ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ’ਪੰਜ ਪੈਨਸ਼ਨਾਂ’ ਲੈਣਾ ਰਿਕਾਰਡ ਜਨਤਕ ਕਰਨ ਜਾਂ ਫਿਰ ਝੂਠ ਬੋਲਣ ਲਈ ਮਾਣਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਆਮ ਆਦਮੀ ਪਾਰਟੀ ਵੱਲੋਂ 7 ਸਾਲ ਪਹਿਲਾਂ ਸ਼ੁਰੂ ਕੀਤੀ ਬਦਨਾਮੀ ਦੀ ਮੁਹਿੰਮ ਚਲਾ ਰਹੇ ਹਨ ਅਤੇ ਹੁਣ ਉਹ ਝੂਠੇ ਵਾਅਦਿਆਂ ਨਾਲ ਗੁਜਰਾਤ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਸ਼ਾਇਦ ਇਹ ਸੋਚਦੇ ਹਨ ਕਿ ਉਹ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਨ ਪਰ ਅਸੀਂ ਉਨ੍ਹਾਂ ਵੱਲੋਂ ਦਿੱਤੇ ਬਿਆਨਾਂ ਲਈ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਾਂਗੇ।
ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਮਾਨ ਆਪਣੇ ਦਾਅਵਿਆਂ ਦੇ ਸਬੂਤ ਜਨਤਕ ਤੌਰ ’ਤੇ ਪੇਸ਼ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਜੇਕਰ ਮੁੱਖ ਮੰਤਰੀ ਮਾਨ ਸਬੂਤ ਦੇਣ ਵਿੱਚ ਅਸਫਲ ਹਨ ਤਾਂ ਜਨਤਕ ਤੌਰ ਉੱਤੇ ਮੁਆਫ਼ੀ ਮੰਗਣ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਤੁਰੰਤ ਪ੍ਰੋਮੈਟ ਸਪੀਕਰ ਨੁੰ ਪੱਤਰ ਲਿਖ ਕੇ ਕਿਹਾ ਸੀ ਕਿ 10 ਵਾਰ ਵਿਧਾਇਕ ਬਣਨ ਦੀ ਪੈਨਸ਼ਨ ਨਾ ਭੇਜੀ ਜਾਵੇ। ਸੁਖਬੀਰ ਬਾਦਲ ਨੇ ਅੱਗੇ ਕਿਹਾ ਹੈ ਕਿ ਪੱਤਰ ਵਿੱਚ ਇਹ ਵੀ ਲਿਖਿਆ ਸੀ ਕਿ ਇਹ ਪੈਸਾ ਲੋਕ ਭਲਾਈ ਵਾਸਤੇ ਖਾਸ ਤੌਰ ’ਤੇ ਲੜਕੀਆਂ ਨੂੰ ਸਿੱਖਿਆ ਦੇਣ ’ਤੇ ਖਰਚ ਕੀਤੀ ਜਾਵੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਚਿੱਠੀ ਵਿਧਾਨ ਸਭਾ ਦੇ ਰਿਕਾਰਡ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਜਾਣ ਬੁੱਝ ਕੇ ਸ਼ਰਾਰਤੀ ਟਿੱਪਣੀਆਂ ਕਰ ਰਹੇ ਹਨ ਤਾਂ ਜੋ ਉਹ ਅਕਾਲੀ ਦਲ ਦੀ ਬਦਨਾਮੀ ਕਰ ਸਕਣ।
ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਦੀ ਸਾਰੀ ਮੁਹਿੰਮ ਪ੍ਰਾਪਗੰਡੇ ’ਤੇ ਆਧਾਰਿਤ ਹੈ ਅਤੇ ਮੌਜੂਦਾ ਵਿੱਤ ਵਰ੍ਹੇ ਵਿਚ ਹੀ 700 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਵਾਸਤੇ ਰੱਖੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਦੇਸ਼ ਭਰ ਵਿਚ ਸੈਂਕੜੇ ਕਰੋੜ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਜਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਤਾਂ ਸਿਰਫ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬਣਾਏ ਸੁਵਿਧਾ ਕੇਂਦਰਾਂ ਦੀ ਲੀਪਾ ਪੋਥੀ ਕਰ ਕੇ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕੀਤਾ ਹੈ ਜਦੋਂ ਕਿ ਇਹ ਦਿੱਲੀ ਦਾ ਫੇਲ੍ਹ ਮਾਡਲ ਹੈ।
ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਂਸਰ ਦੇ ਮਰੀਜ਼ਾਂ ਲਈ 1.5 ਲੱਖ ਰੁਪਏ ਦੀ ਸਹਾਇਤਾ ਦੇਣ ਸਮੇਤ ਵਿਲੱਖਣ ਸਿਹਤ ਸਹੂਲਤਾਂ ਪ੍ਰਦਾਨ ਕੀਤੀਆ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਮੌਕੇ 1933 ਮੁਫ਼ਤ ਮੈਡੀਕਲ ਦਵਾਈਆ ਦੀਆ ਸਰਕਾਰੀ ਸਟੋਰ ਸਥਾਪਿਤ ਕੀਤੇ ਅਤੇ 750 ਮੁਫ਼ਤ ਡਾਇਗਨੋਸਟਿਕ ਸੈਂਟਰ ਬਣਾਏ ਹਨ।