Ludhiana Loot: ਲੁਧਿਆਣਾ ਲੁੱਟ ਮਾਮਲੇ 'ਚ ਵੱਡੀ ਅਪਡੇਟ; ਪੁਲਿਸ ਨੇ 10 'ਚੋਂ 5 ਮੁਲਜ਼ਮਾਂ ਨੂੰ ਦਬੋਚਿਆ

By  Jasmeet Singh June 14th 2023 09:14 AM -- Updated: June 14th 2023 01:48 PM

ਲੁਧਿਆਣਾ: CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਦੇ ਨਾਲ ਸੀ.ਐੱਮ. ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ। ਸੀ.ਐੱਮ. ਨੇ ਲਿਖਿਆ ਕਿ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਅਤੇ ਡੀਜੀਪੀ ਨੇ ਲਿਖਿਆ ਕਿ ਮਾਮਲਾ 60 ਘੰਟੇ ਤੋਂ ਪਹਿਲਾਂ ਹੱਲ ਕਰ ਲਿਆ ਗਿਆ ਹੈ। 

ਪੁਲਿਸ ਵੱਲੋਂ ਆਪ੍ਰੇਸ਼ਨ ਨੂੰ ਇੰਝ ਦਿੱਤਾ ਗਿਆ ਅੰਜਾਮ  

- ਪਿੰਡ ਮੰਡਿਆਣੀ ਦੇ ਦੋ ਨੌਜਵਾਨਾਂ ਦਾ ਖੁਲਾਸਾ

ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ

ਪਿੰਡ ਮੰਡਿਆਣੀ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਦੋ ਮੁੰਡੇ, ਜੋ CMS ਕੰਪਨੀ 'ਚ ਕੰਮ ਕਰਦੇ ਨੇ, ਜਿਨ੍ਹਾਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਰੋਊਂਡਅਪ 'ਚ ਲਿਆ ਸੀ। ਉਨ੍ਹਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ ਕਿ ਪੁਲਿਸ ਨੇ ਪਿੰਡ ਢੱਟ ਤੋਂ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਥੋਂ ਪੁਲਿਸ ਨੂੰ ਬਰਸਾਤੀ ਪਾਣੀ ਲਈ ਲਗਾਏ ਜਾਲ ਵਿੱਚ ਪਿਆ 12 ਲੱਖ ਰੁਪਏ ਨਾਲ ਭਰਿਆ ਬੈਗ ਵੀ ਮਿਲਿਆ ਹੈ। ਸਰਪੰਚ ਅਨੁਸਾਰ ਕੈਸ਼ ਵੈਨ ਪਿੰਡ ਪੰਡੋਰੀ ਤੋਂ ਉਨ੍ਹਾਂ ਦੇ ਪਿੰਡ ਮੰਡਿਆਣੀ ਵੱਲ ਨੂੰ ਸਿਰਫ਼ 1 ਸਕਿੰਟ ਲਈ ਰੁਕੀ। ਜਿਸ ਕਾਰਨ ਪੁਲਿਸ ਨੂੰ ਉਨ੍ਹਾਂ ਦੇ ਪਿੰਡ ਦੇ ਦੋਵੇਂ ਨੌਜਵਾਨਾਂ ’ਤੇ ਸ਼ੱਕ ਹੋਇਆ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ CMS ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਲੁੱਟ ਵਾਲੇ ਦਿਨ ਉਹ ਛੁੱਟੀ 'ਤੇ ਸੀ। ਇਸ ਨੌਜਵਾਨ ਨੇ 5 ਛੁੱਟੀਆਂ ਲਈਆਂ ਸਨ। ਜਸੀ ਕਰਕੇ ਸ਼ੱਕ ਹੋਣ 'ਤੇ ਪੁਲਿਸ ਨੇ ਪੁੱਛਗਿੱਛ ਕੀਤੀ।

- ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਇੰਝ ਜਾ ਕੇ ਫੜਿਆ 

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੰਡੋਰੀ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ’ਤੇ ਲੁਟੇਰਿਆਂ ਦੀ ਹਰਕਤ ਦੇਖੀ ਗਈ। ਇਸ ਦੌਰਾਨ ਪੁਲਿਸ ਨੇ ਪਿੰਡ ਢੱਟ ਨੇੜੇ ਜਾਲ ਵਿਛਾਇਆ। ਪਿੰਡ ਢੱਟ ਦੇ ਖੇਤਾਂ ਕੋਲ ਝਾੜੀਆਂ ਵਿੱਚ ਤਿੰਨ ਨੌਜਵਾਨ ਲੁਕੇ ਹੋਏ ਸਨ। ਪੁਲਿਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਭੰਗ ਪੀ ਰਹੇ ਸਨ। ਪੁਲਿਸ ਮੁਲਾਜ਼ਮਾਂ ਵੱਲੋਂ ਸਖ਼ਤੀ ਵਰਤੀ ਗਈ ਤਾਂ ਤਿੰਨਾਂ ਨੌਜਵਾਨਾਂ ਨੇ ਸੱਚਾਈ ਉਗਲ ਦਿੱਤੀ। ਪੁਲਿਸ ਨੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦੇ ਕਿਨਾਰੇ ਬਣੇ ਸੀਮਿੰਟ ਦੀ ਜਾਲੀ ਵਿੱਚ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ ਹੈ। ਇਹ ਨੌਜਵਾਨ ਉਥੇ ਪੈਸਿਆਂ ਨਾਲ ਭਰਿਆ ਬੈਗ ਲੈਣ ਆਏ ਸਨ।

