PTC Exclusive: ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਬਰਖਾਸਤ AIG ਰਾਜਜੀਤ ਦੀ FIR ਚ ਵੱਡਾ ਖੁਲਾਸਾ
ਪਤਨੀ ਅਤੇ ਬੇਟੀ ਦੇ ਨਾਂ 'ਤੇ ਚੰਡੀਗੜ੍ਹ ਸਮੇਤ ਮੋਹਾਲੀ ਅਤੇ ਆਸ-ਪਾਸ ਕਰੋੜਾਂ ਰੁਪਏ ਦੀ ਜ਼ਮੀਨ ਖਰੀਦੀਆਂ ਹੈ। ਕਿਤੇ ਤੋਹਫ਼ੇ ਵਜੋਂ ਜ਼ਮੀਨ ਖਰੀਦੀ ਤੇ ਵੇਚੀ ਗਈ, ਵਿਜੀਲੈਂਸ ਨੇ ਮਾਲ ਵਿਭਾਗ ਤੋਂ ਮੰਗਿਆ ਰਿਕਾਰਡ। ਮੁੱਢਲੀ ਜਾਂਚ ਵਿੱਚ ਖੁਲਾਸੇ ਤੋਂ ਬਾਅਦ ਵਿਜੀਲੈਂਸ ਵੱਲੋਂ ਜਲੰਧਰ, ਲੁਧਿਆਣਾ, ਰੋਪੜ ਅਤੇ ਪਟਿਆਲਾ ਅਤੇ ਹੁਸ਼ਿਆਰਪੁਰ ਵਿੱਚ ਜ਼ਮੀਨੀ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ।

ਰਵਿੰਦਰਮੀਤ ਸਿੰਘ: ਬਰਖਾਸਤ ਸਾਬਕਾ ਏਆਈਜੀ ਰਾਜਜੀਤ ਸਿੰਘ ਖ਼ਿਲਾਫ਼ ਨਸ਼ਾ ਤਸਕਰੀ ਦੇ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਇੱਕ ਹੋਰ ਕੇਸ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਵੀਰਵਾਰ ਦੇਰ ਸ਼ਾਮ ਰਾਜਜੀਤ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ 'ਚ ਮਾਮਲਾ ਵੀ ਦਰਜ ਕੀਤਾ ਹੈ।
ਦਰਜ ਕੀਤੇ ਗਏ ਮਾਮਲੇ ਦੀ ਜਾਂਚ ਲਈ ਵਿਜੀਲੈਂਸ ਨੇ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਜਿਸ ਦੀ ਅਗਵਾਈ ਏਆਈਜੀ ਪੱਧਰ ਦੇ ਅਧਿਕਾਰੀ ਕਰਨਗੇ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਦੀ ਰਿਪੋਰਟ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਜਿਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਸਸਤੇ-ਮਹਿੰਗੇ ਭਾਅ ਕਰੋੜਾਂ ਦੀ ਜਾਇਦਾਦਾਂ ਦੀ ਖਰੀਦੋ-ਫਰੋਖਤ
