ਮਲੇਰਕੋਟਲਾ ਦੇ ਆਖ਼ਰੀ ਨਵਾਬ ਦੀ ਬੇਗ਼ਮ ਮੁਨੱਵਰ ਉਨ ਨਿਸਾ ਦਾ ਹੋਇਆ ਦੇਹਾਂਤ
ਮਲੇਰਕੋਟਲਾ: ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਲਈ ਸੂਬਾ ਸਰਹਿੰਦ ਵਜ਼ੀਰ ਖ਼ਾਨ ਅਤੇ ਮੁਗ਼ਲੀਆ ਸਲਤਨਤ ਦੇ ਹੋਰ ਅਹਿਲਕਾਰਾਂ ਸਾਹਮਣੇ 'ਹਾਅ ਦਾ ਨਾਅਰਾ' ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਨਾਲ ਸੰਬਧਤ ਬੇਗ਼ਮ ਮੁਨੱਵਰ ਉਨ ਨਿਸਾ ਨਹੀਂ ਰਹੇ। ਦੱਸਿਆ ਜਾ ਰਿਹਾ ਕਿ ਬੇਗ਼ਮ ਸਾਹਿਬਾ ਕਈ ਦਿਨਾਂ ਤੋਂ ਹਸਪਤਾਲ 'ਚ ਜ਼ੇਰੇ ਇਲਾਜ ਸਨ। ਕਈ ਦਿਨ ਤੋਂ ਤਬੀਅਤ ਖ਼ਰਾਬ ਹੋਣ ਦੇ ਚਲਦਿਆਂ ਉਨ੍ਹਾਂ ਅੱਜ ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ 'ਚ ਆਪਣੇ ਆਖ਼ਰੀ ਸਾਹ ਲਏ।
ਮਲੇਰਕੋਟਲਾ ਦੇ ਆਖ਼ਰੀ ਨਵਾਬ ਦੀ ਬੇਗ਼ਮ ਦੀ ਉਮਰ 100 ਸਾਲਾਂ ਤੋਂ ਉੱਤੇ ਸੀ। ਬੇਗਮ ਮੁਨੱਵਰ ਉਲ ਨਿਸਾ ਨਵਾਬ ਸ਼ੇਰ ਮੁਹੰਮਦ ਖਾਨ ਦੇ ਵੰਸ਼ਜ ਮੁਹੰਮਦ ਇਫਤਿਖਾਰ ਅਲੀ ਖਾਨ ਬਹਾਦੁਰ ਦੀ ਤੀਜੀ ਪਤਨੀ ਸਨ। ਨਵਾਬ ਦੀਆਂ ਪਹਿਲੀਆਂ ਦੋ ਪਤਨੀਆਂ ਨਹੀਂ ਰਹੀਆਂ। ਉਹ ਖ਼ੁਦ ਵੀ 1982 ਵਿੱਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਕਿਸੇ ਬੇਗਮ ਤੋਂ ਕੋਈ ਔਲਾਦ ਨਹੀਂ ਸੀ।
ਸ਼ੇਰ ਮੁਹੰਮਦ ਖਾਨ ਕੌਣ ਸੀ?