- ਜਗਰਾਉਂ 'ਚ ਪਤੀ-ਪਤਨੀ ਦੇ ਬੈੱਡ ਤੋਂ 10 ਲੱਖ ਰੁਪਏ ਬਰਾਮਦ

ਬਜ਼ੁਰਗ ਔਰਤ ਕੁਲਵੰਤ ਕੌਰ

ਪਿੰਡ ਢੱਟ ਦੇ ਨੌਜਵਾਨ ਦੀ ਸੂਹ 'ਤੇ ਪੁਲਿਸ ਨੇ ਜਗਰਾਉਂ ਇਲਾਕੇ 'ਚ ਕੋਟਹਾਰੀ ਸਿੰਘ 'ਤੇ ਛਾਪਾ ਮਾਰਿਆ। ਪੁਲਿਸ ਨੇ ਤਲਾਸ਼ੀ ਦੌਰਾਨ ਇੱਕ ਘਰ ਦੇ ਬੈੱਡ ਤੋਂ 10 ਲੱਖ ਰੁਪਏ ਬਰਾਮਦ ਕੀਤੇ ਹਨ। ਉਸ ਘਰ ਦੀ ਬਜ਼ੁਰਗ ਔਰਤ ਕੁਲਵੰਤ ਕੌਰ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਘਰ ਦੀ ਚੈਕਿੰਗ ਕੀਤੀ। ਇਸ ਦੌਰਾਨ ਪੁਲਿਸ ਨੂੰ ਉਸ ਦੇ ਲੜਕੇ ਅਤੇ ਨੂੰਹ ਦੇ ਕਮਰੇ 'ਚ ਪਏ ਬੈੱਡ 'ਚੋਂ 10 ਲੱਖ ਰੁਪਏ ਮਿਲੇ ਹਨ। ਬਜ਼ੁਰਗ ਕੁਲਵੰਤ ਕੌਰ ਅਨੁਸਾਰ ਬੀਤੀ 9 ਜੂਨ ਦੀ ਰਾਤ ਨੂੰ ਉਸ ਦਾ ਲੜਕਾ ਤੇ ਨੂੰਹ ਕਿਤੇ ਗਏ ਹੋਏ ਸਨ ਅਤੇ ਉਹ ਸਵੇਰੇ ਘਰ ਵਾਪਸ ਪਰਤੇ ਸਨ। ਕੁਲਵੰਤ ਕੌਰ ਅਨੁਸਾਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਲੜਕੇ ਨੇ 10 ਲੱਖ ਰੁਪਏ ਮੰਜੇ ਵਿੱਚ ਲੁਕੋਏ ਹਨ, ਕਿਉਂਕਿ ਉਸਦਾ ਪੁੱਤਰ ਹਮੇਸ਼ਾ ਕਮਰੇ ਨੂੰ ਤਾਲਾ ਲਗਾ ਕੇ ਰੱਖਦਾ ਸੀ। ਕੁਲਵੰਤ ਕੌਰ ਅਨੁਸਾਰ ਉਸ ਦਾ ਲੜਕਾ ਕਰੀਬ 6 ਮਹੀਨੇ ਪਹਿਲਾਂ ਸਾਈਪ੍ਰਸ ਤੋਂ ਵਾਪਸ ਆਇਆ ਹੈ। ਬੇਟੇ ਦਾ 5 ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਆਪਣੀ ਪਤਨੀ ਨਾਲ ਸਾਈਪ੍ਰਸ ਵਿੱਚ ਰਹਿੰਦਾ ਸੀ।