ਮੁਢਲੀ ਪੁੱਛਗਿੱਛ ਦੌਰਾਨ ਰਾਜਜੀਤ ਨੂੰ 3 ਜਨਵਰੀ 2013 ਨੂੰ ਮੋਹਾਲੀ ਦੇ ਹੁਸ਼ਿਆਰਪੁਰ ਪਿੰਡ ਤਹਿਸੀਲ ਮਾਜਰੀ ਵਿਖੇ ਸੱਤ ਕਨਾਲ ਦੋ ਮਰਲੇ ਜ਼ਮੀਨ ਤੋਹਫੇ ਵਜੋਂ ਦਿੱਤੀ ਗਈ ਸੀ। ਮਾਲ ਰਿਕਾਰਡ ਅਨੁਸਾਰ ਰਾਜਜੀਤ ਦੀ ਪਤਨੀ ਮੁਖਬੀਰ ਕੌਰ ਨੂੰ ਉਸ ਦੇ ਭਰਾਵਾਂ ਵੱਲੋਂ ਕਰੀਬ 40 ਲੱਖ ਰੁਪਏ ਦੀ ਜਾਇਦਾਦ ਤੋਹਫ਼ੇ ਵਜੋਂ ਦਿੱਤੀ ਗਈ ਹੈ। ਵਿਜੀਲੈਂਸ ਬਿਊਰੋ ਨੇ ਇਸ ਜਾਇਦਾਦ ਦੇ ਸਬੰਧ ਵਿੱਚ ਰਾਜਜੀਤ ਦੀ ਪਤਨੀ ਤੋਂ ਵੀ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ।
ਇਸੇ ਤਰ੍ਹਾਂ ਰਾਜਜੀਤ ਸਿੰਘ ਨੇ 26 ਸਤੰਬਰ 2013 ਨੂੰ ਅਮਰੀਕਾ ਰਹਿੰਦੇ ਆਪਣੇ ਦੋਸਤ ਮਨੀ ਸਿੰਘ ਤੋਂ ਮੁੱਲਾਂਪੁਰ ਗਰੀਬਦਾਸ ਵਿਖੇ 500 ਗਜ਼ ਦਾ ਪਲਾਟ 20 ਲੱਖ ਰੁਪਏ ਵਿੱਚ ਖਰੀਦਿਆ ਸੀ। ਵਿਜੀਲੈਂਸ ਬਿਊਰੋ ਦੀ ਟੀਮ ਨੇ ਇਨ੍ਹਾਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 11 ਦਸੰਬਰ 2013 ਨੂੰ ਰਾਜਜੀਤ ਸਿੰਘ ਨੇ ਆਪਣੀ ਧੀ ਸੁਖਮਨੀ ਹੁੰਦਲ ਦੇ ਨਾਂ 'ਤੇ 500 ਵਰਗ ਗਜ਼ ਦਾ ਇੱਕ ਹੋਰ ਪਲਾਟ ਭਾਦੋਜੀਆਂ ਪਿੰਡ ਮੁੱਲਾਪੁਰ ਗਰੀਬਦਾਸ ਵਿੱਚ 20 ਲੱਖ ਰੁਪਏ ਵਿੱਚ ਖਰੀਦਿਆ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਲਾਟ ਆਈਸੀਐਸਈ ਬੈਂਕ ਤੋਂ ਕਰਜ਼ਾ ਲੈ ਕੇ ਖਰੀਦਿਆ ਗਿਆ ਸੀ। ਪਰ ਵਿਜੀਲੈਂਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਰਜ਼ਾ ਸਿਰਫ਼ ਦਿਖਾਵੇ ਲਈ ਲਿਆ ਗਿਆ ਸੀ ਜਾਂ ਅਸਲ ਵਿੱਚ ਲੋੜ ਸੀ। 5 ਕਨਾਲ 14 ਮਰਲੇ ਦਾ ਇੱਕ ਹੋਰ ਪਲਾਟ ਰਾਜਜੀਤ ਦੇ ਪਿਤਾ ਅਜੀਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਨਾਂ ਤਬਦੀਲ ਕਰ ਦਿੱਤਾ ਗਿਆ ਹੈ। ਮੋਹਾਲੀ ਸਥਿਤ ਸੈਕਟਰ 69 ਦਾ ਪਲਾਟ ਨੰਬਰ 1606 ਪਤਨੀ ਮੁਖਬੀਰ ਕੌਰ ਦੇ ਨਾਂ 'ਤੇ 15 ਲੱਖ 'ਚ ਖਰੀਦਿਆ ਗਿਆ ਸੀ।
