ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ: ਬਿਕਰਮ ਸਿੰਘ ਮਜੀਠੀਆ

ਮਜੀਠੀਆ ਨੇ ਕਿਹਾ ਕਿ ਨਿਯਮਾਂ ਨੂੰ ਛੱਡੋ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਤਾਂ ਇਕ ਵਿਅਕਤੀ ਜਿਸ ’ਤੇ ਆਪ ਦੀ ਐਮ ਪੀ ਸਵਾਤੀ ਮਾਲੀਵਾਲ ਨਾਲ ਛੇੜਛਾੜ ਦਾ ਦੋਸ਼ ਹੈ ਤੇ ਇਸ ਕਾਰਣ ਉਹ ਜੇਲ੍ਹ ਵਿਚ ਵੀ ਰਿਹਾ ਹੈ, ਨੂੰ ਸੁਰੱਖਿਆ ਛੱਤਰੀ ਪ੍ਰਦਾਨ ਕਰਨ ਲੱਗਿਆਂ ਨੈਤਿਕਤਾ ਵੀ ਛਿੱਕੇ ਟੰਗ ਦਿੱਤੀ ਹੈ।

By  Amritpal Singh January 20th 2025 03:58 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਓ ਐਸ ਡੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਲਾਹਕਾਰ ਬਿਭਵ ਕੁਮਾਰ ਨੂੰ ਦਿੱਤੀ ਗਈ ਜ਼ੈਡ ਪਲੱਸ ਸੁਰੱਖਿਆ ਤੁਰੰਤ ਵਾਪਸ ਲਈ ਜਾਵੇ।

ਇਸ ਘਟਨਾਕ੍ਰਮ ’ਤੇ ਹੈਰਾਨੀ ਪ੍ਰਗਟ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਿਯਮਾਂ ਨੂੰ ਛੱਡੋ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਤਾਂ ਇਕ ਵਿਅਕਤੀ ਜਿਸ ’ਤੇ ਆਪ ਦੀ ਐਮ ਪੀ ਸਵਾਤੀ ਮਾਲੀਵਾਲ ਨਾਲ ਛੇੜਛਾੜ ਦਾ ਦੋਸ਼ ਹੈ ਤੇ ਇਸ ਕਾਰਣ ਉਹ ਜੇਲ੍ਹ ਵਿਚ ਵੀ ਰਿਹਾ ਹੈ, ਨੂੰ ਸੁਰੱਖਿਆ ਛੱਤਰੀ ਪ੍ਰਦਾਨ ਕਰਨ ਲੱਗਿਆਂ ਨੈਤਿਕਤਾ ਵੀ ਛਿੱਕੇ ਟੰਗ ਦਿੱਤੀ ਹੈ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਬਿਭਵ ਕੁਮਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਬਿਭਵ ਕੁਮਾਰ ਦਿੱਲੀ ਰਹਿੰਦੇ ਹਨ ਤਾਂ ਉਹਨਾਂ ਦੀ ਸੁਰੱਖਿਆ ਦਾ ਮਾਮਲਾ ਦਿੱਲੀ ਪੁਲਿਸ ਵੇਖ ਸਕਦੀ ਹੈ। ਉਹਨਾਂ ਕਿਹਾਕਿ  ਉਹਨਾਂ ਨੂੰ ਸੱਤ ਸੁਰੱਖਿਆ ਕਮਰੀ ਵੀ 24 ਘੰਟੇ ਮੁਹੱਈਆ ਕਰਵਾਉਣਾ ਕਿਸੇ ਵੀ ਤਰੀਕੇ ਵਾਜਬ ਨਹੀਂ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਗ੍ਰਹਿ ਮੰਤਰੀ ਹੋਣ ਦੇ ਨਾਅਤੇ ਇਹ ਫੈਸਲਾ ਕਿਉਂ ਲਿਆ। ਉਹਨਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਟੈਕਸ ਦਾਤਾਵਾਂ ਨੂੰ ਸੁਰੱਖਿਆ ਕਵਚ ਤੇ ਸੁਰੱਖਿਆ ਪ੍ਰਦਾਨ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਗੈਂਗਸਟਰਾਂ ’ਤੇ ਨਕੇਲ ਪਾਉਣ ਵਿਚ ਵੀ ਅਸਫਲ ਰਹੀ ਹੈ ਤੇ ਅਤਿਵਾਦੀ ਗਤੀਵਿਧੀਆਂ ਵੀ ਨਿਰੰਤਰ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਜੇਲ੍ਹਾਂ ਤਾਂ ਅਪਰਾਧੀਆਂ ਵਾਸਤੇ ਸੁਰੱਖਿਅਤ ਸਵਰਗ ਬਣ ਗਈਆਂ ਹਨ ਜਿਥੋਂ ਉਹ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾਉਂਦੇ ਹਨ।

ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਮੁੱਖ ਮੰਤਰੀ ਨੂੰ ਪੁਲਿਸ ਡਿਊਟੀਆਂ ਵਾਸਤੇ ਭਰਤੀ ਅਮਲੇ ਨੂੰ ਇਸ ਤਰੀਕੇ ਸਿਰਫ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਤਾਇਨਾਤ ਕਰਨਾ ਸੋਭਦਾ ਨਹੀਂ ਹੈ। ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਗਲਤ ਫੈਸਲਿਆਂ ਦਾ ਬਾਈਕਾਟ ਕਰੇ।

Related Post