- CMS ਕੰਪਨੀ ਦਾ ਲਾਇਸੰਸ ਰੱਦ ਕਰਨ ਦੀ ਸਿਫਾਰਿਸ਼ 



ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਡੀ.ਜੀ.ਪੀ. ਗੌਰਵ ਯਾਦਵ ਨੂੰ ਪੱਤਰ ਲਿਖ ਕੇ CMS ਕੰਪਨੀ ਦਾ ਲਾਇਸੰਸ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸਿੱਧੂ ਦਾ ਕਹਿਣਾ ਹੈ ਕਿ ਕੰਪਨੀ 'ਚ ਸੁਰੱਖਿਆ ਦੇ ਮਾਮਲੇ 'ਚ ਲਾਪ੍ਰਵਾਹੀ ਹੋਈ ਹੈ। ਕੰਪਨੀ ਵਿੱਚ ਜੁਗਾਡੂ ਸਿਸਟਮ ਨਾਲ ਕੰਮ ਚੱਲ ਰਿਹਾ ਸੀ। ਸਕਿਓਰਿਟੀ ਗਾਰਡਾਂ ਨੂੰ ਓਵਰਟਾਈਮ ਦਾ ਕੰਮ ਕਰਵਾਇਆ ਜਾ ਰਿਹਾ ਸੀ। ਕਰੋੜਾਂ ਰੁਪਏ ਦੀ ਨਕਦੀ ਨਾਲ ਸਿਰਫ਼ 2 ਗਾਰਡ ਤਾਇਨਾਤ ਸਨ। 

- ਕਲਾਊਡ ਵਿੱਚ ਨਹੀਂ ਸੀ ਸੀ.ਸੀ.ਟੀ.ਵੀ ਦੀ ਸਟੋਰੇਜ 

ਹਰੇਕ ਸੁਰੱਖਿਆ ਕੰਪਨੀ ਦੇ ਸੀ.ਸੀ.ਟੀ.ਵੀ-ਡੀ.ਵੀ.ਆਰਜ਼ ਨੂੰ ਆਨਲਾਈਨ ਕਲਾਊਡ ਸਿਸਟਮ ਨਾਲ ਜੋੜਿਆ ਗਿਆ ਹੈ ਤਾਂ ਜੋ ਜੇਕਰ ਕਦੇ ਲੁੱਟ-ਖੋਹ ਦੀ ਘਟਨਾ ਵਾਪਰਦੀ ਹੈ ਤਾਂ ਸੀ.ਸੀ.ਟੀ.ਵੀ. ਫੁਟੇਜ ਆਨਲਾਈਨ ਕਲਾਊਡ 'ਤੇ ਸੁਰੱਖਿਅਤ ਹੋ ਜਾਂਦੀ ਹੈ। CMS ਕੰਪਨੀ ਵਿੱਚ 50 ਦੇ ਕਰੀਬ ਸੀ.ਸੀ.ਟੀ.ਵੀ. ਕੈਮਰੇ ਅਤੇ ਪੰਜ ਡੀ.ਵੀ.ਆਰ ਲਗਾਏ ਗਏ ਸਨ। ਇਹ ਬਦਮਾਸ਼ ਸਾਰੇ ਡੀ.ਵੀ.ਆਰ ਆਪਣੇ ਨਾਲ ਲੈ ਗਏ। ਇਨ੍ਹਾਂ ਦੀ ਫੁਟੇਜ ਵੀ ਕਲਾਊਡ ਸਿਸਟਮ ਨਾਲ ਜੁੜੀ ਨਹੀਂ ਸੀ, ਜਿਸ ਕਾਰਨ ਪੁਲਿਸ ਲਈ ਇਨ੍ਹਾਂ ਦੀ ਪਛਾਣ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ।


- ਸੈਂਸਰ ਸਿਸਟਮ ਵੀ ਨਹੀਂ ਕਰ ਰਿਹਾ ਸੀ ਕੰਮ

CMS ਕੰਪਨੀ ਦਾ ਸੈਂਸਰ ਸਿਸਟਮ ਵੀ ਬਹੁਤ ਫਿੱਕਾ ਸੀ। ਇਸ ਨਾਲ ਲੁਟੇਰਿਆਂ ਨੂੰ ਕੰਪਨੀ ਦੇ ਅੰਦਰ ਵੜਨ 'ਚ ਮਦਦ ਮਿਲੀ। ਸੈਂਸਰ ਸਿਸਟਮ ਨੂੰ ਅੰਗੂਠੇ ਜਾਂ ਡਿਜੀਟਲ ਕਾਰਡ ਨਾਲ ਖੋਲ੍ਹਿਆ ਜਾਣਾ ਚਾਹੀਦਾ ਹੈ। ਜੇਕਰ ਕੋਈ ਸੈਂਸਰ ਸਿਸਟਮ ਨਾਲ ਛੇੜਛਾੜ ਕਰਦਾ ਹੈ ਤਾਂ ਤੁਰੰਤ ਸਾਇਰਨ ਦੀ ਆਵਾਜ਼ ਆਉਣੀ ਚਾਹੀਦੀ ਹੈ ਪਰ ਜਦੋਂ ਲੁਟੇਰਿਆਂ ਨੇ ਤਾਰਾਂ ਕੱਟ ਦਿੱਤੀਆਂ ਤਾਂ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਉੱਚ ਅਧਿਕਾਰੀਆਂ ਜਾਂ ਪੁਲਿਸ ਕੰਟਰੋਲ ਰੂਮ ਤੱਕ ਨਹੀਂ ਪਹੁੰਚ ਸਕੀ।

ਹੋਰ ਖ਼ਬਰਾਂ ਪੜ੍ਹੋ:

Related Post