ਮਨੀਮਾਜਰਾ, ਚੰਡੀਗੜ੍ਹ ਵਿੱਚ 773.33 ਵਰਗ ਗਜ਼ ਦਾ ਇੱਕ ਪਲਾਟ ਉਸਦੇ ਨਾਮ 'ਤੇ 55 ਲੱਖ ਵਿੱਚ ਖਰੀਦਿਆ ਗਿਆ ਸੀ। ਇਸ ਪਲਾਟ ਦੀ ਅਦਾਇਗੀ ਜ਼ਿਲ੍ਹਾ ਜਲੰਧਰ ਦੇ ਪਿੰਡ ਰੌਲੀ ਵਿੱਚ ਵਿਕਣ ਵਾਲੇ 8 ਕਨਾਲ 18 ਮਰਲੇ ਤੋਂ ਦਿਖਾਈ ਗਈ ਹੈ। ਇਨ੍ਹਾਂ ਜਾਇਦਾਦਾਂ ਤੋਂ ਇਲਾਵਾ ਰਾਜਜੀਤ ਦੀ ਪਤਨੀ ਮੁਖਬੀਰ ਕੌਰ ਨੇ ਪੰਜ ਪਲਾਟ ਵੇਚੇ ਜੋ ਈਕੋ ਸਿਟੀ ਸਥਿਤ ਸਨ। ਜਿਸ ਦੀ ਕੀਮਤ ਇੱਕ ਕਰੋੜ 6 ਲੱਖ ਰੁਪਏ ਸੀ। ਵਿਜੀਲੈਂਸ ਨੇ ਇਨ੍ਹਾਂ ਜਾਇਦਾਦਾਂ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 2016 ਵਿੱਚ ਸਬੰਧਤ ਜਾਇਦਾਦਾਂ ਵੇਚ ਦਿੱਤੀਆਂ ਗਈਆਂ ਸਨ।
ਸਾਲ 2017 ਵਿੱਚ 8 ਕਨਾਲ 18 ਮਰਲੇ ਜ਼ਮੀਨ ਨੂੰ ਦੁਬਾਰਾ ਪਲਾਟ ਬਣਾ ਕੇ ਵੇਚ ਦਿੱਤਾ ਗਿਆ। ਜਿਸ ਦੀ ਕੀਮਤ 84 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਮੋਹਾਲੀ ਦੇ ਪਿੰਡ ਹੁਸ਼ਿਆਰਪੁਰ 'ਚ ਲੱਖਾਂ ਰੁਪਏ 'ਚ ਖਰੀਦੀ ਜ਼ਮੀਨ, ਇਸ ਦੀ ਅਸਲ ਕੀਮਤ ਕਰੋੜਾਂ ਰੁਪਏ ਹੈ, ਖਰੀਦਦਾਰਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਪਲਾਟ ਕਾਗਜ਼ਾਂ 'ਚ ਦੱਸੀ ਕੀਮਤ ਤੋਂ ਕਿਤੇ ਵੱਧ ਕੀਮਤ 'ਤੇ ਖਰੀਦੇ ਅਤੇ ਵੇਚੇ ਗਏ ਹਨ। ਜਦਕਿ ਇਸ ਦੀ ਬਾਜ਼ਾਰੀ ਕੀਮਤ ਕਈ ਗੁਣਾ ਵੱਧ ਸੀ। ਇੱਕ ਪਲਾਟ 20 ਲੱਖ ਰੁਪਏ ਵਿੱਚ ਖਰੀਦਿਆ ਦਿਖਾਇਆ ਗਿਆ ਹੈ, ਜਦੋਂ ਕਿ 42 ਲੱਖ ਰੁਪਏ ਨਕਦ ਵੀ ਦਿੱਤੇ ਗਏ ਸਨ। ਇਸ ਤੋਂ ਇਲਾਵਾ ਮੋਹਾਲੀ ਦੇ ਪਿੰਡ ਹੁਸ਼ਿਆਰਪੁਰ ਵਿੱਚ ਜੋ ਜਾਇਦਾਦ 40 ਲੱਖ ਰੁਪਏ ਵਿੱਚ ਖਰੀਦੀ ਵਿਖਾਈ ਗਈ ਹੈ, ਉਹ ਅਸਲ ਵਿੱਚ 1 ਕਰੋੜ 85 ਰੁਪਏ ਪ੍ਰਤੀ ਕਿਲਾ ਸੀ।
