ਪੁਖ਼ਤਾ ਸੁਰੱਖਿਆ ਪ੍ਰਬੰਧ ਹੇਠ ਲਾਡੋਵਾਲ ਤੋਂ ਅਗਲੇ ਪੜਾਅ ਲਈ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ
ਲੁਧਿਆਣਾ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੀਜੇ ਦਿਨ ਵਿਚ ਲੁਧਿਆਣਾ-ਜਲੰਧਰ ਸਰਹੱਦ 'ਤੇ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋਈ। ਅੱਜ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਦੌਰਾਨ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ।ਯਾਤਰਾ ਦੁਪਹਿਰ ਨੂੰ ਚਾਹ ਲਈ ਫਿਲੌਰ-ਗੁਰਾਇਆ ਵਿਖੇ ਰੁਕੇਗੀ। ਬਾਅਦ ਦੁਪਹਿਰ ਇਹ ਯਾਤਰਾ ਗੁਰਾਇਆ ਤੋਂ ਫਗਵਾੜਾ ਲਈ ਰਵਾਨਾ ਹੋਵੇਗੀ। ਜਿੱਥੇ ਰਾਤ ਕੱਟੀ ਜਾਵੇਗੀ। ਭਲਕੇ ਯਾਤਰਾ ਜਲੰਧਰ ਸ਼ਹਿਰ ਵਿੱਚ ਦਾਖ਼ਲ ਹੋਵੇਗੀ।
ਰਾਹੁਲ ਗਾਂਧੀ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਹੁਣ ਉਨ੍ਹਾਂ ਦੀ ਆਪਣੀ ਸੁਰੱਖਿਆ ਤੋਂ ਇਲਾਵਾ ਪੰਜਾਬ ਪੁਲਿਸ ਦੇ 250 ਜਵਾਨਾਂ ਦੀ ਘੇਰਾਬੰਦੀ ਹੋਵੇਗੀ। ਬਿਨਾਂ ਇਜਾਜ਼ਤ ਕਿਸੇ ਨੂੰ ਵੀ ਉਨ੍ਹਾਂ ਦੇ ਨੇੜੇ ਨਹੀਂ ਜਾਣ ਦਿੱਤਾ ਜਾਵੇਗਾ। ਖ਼ਰਾਬ ਮੌਸਮ ਕਾਰਨ ਅੱਜ ਵੀ ਯਾਤਰਾ 7 ਵਜੇ ਸ਼ੁਰੂ ਹੋਈ। ਸਵੇਰੇ 5.30 ਵਜੇ ਹੀ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ : Maghi Mela Muktsar 2023: ਇਤਿਹਾਸਕ ਗੁਰਦੁਆਰਿਆਂ ਦਾ ਸੰਗਮ 'ਮੇਲਾ ਮਾਘੀ'
ਰਾਹੁਲ ਗਾਂਧੀ ਨੇ 10 ਜਨਵਰੀ ਤੋਂ ਪੰਜਾਬ ਦੀ ਯਾਤਰਾ ਸ਼ੁਰੂ ਕੀਤੀ ਸੀ। ਪਹਿਲੇ ਦਿਨ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ ਦੇ ਖੰਨਾ ਤੱਕ ਦੀ ਯਾਤਰਾ ਕੱਢੀ ਗਈ। ਦੂਜੇ ਦਿਨ ਇਹ ਯਾਤਰਾ ਸਮਰਾਲਾ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਕ ਵਿਖੇ ਜਨ ਸਭਾ ਨਾਲ ਸਮਾਪਤ ਹੋਈ। ਇਸ ਦਿਨ ਰਾਹੁਲ ਗਾਂਧੀ ਨੇ ਸ਼ਾਮ ਨੂੰ ਯਾਤਰਾ ਨਹੀਂ ਕੀਤੀ ਅਤੇ ਉਥੋਂ ਦਿੱਲੀ ਲਈ ਰਵਾਨਾ ਹੋ ਗਏ। 13 ਜਨਵਰੀ ਨੂੰ ਲੋਹੜੀ ਕਾਰਨ ਯਾਤਰਾ ਨਹੀਂ ਨਿਕਲੀ ਸੀ।