ਪੰਜਾਬ 'ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਲਈ ਭਗਵੰਤ ਮਾਨ ਸਪੱਸ਼ਟੀਕਰਨ ਦੇਣ - ਬਾਜਵਾ

By  Jasmeet Singh November 11th 2022 07:37 PM

ਚੰਡੀਗੜ੍ਹ, 11 ਨਵੰਬਰ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ। 

ਬਾਜਵਾ ਨੇ ਕਿਹਾ ਕਿ ਕੋਟਕਪੂਰਾ ਵਿਖੇ ਪ੍ਰਦੀਪ ਸਿੰਘ ਢੋਡੀ ਉਰਫ਼ ਰਾਜੂ ਦੇ ਦਿਨ ਦਿਹਾੜੇ ਹੋਏ ਕਤਲ ਸਮੇਤ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਕਿ ਉਹ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਪੁਰੀ ਤਰ੍ਹਾਂ ਅਸਫ਼ਲ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕਮਾਂਡ ਸੰਭਾਲਣ ਵਾਲੇ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਪੂਰਾ ਪੁਲਿਸ ਅਮਲਾ ਦੀ ਅਗਵਾਈ, ਨਿਗਰਾਨੀ ਅਤੇ ਮਾਰਗਦਰਸ਼ਨ ਕਰਨ ਵਿੱਚ ਭਗਵੰਤ ਮਾਨ ਪੂਰੀ ਤਰ੍ਹਾਂ ਫੇਲ੍ਹ ਹੋ ਰਹੇ ਕਿਉਂਕਿ ਮੁੱਖ ਮੰਤਰੀ ਮਾਨ ਕੋਲ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵੀ ਹੈ।

ਬਾਜਵਾ ਨੇ ਕਿਹਾ 29 ਮਈ ਨੂੰ ਬੇਰਹਿਮੀ ਨਾਲ ਕਤਲ ਕੀਤੇ ਗਏ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਪਹਿਲਾਂ ਹੀ ਚੱਲ ਰਹੀ ਪੁਲਿਸ ਜਾਂਚ 'ਤੇ ਆਪਣੀ ਨਾਰਾਜ਼ਗ਼ੀ ਜ਼ਾਹਿਰ ਕਰ ਚੁੱਕੇ ਹਨ ਅਤੇ ਭਗਵੰਤ ਮਾਨ ਸਰਕਾਰ ਤੋਂ ਇਨਸਾਫ਼ ਨਾ ਮਿਲਣ 'ਤੇ ਭਾਰਤ ਛੱਡ ਕੇ ਵਿਦੇਸ਼ ਜਾ ਕੇ ਵੱਸਣ ਲਈ ਵੀ ਤਿਆਰ ਹਨ। ਇਸ ਤੋਂ ਇਲਾਵਾ ਯੂ.ਕੇ., ਕੈਨੇਡਾ ਅਤੇ ਅਮਰੀਕਾ ਤੋਂ ਆਪਣੇ ਬੱਚਿਆਂ ਦੇ ਵਿਆਹ ਸਮਾਗਮਾਂ ਵਿੱਚ ਆਏ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈ.) ਨੂੰ ਅੰਮ੍ਰਿਤਸਰ ਵਿੱਚ ਸ਼ਰਾਬ ਮਾਫੀਆ ਦੇ ਗੁੰਡਿਆਂ ਦੇ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਪੁਲਿਸ ਇਸ ਸਾਰੀ ਘਟਨਾ ਨੂੰ ਲੈ ਕੇ ਸਿਰਫ਼ ਮੂਕ ਦਰਸ਼ਕ ਬਣੀ ਰਹੀ । ਪਰਵਾਸੀ ਭਾਰਤੀਆਂ ਨੇ ਹੁਣ ਮੁੜ ਕਦੇ ਵੀ ਪੰਜਾਬ ਨਾ ਆਉਣ ਦਾ ਪ੍ਰਣ ਕੀਤਾ ਹੈ। 

ਇਹ ਵੀ ਪੜ੍ਹੋ: ਪੀੜਤ NRI ਪਰਿਵਾਰ ਨਾਲ ਸੁਖਬੀਰ ਬਾਦਲ ਨੇ ਕੀਤੀ ਮੁਲਾਕਾਤ

ਹੋਰ ਤਾਂ ਹੋਰ ਅਬੋਹਰ ਵਿੱਚ ਕਿੰਨੂ ਉਤਪਾਦਕਾਂ ਨੇ ਪਹਿਲਾਂ ਹੀ ਆਮ ਆਦਮੀ ਪਾਰਟੀ (ਆਪ) ਦੁਆਰਾ ਸਰਪ੍ਰਸਤੀ ਪ੍ਰਾਪਤ ਟਰੱਕ ਯੂਨੀਅਨਾਂ ਵੱਲੋਂ ਉਨ੍ਹਾਂ ਤੋਂ "ਗੁੰਡਾ ਟੈਕਸ" ਵਸੂਲਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਪੰਜਾਬ ਛੱਡ ਕੇ ਗੁਆਂਢੀ ਰਾਜਾਂ ਜਿਵੇਂ ਕਿ ਹਰਿਆਣਾ ਅਤੇ ਰਾਜਸਥਾਨ ਵਿੱਚ ਕਾਰੋਬਾਰ ਤਬਦੀਲ ਕਰਨ ਦੀ ਧਮਕੀ ਦਿੱਤੀ ਹੈ। ਅਜਿਹੇ ਹਾਲਾਤਾਂ ਵਿੱਚ ਪੰਜਾਬੀਆਂ ਨੂੰ ਲਗਾਤਾਰ ਡਰ ਅਤੇ ਡਰਾਵੇ ਹੇਠ ਰਹਿਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

Related Post