By  Aarti October 30th 2023 04:30 PM -- Updated: October 30th 2023 04:35 PM

Punjab Liquor Policy: ਸੁਪਰੀਮ ਕੋਰਟ ਵੱਲੋਂ ਮਨੀਸ਼ ਸਿਸੋਦੀਆ ਦੀ ਜਮਾਨਤ ਖਾਰਜ ਕਰਨ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਿਸ਼ਾਨੇ ’ਤੇ ਆ ਗਈ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਐਕਸਾਈਜ਼ ਪਾਲਿਸੀ ਦੀ ਜਾਂਚ ਦੀ ਮੰਗ ਕੀਤੀ ਹੈ।

ਨਿਸ਼ਾਨੇ ’ਤੇ ਆਮ ਆਦਮੀ ਪਾਰਟੀ 

ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਈਡੀ ਤੇ ਸੀਬੀਆਈ ਨੂੰ ਪੰਜਾਬ ਸ਼ਰਾਬ ਨੀਤੀ ਕੇਸ ’ਚ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿਸੋਦੀਆ, ਮਾਨ ਤੇ ਹਰਪਾਲ ਚੀਮਾ ਸਣੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਇੱਕੋ ਟੀਮ ਵੱਲੋਂ ਪਾਲਿਸੀ ਤਿਆਰ ਕੀਤੀ ਗਈ ਹੈ। 



ਬਿਕਰਮ ਮਜੀਠੀਆ ਨੇ ਕੀਤੀ ਇਹ ਅਪੀਲ 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ (ਐਕਸ) ’ਤੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਵਿਚ 338 ਕਰੋੜ ਰੁਪਏ ਦੀ ਪੈੜ ਤਕਰੀਬਨ ਨੱਪੀ ਗਈ ਹੈ ਤੇ ਅਦਾਲਤ ਨੇ ਆਪ ਆਗੂ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਮੈਂ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਸੀ ਬੀ ਆਈ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਸ਼ਰਾਬ ਘੁਟਾਲੇ ਦੀ ਜਾਂਚ ਵੀ ਸ਼ੁਰੂ ਕਰੇ ਕਿਉਂਕਿ ਇਹ ਨੀਤੀ ਵੀ ਮਨੀਸ਼ ਸਿਸੋਦੀਆ, ਭਗਵੰਤ ਮਾਨ, ਹਰਪਾਲ ਚੀਮਾ ਤੇ ਰਾਘਵ ਚੱਢਾ ਨੇ ਹੀ ਰਲ ਕੇ ਬਣਾਈ ਹੈ।  

'ਪੰਜਾਬ ਦੀ ਨੀਤੀ ਦਾ ਸੱਚ ਸਾਹਮਣੇ ਲਿਆਉਣਾ ਵੀ ਜਰੂਰੀ'

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਨੀਤੀ ਦਾ ਸੱਚ ਸਾਹਮਣੇ ਲਿਆਉਣਾ ਵੀ ਜ਼ਰੂਰੀ ਹੈ ਕਿਉਂਕਿ ਇਸ ਵਿਚ 500 ਕਰੋੜ ਰੁਪਏ ਤੋਂ ਵੱਧ ਦਾ ਘੁਟਾਲਾ ਕੀਤਾ ਗਿਆ ਹੈ। ਹੁਣ ਲੋਕਾਂ ਸਾਹਮਣੇ ਸਾਬਤ ਹੋ ਗਿਆ ਹੈ ਕਿ ਇਹ ਕੱਟੜ ਬੇਈਮਾਨ ਲੋਕਾਂ ਦੀ ਪਾਰਟੀ ਹੈ ਜਿਸ ਵਿਚ ਦੇਸ਼ ਦੇ ਸਭ ਤੋਂ ਭ੍ਰਿਸ਼ਟ ਆਗੂ ਮੋਹਰੀ ਹਨ।

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਕੋਈ ਰਾਹਤ 

ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਨੇ 247 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 'ਆਪ' ਨੇਤਾ ਸਿਸੋਦੀਆ 'ਤੇ ਦਿੱਲੀ ਦੀ ਸ਼ਰਾਬ ਨੀਤੀ 'ਚ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹਨ। ਉਸ ਨੂੰ 26 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਐਸਵਾਈਐਲ ਨਹਿਰ ਬਨਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ: ਸੁਨੀਲ ਜਾਖੜ

Related Post