ਸਿਆਸਤਦਾਨ ਅਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਨੂੰ ਬੈਂਕ ਤੋਂ ਮਿਲੀ ਵੱਡੀ ਰਾਹਤ; ਬੰਗਲੇ ਦੀ ਨਿਲਾਮੀ 'ਤੇ ਲਾਈ ਰੋਕ

By  Jasmeet Singh August 21st 2023 12:32 PM

Sunny Deol Bungalow Auction Update: ਸੰਨੀ ਦਿਓਲ ਦੇ ਬੰਗਲੇ ਦੀ ਹੁਣ ਨਿਲਾਮੀ ਨਹੀਂ ਹੋਵੇਗੀ। ਹਾਲ ਹੀ 'ਚ ਖਬਰ ਆਈ ਸੀ ਕਿ 'ਗਦਰ 2' ਐਕਟਰ ਅਤੇ ਪੰਜਾਬ ਦੇ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਦਾ ਜੁਹੂ ਵਿਲਾ ਨਿਲਾਮ ਹੋਣ ਜਾ ਰਿਹਾ ਹੈ। ਇਸ ਵਿਲਾ ਦਾ ਨਾਂ 'ਸੰਨੀ ਵਿਲਾ' ਹੈ। 

56 ਕਰੋੜ ਦਾ ਕਰਜ਼ਾ!
ਕੌਮੀ ਮੀਡੀਆ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਸੀ ਕਿ ਸੰਨੀ ਦਿਓਲ 'ਤੇ 56 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਕਰਜ਼ੇ ਅਤੇ ਵਿਆਜ ਦੀ ਵਸੂਲੀ ਲਈ ਬੈਂਕ ਆਫ ਬੜੌਦਾ ਵੱਲੋਂ ਉਸ ਦੇ 'ਸੰਨੀ ਵਿਲਾ' ਦੀ ਨਿਲਾਮੀ ਕੀਤੀ ਜਾ ਰਹੀ ਹੈ। ਨਿਲਾਮੀ ਦੀ ਤਰੀਕ ਵੀ ਸਾਹਮਣੇ ਆ ਗਈ ਸੀ, ਜਿਸ ਦਾ ਇਸ਼ਤਿਹਾਰ ਵੀ ਅਖਬਾਰਾਂ ਵਿਚ ਦਿੱਤਾ ਜਾ ਰਿਹਾ ਸੀ। 



ਇਸ ਅਨੁਸਾਰ ਨਿਲਾਮੀ 25 ਸਤੰਬਰ ਨੂੰ 51.43 ਕਰੋੜ ਰੁਪਏ ਦੀ ਰਾਖਵੀਂ ਕੀਮਤ 'ਤੇ ਸ਼ੁਰੂ ਹੋਣੀ ਸੀ। ਪਰ ਹੁਣ 24 ਘੰਟਿਆਂ ਦੇ ਅੰਦਰ ਹੀ ਬੈਂਕ ਨੇ ਆਪਣਾ ਫੈਸਲਾ ਬਦਲ ਲਿਆ ਹੈ। ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੀ ਜਾਇਦਾਦ ਦੀ ਨਿਲਾਮੀ 'ਤੇ ਰੋਕ ਲਗਾ ਦਿੱਤੀ ਹੈ।

ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ 'ਤੇ ਰੋਕ
ਹੁਣ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਬੈਂਕ ਆਫ ਬੜੌਦਾ ਨੇ ਖੁਦ ਅਖਬਾਰ 'ਚ ਇਸ਼ਤਿਹਾਰ ਦੇ ਕੇ ਇਹ ਜਾਣਕਾਰੀ ਦਿੱਤੀ ਹੈ। ਅਖਬਾਰ 'ਚ ਪ੍ਰਕਾਸ਼ਿਤ ਨੋਟੀਫਿਕੇਸ਼ਨ 'ਚ ਲਿਖਿਆ ਗਿਆ ਹੈ ਕਿ ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਲਈ ਅਖਬਾਰ 'ਚ ਜਾਰੀ ਕੀਤਾ ਗਿਆ ਨੋਟਿਸ ਕੁਝ ਤਕਨੀਕੀ ਕਾਰਨਾਂ ਕਰਕੇ ਵਾਪਸ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਐਡ ਵਿੱਚ ਸੰਨੀ ਦਿਓਲ ਦਾ ਨਾਮ ਅਤੇ ਉਨ੍ਹਾਂ ਦੇ ਘਰ ਦਾ ਪਤਾ ਵੀ ਲਿਖਿਆ ਹੋਇਆ ਹੈ।



ਸੰਨੀ ਨੇ ਬੈਂਕ ਨੂੰ 56 ਕਰੋੜ ਦਾ ਭੁਗਤਾਨ ਕੀਤਾ?
ਦੱਸ ਦੇਈਏ ਕਿ ਇਸ ਵਿਲਾ ਦੀ ਰਿਕਵਰੀ ਲਈ ਸੰਨੀ ਨੂੰ ਬੈਂਕ ਨੂੰ 56 ਕਰੋੜ ਰੁਪਏ ਦੇਣੇ ਸਨ, ਹੋ ਸਕਦਾ ਹੈ ਕਿ ਉਨ੍ਹਾਂ ਨੇ ਇਹ ਭੁਗਤਾਨ ਕਰ ਦਿੱਤਾ ਹੋਵੇ, ਜਿਸ ਤੋਂ ਬਾਅਦ ਬੈਂਕ ਨੇ ਉਨ੍ਹਾਂ ਦੇ ਘਰ ਦੀ ਨਿਲਾਮੀ 'ਤੇ ਰੋਕ ਲਗਾ ਦਿੱਤੀ ਹੈ। ਸੰਨੀ ਦਿਓਲ ਦਾ ਵਿਲਾ ਗਾਂਧੀ ਗ੍ਰਾਮ ਰੋਡ, ਮੁੰਬਈ 'ਤੇ ਸਥਿਤ ਹੈ। ਉਨ੍ਹਾਂ ਦੇ ਪਿਤਾ ਧਰਮਿੰਦਰ ਦਾ ਨਾਂ ਇਸ ਦੇ ਗਾਰੰਟਰ ਵਜੋਂ ਸ਼ਾਮਲ ਹੈ।

Related Post