T20 World Cup 2024: ਸੁਪਰ-8 ਤੋਂ ਪਹਿਲਾਂ ਰੋਹਿਤ-ਕੋਹਲੀ ਨੂੰ ਲੈ ਕੇ ਸਾਬਕਾ ਕ੍ਰਿਕਟਰ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?

ਟੀ-20 ਵਿਸ਼ਵ ਕੱਪ ਦੇ ਸੁਪਰ 8 ਦੌਰ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਕਿਸੇ ਖਾਸ ਫਾਰਮ 'ਚ ਨਜ਼ਰ ਨਹੀਂ ਆ ਰਹੇ ਹਨ। ਇਸ ਨੂੰ ਲੈ ਕੇ ਟੀਮ ਇੰਡੀਆ ਦੇ ਸਾਬਕਾ ਖਿਡਾਰੀ ਨੇ ਵੱਡਾ ਬਿਆਨ ਦਿੱਤਾ ਹੈ।

By  Dhalwinder Sandhu June 16th 2024 06:04 PM

T20 World Cup 2024: ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੇ ਸੁਪਰ 8 ਦੌਰ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ। ਗਰੁੱਪ ਗੇੜ ਦੌਰਾਨ ਖੇਡੇ ਗਏ ਸਾਰੇ ਮੈਚਾਂ 'ਚ ਜਿੱਤ ਅਤੇ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਰਹਿਣ ਕਾਰਨ ਟੀਮ ਇੰਡੀਆ ਦਾ ਹੌਂਸਲਾ ਪੂਰੀ ਤਰ੍ਹਾਂ ਕਾਇਮ ਹੈ। ਹਾਲਾਂਕਿ ਭਾਰਤੀ ਸਲਾਮੀ ਬੱਲੇਬਾਜ਼ਾਂ ਅਤੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਖਰਾਬ ਫਾਰਮ ਭਾਰਤ ਲਈ ਚੰਗਾ ਸੰਕੇਤ ਨਹੀਂ ਹੈ। ਜੇਕਰ ਟੀਮ ਇੰਡੀਆ ਆਪਣੇ ਅਗਲੇ ਦੌਰ 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਰੋਹਿਤ ਅਤੇ ਵਿਰਾਟ ਦਾ ਜਲਦ ਤੋਂ ਜਲਦ ਫਾਰਮ 'ਚ ਆਉਣਾ ਬਹੁਤ ਜ਼ਰੂਰੀ ਹੈ। 

ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਸੰਜੇ ਮਾਂਜਰੇਕਰ ਦਾ ਮੰਨਣਾ ਹੈ ਕਿ ਜੇਕਰ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਜਾਂ ਫਾਈਨਲ ਵਰਗੇ ਵੱਡੇ ਮੈਚਾਂ 'ਚ ਫੈਸਲਾਕੁੰਨ ਪਾਰੀਆਂ ਖੇਡਦੇ ਹਨ ਤਾਂ ਗਰੁੱਪ ਗੇੜ 'ਚ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਕੋਈ ਫਰਕ ਨਹੀਂ ਪਵੇਗਾ। ਕੋਹਲੀ ਟੂਰਨਾਮੈਂਟ 'ਚ ਹੁਣ ਤੱਕ ਖੇਡੇ ਗਏ 3 ਮੈਚਾਂ 'ਚ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕੇ ਹਨ। ਰੋਹਿਤ ਨੇ ਆਇਰਲੈਂਡ ਦੇ ਖਿਲਾਫ ਅਰਧ ਸੈਂਕੜਾ ਲਗਾਇਆ, ਪਰ ਪਾਕਿਸਤਾਨ ਅਤੇ ਅਮਰੀਕਾ ਖਿਲਾਫ ਉਸਦਾ ਬੱਲਾ ਚੰਗਾ ਨਹੀਂ ਚੱਲ ਸਕਿਆ।

ਮਾਂਜਰੇਕਰ ਨੇ ਪੀਟੀਆਈ ਨੂੰ ਕਿਹਾ, 'ਜੇਕਰ ਤੁਸੀਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਨੂੰ ਚੁਣਿਆ ਹੈ, ਤਾਂ ਤੁਸੀਂ ਅਨੁਭਵ ਨੂੰ ਪਹਿਲ ਦਿੱਤੀ ਹੈ। ਤੁਸੀਂ ਆਪਣੇ ਤਜਰਬੇਕਾਰ ਖਿਡਾਰੀਆਂ ਨੂੰ ਵਿਸ਼ਵ ਕੱਪ 'ਚ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਜੋ ਉਹ ਚੰਗਾ ਪ੍ਰਦਰਸ਼ਨ ਕਰਨ ਜਦੋਂ ਇਹ ਅਸਲ ਵਿੱਚ ਮਹੱਤਵਪੂਰਨ ਹੋਵੇ।

ਉਹਨਾਂ ਨੇ ਕਿਹਾ, 'ਇਸ ਲਈ ਮੈਨੂੰ ਇਸ ਤੱਥ ਨਾਲ ਕੋਈ ਸਮੱਸਿਆ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕੁਝ ਖਿਡਾਰੀ ਫਾਰਮ ਵਿੱਚ ਨਹੀਂ ਹਨ। ਜੇਕਰ ਇਹ ਖਿਡਾਰੀ ਸੈਮੀਫਾਈਨਲ ਜਾਂ ਫਾਈਨਲ 'ਚ ਫੈਸਲਾਕੁੰਨ ਪਾਰੀਆਂ ਖੇਡ ਕੇ ਟੀਮ ਨੂੰ ਜੇਤੂ ਬਣਾਉਂਦੇ ਹਨ ਤਾਂ ਤੁਹਾਡੇ ਸੀਨੀਅਰ ਖਿਡਾਰੀਆਂ ਤੋਂ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਂਦੀ ਹੈ।

