ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ , ਦਰਸ਼ਕ ਗੈਲਰੀ 'ਚੋਂ ਛਾਲ ਮਾਰ ਕੇ ਸਦਨ 'ਚ ਦਾਖਲ ਹੋਏ ਅਣਪਛਾਤੇ ਵਿਅਕਤੀ

By  Jasmeet Singh December 13th 2023 01:29 PM -- Updated: December 13th 2023 02:58 PM

ਨਵੀਂ ਦਿੱਲੀ: ਸੰਸਦ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸੰਸਦ ਦੀ ਕਾਰਵਾਈ ਦੌਰਾਨ ਇੱਕ ਅਣਪਛਾਤੇ ਵਿਅਕਤੀ ਦਰਸ਼ਕ ਗੈਲਰੀ ਵਿੱਚੋਂ ਛਾਲ ਮਾਰ ਕੇ ਸਦਨ ਵਿੱਚ ਦਾਖਲ ਹੋ ਗਏ। ਜਿਉਂ ਹੀ ਉਕਤ ਵਿਅਕਤੀ ਨੇ ਵੈਲ 'ਚ ਛਾਲ ਮਾਰੀ ਤਾਂ ਉਥੇ ਹਫੜਾ-ਦਫੜੀ ਮਚ ਗਈ।



ਸੰਸਦ ਦੇ ਸੁਰੱਖਿਆ ਕਰਮਚਾਰੀ ਤੁਰੰਤ ਹਰਕਤ ਵਿੱਚ ਆ ਗਏ ਅਤੇ ਬਾਅਦ ਵਿੱਚ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਸ ਹੰਗਾਮੇ ਦੌਰਾਨ ਕਈ ਸੰਸਦ ਮੈਂਬਰ ਸਦਨ ਤੋਂ ਬਾਹਰ ਆ ਗਏ। ਇਹ ਮਾਮਲਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਅੱਜ ਸੰਸਦ 'ਤੇ ਹਮਲੇ ਦੀ 22ਵੀਂ ਬਰਸੀ ਹੈ।



ਖ਼ਦਸ਼ਾ ਜਤਾਇਆ ਜਾ ਰਿਹਾ ਕਿ ਆਰੋਪੀਆਂ ਨੇ ਗੈਲਰੀ ਤੋਂ ਛਾਲ ਮਾਰ ਕੇ ਕੋਈ ਚੀਜ਼ ਸੁੱਟੀ ਜਿਸ ਤੋਂ ਗੈਸ ਨਿਕਲ ਰਹੀ ਸੀ। ਦੋਵਾਂ ਨੂੰ ਸੰਸਦ ਦੇ ਸੁਰੱਖਿਆ ਕਰਮੀਆਂ ਨੇ ਫੜ ਲਿਆ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਾਹਰ ਲਿਆਂਦਾ ਜਿੱਥੇ ਉਨ੍ਹਾਂ ਦੇ ਹੋਰ ਸਮਰਥਕ ਵੀ ਮੌਜੂਦ ਸਨ, ਜਿਨ੍ਹਾਂ 'ਚ ਇੱਕ ਮਹਿਲਾ ਵੀ ਸ਼ਾਮਲ ਹੈ। ਸਦਨ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।

ਬਰਸੀ ਮੌਕੇ ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ
ਸੰਸਦ 'ਤੇ ਹਮਲੇ ਦੀ ਬਰਸੀ ਮੌਕੇ ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ ਦੇਖਣ ਨੂੰ ਮਿਲੀ ਹੈ। ਦਰਅਸਲ ਬੁੱਧਵਾਰ ਦੁਪਹਿਰ ਕਰੀਬ 1 ਵਜੇ ਦੋ ਲੋਕ, ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ਦੇ ਅੰਦਰ ਛਾਲਾਂ ਮਾਰ ਕੇ ਪੀਲੀ ਗੈਸ ਦਾ ਛਿੜਕਾਅ ਕਰਨ ਲੱਗੇ। ਇਸ ਤੋਂ ਬਾਅਦ ਇਨ੍ਹਾਂ ਵਿੱਚੋਂ ਇੱਕ ਵਿਅਕਤੀ ਲੋਕ ਸਭਾ ਸਪੀਕਰ ਦੀ ਕੁਰਸੀ ਵੱਲ ਭੱਜਣ ਲੱਗਾ। ਇਨ੍ਹਾਂ ਮੁਲਜ਼ਮਾਂ ਦੇ ਸਦਨ ਵਿੱਚ ਕੁੱਦਣ ਤੋਂ ਬਾਅਦ ਉੱਥੇ ਮੌਜੂਦ ਸੰਸਦ ਮੈਂਬਰਾਂ ਨੇ ਹਿੰਮਤ ਦਿਖਾਈ ਅਤੇ ਦੋਵਾਂ ਮੁਲਜ਼ਮਾਂ ਨੂੰ ਸਦਨ ਦੇ ਅੰਦਰ ਹੀ ਫੜ ਲਿਆ।