ਸ਼ੇਰ ਮੁਹੰਮਦ ਖਾਨ ਮੁਗ਼ਲੀਆ ਸਲਤਨਤ ਦਾ ਇੱਕਲੋਤਾ ਸ਼ਾਸਕ ਸੀ, ਜਿਸਨੇ ਸੂਬਾ ਸਰਹਿੰਦ ਵਜ਼ੀਰ ਖਾਨ ਦੇ ਖ਼ਿਲਾਫ਼ ਖੜ੍ਹੇ ਹੋਣ ਦੀ ਹਿੰਮਤ ਵਿਖਾਈ ਸੀ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ 'ਚ ਜ਼ਿੰਦਾ ਚਿਨਵਾਉਂਣ ਵਿਰੁੱਧ ਮੁਗ਼ਲ ਦਰਬਾਰ 'ਚ ਨਾ ਸਿਰਫ਼ ਆਪਣੀ ਆਵਾਜ਼ ਬੁਲੰਦ ਕੀਤੀ ਸੀ, ਸਗੋਂ ਸਾਰਿਆਂ ਦੇ ਸਾਹਮਣੇ 'ਹਾਅ ਦਾ ਨਾਅਰਾ' ਮਾਰ ਉਥੋਂ ਚਲੇ ਗਏ ਸਨ।
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਦੋਂ ਸ਼ੇਰ ਮੁਹੰਮਦ ਖਾਨ ਵੱਲੋਂ ਲਾਏ 'ਹਾਅ ਦਾ ਨਾਅਰੇ' ਦਾ ਪਤਾ ਲੱਗਿਆ ਤਾਂ ਉਨ੍ਹਾਂ ਮਲੇਰਕੋਟਲਾ ਨੂੰ ਸੱਦਾ ਲਈ ਵਸੇ ਰਹਿਣ ਦੇ ਵਰ ਨਾਲ ਨਵਾਜਿਆ ਸੀ। ਉਦੋਂ ਤੋਂ ਹੀ ਮਲੇਰਕੋਟਲਾ ਸਿੱਖ ਇਤਿਹਾਸ ਵਿੱਚ ਅਮਰ ਹੋ ਗਿਆ।
ਵੰਡ ਦੌਰਾਨ ਵੀ ਸੁਰੱਖਿਅਤ ਰਿਹਾ ਮਲੇਰਕੋਟਲਾ
ਸਾਲ 1947 ਦੀ ਵੰਡ ਦੀ ਭਿਆਨਕਤਾ ਦੌਰਾਨ ਵੀ ਜਦੋਂ ਪੰਜਾਬ ਫਿਰਕੂ ਖ਼ੂਨ-ਖ਼ਰਾਬੇ ਦੀ ਲਪੇਟ ਵਿੱਚ ਸੀ, ਮਲੇਰਕੋਟਲਾ 'ਚ ਹਿੰਸਾ ਦੀ ਇੱਕ ਵੀ ਘਟਨਾ ਦੀ ਗਵਾਹੀ ਨਹੀਂ ਭਰੀ ਗਈ। ਇਥੋਂ ਤੱਕ ਕਿ ਇਸ ਕਸਬੇ ਦੀ ਜ਼ਿਆਦਾਤਰ ਮੁਸਲਿਮ ਆਬਾਦੀ ਨੇ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਵਿੱਚ ਰਹਿਣ ਦਾ ਫੈਸਲਾ ਕੀਤਾ।
ਪੁਰਾਤਨ ਕਥਾ ਮੁਤਾਬਕ ਅੱਜ ਵੀ ਹੋ ਰਹੀ ਰੱਖਵਾਲੀ
ਅਸਲ ਵਿੱਚ ਇੱਕ ਸਥਾਨਕ ਕਥਾ ਹੈ ਕਿ ਫਿਰਕੂ ਤਣਾਅ ਦੇ ਸਮੇਂ ਮਲੇਰਕੋਟਲਾ ਦੇ ਆਲੇ ਦੁਆਲੇ ਸਰਪਟ ਘੋੜਿਆਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਸਨ। ਉੱਥੇ ਦੇ ਵਸਨੀਕ ਇਹ ਮੰਨਦੇ ਨੇ ਕਿ ਇਹ ਨਗਰ ਅਜੇ ਵੀ ਗੁਰੂ ਜੀ ਦੀ ਸੁਰੱਖਿਆ ਹੇਠ ਹੈ।
ਬਹੁਤਾਤ ਲੋਕ ਇਸ ਇਤਿਹਾਸ ਤੋਂ ਅਣਜਾਣ
ਪੰਜਾਬ ਤੋਂ ਬਾਹਰ ਇਸ ਕਹਾਣੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਮਲੇਰਕੋਟਲਾ ਦੀ ਵਿਰਾਸਤ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਮਹਿਲ ਖੰਡਰ ਹੋ ਰਹੇ ਹਨ ਅਤੇ ਮਲੇਰਕੋਟਲਾ ਦੇ ਆਖ਼ਰੀ ਨਵਾਬ ਦੀ ਪਤਨੀ ਇੱਕ ਸਦੀ ਤੋਂ ਲੰਮਾ ਅਰਸਾ ਬਿਤਾਉਣ ਮਗਰੋਂ ਆਪਣੇ ਅੰਤਲੇ ਸਮੇਂ ਆਪਣੇ ਵੇਲੇ ਦੇ ਆਲੀਸ਼ਾਨ ਮਹਿਲਾਂ ਨੂੰ ਖੰਡਰ ਬਣਦਿਆਂ ਵੇਖ ਹੁਣ ਗੁਜ਼ਰ ਗਏ ਹਨ।