ਜਾਂਚ 'ਚ ਸਾਹਮਣੇ ਆਇਆ ਹੈ ਕਿ ਜ਼ਮੀਨ ਦੇ ਹਰੇਕ ਸੌਦੇ 'ਚ ਕਰੋੜਾਂ ਰੁਪਏ ਲਏ ਗਏ ਅਤੇ ਨਕਦ ਦਿੱਤੇ ਗਏ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਰਿਕਾਰਡ ਮਾਲ ਵਿਭਾਗ ਤੋਂ ਮੰਗਿਆ ਗਿਆ ਹੈ। ਜਦੋਂਕਿ ਜਾਂਚ ਦੌਰਾਨ ਕੁਝ ਰਿਕਾਰਡ ਹਾਸਲ ਕੀਤਾ ਗਿਆ ਹੈ।
ਟ੍ਰਾਈਸਿਟੀ ਵਿੱਚ ਜ਼ਿਆਦਾਤਰ ਸੰਪਤੀਆਂ
ਰਾਜਜੀਤ ਨੇ ਚੰਡੀਗੜ੍ਹ ਅਤੇ ਚੰਡੀਗੜ੍ਹ ਦੇ ਆਸ-ਪਾਸ ਕਰੋੜਾਂ ਰੁਪਏ ਦੀ ਜ਼ਮੀਨ ਖਰੀਦੀ ਅਤੇ ਵੇਚੀ। ਨੀ ਕਿ ਰਾਜਜੀਤ ਵੱਲੋਂ ਟ੍ਰਾਈਸਿਟੀ ਵਿੱਚ ਜ਼ਮੀਨ ਅਤੇ ਪਲਾਟ ਖਰੀਦਣ ਲਈ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ। ਜਦਕਿ ਕਾਗਜ਼ 'ਤੇ ਕੀਮਤ ਬਹੁਤ ਘੱਟ ਦਿਖਾਈ ਗਈ। ਰਾਜਜੀਤ ਦੀ ਪਤਨੀ ਤੇ ਬੇਟੀ ਦੇ ਨਾਂ 'ਤੇ ਮਹਿੰਗੀਆਂ ਜ਼ਮੀਨਾਂ ਦੇ ਖੁਲਾਸੇ ਤੋਂ ਬਾਅਦ ਹੀ ਜਾਂਚ ਦਾ ਫੈਸਲਾ ਲਿਆ ਗਿਆ ਹੈ।
ਵਿਜੀਲੈਂਸ ਬਿਊਰੋ ਨੇ ਇਸ ਜਾਇਦਾਦ ਦੇ ਸਬੰਧ ਵਿੱਚ ਰਾਜਜੀਤ ਦੀ ਪਤਨੀ ਤੋਂ ਵੀ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਜੀਤ ਨੇ ਆਪਣੀ ਪਤਨੀ ਅਤੇ ਬੇਟੀ ਦੇ ਨਾਂ 'ਤੇ ਬਹੁਮੁੱਲੀਆਂ ਜਾਇਦਾਦਾਂ ਖਰੀਦੀਆਂ ਹਨ। ਹੁਣ ਵਿਜੀਲੈਂਸ ਨੇ ਰਾਜਜੀਤ ਦੀ ਪਤਨੀ ਅਤੇ ਬੇਟੀ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਸ ਦੇ ਕਰੀਬੀਆਂ 'ਤੇ ਵੀ ਦਾਅ-ਪੇਚ ਕੱਸਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਜਿਨ੍ਹਾਂ ਨਾਲ ਸਬੰਧਤ ਜਾਇਦਾਦਾਂ ਦੀ ਖਰੀਦ-ਵੇਚ ਕੀਤੀ ਗਈ ਹੈ।
FIR ਦੀ ਕਾਪੀ ਨੱਥੀ.....