ਭਾਰਤ ਲਈ 37 ਟੈਸਟ ਅਤੇ 74 ਵਨਡੇ ਖੇਡਣ ਵਾਲੇ ਮਾਂਜਰੇਕਰ ਨੇ ਕਿਹਾ, 'ਜੇਕਰ ਤੁਹਾਡਾ ਕੋਈ ਨੌਜਵਾਨ ਖਿਡਾਰੀ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਇਹ ਤੁਹਾਡੇ ਲਈ ਬੋਨਸ ਹੈ ਜਿਵੇਂ ਇੰਜ਼ਮਾਮ ਉਲ ਹੱਕ ਨੇ 1992 ਵਿਸ਼ਵ ਕੱਪ 'ਚ ਪਾਕਿਸਤਾਨ ਲਈ ਕੀਤਾ ਸੀ। ਸੀਨੀਅਰ ਖਿਡਾਰੀਆਂ ਨੂੰ ਵੱਧ ਤੋਂ ਵੱਧ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਲਈ ਚੋਣ ਕਮੇਟੀ ਨੇ ਟੀ-20 ਵਿਸ਼ਵ ਕੱਪ ਲਈ ਤਜ਼ਰਬੇ ਨੂੰ ਪਹਿਲ ਦਿੱਤੀ।

ਸ਼ਿਵਮ ਦੂਬੇ ਨੇ ਆਈਪੀਐੱਲ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਟੀਮ 'ਚ ਜਗ੍ਹਾ ਬਣਾਈ, ਪਰ ਉਹ ਅਜੇ ਤੱਕ ਵਿਸ਼ਵ ਕੱਪ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਪਰ ਮਾਂਜਰੇਕਰ ਨੂੰ ਇਸ ਆਲਰਾਊਂਡਰ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਮਾਂਜਰੇਕਰ ਨੇ ਕਿਹਾ, 'ਸਾਨੂੰ ਇਹ ਦੇਖਣ ਲਈ ਇੰਤਜ਼ਾਰ ਕਰਨਾ ਹੋਵੇਗਾ ਕਿ ਕੀ ਸ਼ਿਵਮ ਦੂਬੇ ਆਈਪੀਐੱਲ 'ਚ ਸਪਿਨਰਾਂ ਦੇ ਖਿਲਾਫ ਉਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਉਣ 'ਚ ਸਮਰੱਥ ਹੈ ਜਾਂ ਨਹੀਂ। ਵਿਸ਼ਵ ਕੱਪ 'ਚ ਸਪਿਨਰਾਂ ਦੇ ਖਿਲਾਫ ਖੇਡਣਾ ਆਸਾਨ ਨਹੀਂ ਹੈ ਅਤੇ ਇਹ ਦੇਖਣਾ ਹੋਵੇਗਾ ਕਿ ਦੂਬੇ ਇਨ੍ਹਾਂ ਪਿੱਚਾਂ 'ਤੇ ਸਫਲ ਹੋਣ ਲਈ ਆਪਣੀ ਖੇਡ ਨੂੰ ਕਿਵੇਂ ਬਦਲਦੇ ਹਨ।

ਮਾਂਜਰੇਕਰ ਨੂੰ ਉਮੀਦ ਨਹੀਂ ਸੀ ਕਿ ਰਿਸ਼ਭ ਪੰਤ ਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਿਆ ਜਾਵੇਗਾ, ਪਰ ਅੰਤ 'ਚ ਇਹ ਚੰਗਾ ਫੈਸਲਾ ਸਾਬਤ ਹੋਇਆ। ਟੀਮ ਪ੍ਰਬੰਧਨ ਹਰ ਨੰਬਰ 'ਤੇ ਪ੍ਰਭਾਵਸ਼ਾਲੀ ਖਿਡਾਰੀ ਚਾਹੁੰਦਾ ਹੈ ਅਤੇ ਜਿੱਥੋਂ ਤੱਕ ਰਿਸ਼ਭ ਪੰਤ ਦਾ ਸਵਾਲ ਹੈ, ਮੈਨੂੰ ਉਮੀਦ ਨਹੀਂ ਸੀ ਕਿ ਉਸ ਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਿਆ ਜਾਵੇਗਾ, ਪਰ ਅੰਤ 'ਚ ਇਹ ਚੰਗਾ ਫੈਸਲਾ ਸਾਬਤ ਹੋਇਆ। ਪੰਤ ਨੇ ਆਪਣਾ ਹੁਨਰ ਦਿਖਾਇਆ ਅਤੇ ਟੂਰਨਾਮੈਂਟ ਵਿੱਚ ਭਾਰਤ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਬੱਲੇਬਾਜ਼ ਹੈ।

ਇਹ ਵੀ ਪੜੋ: ਫਾਰਮ ਹਾਊਸ 'ਤੇ ਧੋਨੀ ਨੇ ਬਿਤਾਇਆ ਆਪਣਾ ਵਿਹਲਾ ਸਮਾਂ, ਇਸ ਤਰ੍ਹਾਂ ਲਿਆ ਆਨੰਦ

Related Post