ਦੋ ਧੜਿਆਂ ਵਿੱਚ ਆਏ ਮੁਲਜ਼ਮ
ਦੱਸ ਦੇਈਏ ਕਿ ਮੁਲਜ਼ਮ ਵਿਅਕਤੀ ਨੇ ਸਦਨ ਦੇ ਅੰਦਰ ਫਲੋਰੋਸੈਂਟ ਗੈਸ ਦਾ ਛਿੜਕਾਅ ਵੀ ਕੀਤਾ ਸੀ। ਖਾਸ ਗੱਲ ਇਹ ਹੈ ਕਿ ਹਮਲਾ ਕਰਨ ਵਾਲੇ ਲੋਕ ਦੋ ਵੱਖ-ਵੱਖ ਗਰੁੱਪਾਂ 'ਚ ਆਏ ਸਨ। ਇੱਕ ਧੜਾ ਸੰਸਦ ਦੇ ਅੰਦਰ ਚਲਾ ਗਿਆ ਜਦੋਂ ਕਿ ਦੂਜਾ ਧੜਾ ਸੰਸਦ ਭਵਨ ਦੇ ਬਾਹਰ ਰਿਹਾ। ਦਿੱਲੀ ਪੁਲਿਸ ਨੇ ਬਾਹਰ ਮੌਜੂਦ ਮੁਲਜ਼ਮਾਂ ਨੂੰ ਫੜ ਲਿਆ ਹੈ, ਜਦੋਂ ਕਿ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਸੰਸਦ ਭਵਨ ਦੇ ਅੰਦਰ ਹੀ ਫੜ ਲਿਆ ਗਿਆ ਸੀ।

ਦਿੱਲੀ ਪੁਲਿਸ ਨੇ ਅੱਤਵਾਦੀ ਹਮਲੇ ਤੋਂ ਕੀਤਾ ਇਨਕਾਰ 
ਦਿੱਲੀ ਪੁਲਿਸ ਦੀ ਅੱਤਵਾਦ ਰੋਕੂ ਇਕਾਈ ਸਪੈਸ਼ਲ ਸੈੱਲ ਲੋਕ ਸਭਾ 'ਚ ਸੁਰੱਖਿਆ ਦੀ ਉਲੰਘਣਾ ਕਰਨ ਵਾਲਿਆਂ ਤੋਂ ਪੁੱਛਗਿੱਛ ਕਰਨ ਲਈ ਸੰਸਦ ਪਹੁੰਚੀ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲ ਮੌਜੂਦ ਸਮੱਗਰੀ ਵੀ ਜ਼ਬਤ ਕਰ ਲਈ ਗਈ ਹੈ। ਸੰਸਦ ਦੇ ਬਾਹਰ ਮੌਜੂਦ ਦੋ ਲੋਕਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਾਰਿਆਂ ਤੋਂ ਪੁੱਛ-ਪੜਤਾਲ ਤੋਂ ਬਾਅਦ ਫਿਰ ਦਿੱਲੀ ਪੁਲਿਸ ਨੇ ਦੱਸਿਆ ਕਿ ਇਹ ਕੋਈ ਅੱਤਵਾਦੀ ਹਮਲਾ ਨਹੀਂ ਸੀ।

Related Post