ਭਿੱਖੀਵਿੰਡ ਪੁਲਿਸ ਨੇ ਬਲਦੇ ਸਿਵੇ ’ਚੋਂ ਕਬਜ਼ੇ ’ਚ ਲਈ ਨੌਜਵਾਨ ਦੀ ਲਾਸ਼

By  Pardeep Singh February 6th 2023 01:47 PM

ਭਿੱਖੀਵਿੰਡ : ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਕਤਲ ਦੇ ਸ਼ੱਕ ਹੇਠ ਪਿੰਡ ਸੁਰਸਿੰਘ ਵਿਖੇ ਬਲਦੇ ਸਿਵੇ ’ਚੋਂ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਮ੍ਰਿਤਕ ਦੇ ਚਾਚੇ, ਤਾਇਆਂ ਉੱਪਰ ਕਥਿਤ ਤੌਰ ’ਤੇ ਉਸਦੇ ਪੁੱਤਰ ਦਾ ਜ਼ਮੀਨ ਖਾਤਰ ਕਤਲ ਕਰਨ ਦੇ ਕਥਿਤ ਤੌਰ ’ਤੇ ਇਲਜ਼ਾਮ ਲਗਾਏ ਹਨ।

ਜਮੀਨ-ਜਾਇਦਾਦ ਦੀ ਖਾਤਰ ਹੋਇਆ ਕਤਲ 

ਮ੍ਰਿਤਕ ਨੌਜਵਾਨ ਦੀ ਮਾਂ ਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ 21 ਸਾਲਾ ਪੁੱਤਰ ਹਰਦੀਪ ਸਿੰਘ ਪੁੱਤਰ ਬਗੀਚਾ ਸਿੰਘ ਜਿਸ ਦਾ 24-25 ਫਰਵਰੀ ਨੂੰ ਵਿਆਹ ਸੀ ਅਤੇ ਉਸਦੇ ਚਾਚੇ, ਤਾਇਆਂ ਨੇ ਜਮੀਨ ਜਾਇਦਾਦ ਖਾਤਰ ਰਾਤ ਸਮੇਂ ਸੁੱਤੇ ਹੋਏ ਨੂੰ ਕਥਿਤ ਤੌਰ ’ਤੇ ਫਾਹਾ ਦੇ ਕੇ ਕਤਲ ਕਰ ਦਿੱਤਾ ਹੈ। 


ਫਾਹਾ ਲਗਾ ਕੇ ਕੀਤਾ ਕਤਲ 

ਰਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਬਗੀਚਾ ਸਿੰਘ ਦੀ ਮੌਤ ਸਾਲ 2004 ’ਚ ਹੋ ਗਈ ਸੀ। ਜਿਸ ਤੋਂ ਚਾਰ ਸਾਲ ਬਾਅਦ ਉਸ ਨੇ ਸਾਲ 2008 ਵਿਚ ਦੂਜੀ ਜਗ੍ਹਾ ਦਿਲਬਾਗ ਸਿੰਘ ਵਾਸੀ ਪਿੰਡ ਕਲੇਰ ਥਾਣਾ ਵੈਰੋਂਵਾਲ ਨਾਲ ਵਿਆਹ ਕਰ ਲਿਆ। ਵਿਆਹ ਤੋਂ ਚਾਰ ਸਾਲ ਬਾਅਦ ਉਸ ਦੇ ਪੁੱਤ ਨੂੰ ਉਸ ਦੇ ਚਾਚੇ ਤਾਇਆਂ ਨੇ 7 ਏਕੜ ਜਮੀਨ ਹੱਥੋਂ ਜਾਂਦੀ ਦੇਖ ਕੇ 2013 ਵਿਚ ਸੁਰਸਿੰਘ ਲੈ ਆਂਦਾ ਸੀ। ਰਵਿੰਦਰ ਕੌਰ ਨੇ ਦੱਸਿਆ ਕਿ ਅਕਸਰ ਹਰਦੀਪ ਦੇ ਚਾਚੇ ਤਾਏ ਉਸ ਨਾਲ ਜ਼ਮੀਨ ਖਾਤਰ ਲੜਦੇ ਸਨ। ਬੀਤੀ ਰਾਤ ਉਸ ਦੀ ਗੱਲ ਹਰਦੀਪ ਨਾਲ ਹੋਈ ਸੀ ਤਾਂ ਉਸ ਵਕਤ ਤਾਏ ਤੇ ਉਸ ਦੇ ਪੁੱਤਰ ਨਾਲ ਹਰਦੀਪ ਸਿੰਘ ਦਾ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਇੰਨ੍ਹਾਂ ਸਾਰਿਆਂ ਨੇ ਹਰਦੀਪ ਸਿੰਘ ਨੂੰ ਫਾਹੇ ਲਾ ਦਿੱਤਾ ਤੇ ਉਸ ਨੂੰ ਦੱਸੇ ਬਿਨਾਂ ਸ਼ਮਸ਼ਾਨ ਘਾਟ ਵਿਚ ਸਸਕਾਰ ਲਈ ਲੈ ਗਏ।

ਪੁਲਿਸ ਨੇ ਅੱਧਸੜੀ ਲਾਸ਼ ਨੂੰ ਪੋਸਟਮਾਰਟ ਲਈ ਭੇਜਿਆ 

ਇਸ ਬਾਰੇ ਪਤਾ ਲੱਗਣ ’ਤੇ ਜਦੋਂ ਉਸ ਨੇ ਭਿੱਖੀਵਿੰਡ ਪੁਲਿਸ ਨੂੰ ਜਾਣੂ ਕਰਵਾਇਆ ਤਾਂ ਪੁਲਿਸ ਨੇ ਸ਼ਮਸ਼ਾਨਘਾਟ ਪਹੁੰਚ ਕੇ ਅੱਧਸੜੀ ਹਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਥੇ ਹੀ ਮ੍ਰਿਤਕ ਦੀ ਮਾਂ ਰਵਿੰਦਰ ਕੌਰ, ਉਸ ਦੇ ਦੂਜੇ ਪਤੀ ਤੇ ਰਿਸ਼ਤੇਦਾਰਾਂ ਨੇ ਪੁਲਿਸ ਕੋਲੋਂ ਮੰਗ ਕੀਤੀ ਕਿ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਥੇ ਹੀ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਪੋਸਟਰਮਾਰਟਮ ਲਈ ਭੇਜ ਦਿੱਤਾ ਹੈ। ਜਦੋਂਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Related Post