ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਤੋਂ ਪਹਿਲਾਂ ਬਿਕਰਮ ਮਜੀਠੀਆ ਨੇ ਘੇਰਿਆ 'ਆਪ' ਕਨਵੀਨਰ; ਕਿਹਾ - 'ਮੰਗਣੀ ਪਵੇਗੀ ਮੁਆਫ਼ੀ'
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲਿਆ ਹੈ। ਦੱਸਣਯੋਗ ਹੈ ਕਿ 'ਆਪ' ਦੇ ਕਨਵੀਨਰ ਅੱਜ ਤੋਂ ਪੰਜਾਬ ਦੇ ਤਿੰਨ ਦਿਨਾਂ ਦੇ ਦੌਰੇ 'ਤੇ ਆਉਣ ਵਾਲੇ ਹਨ।
13 ਤੋਂ 15 ਸਤੰਬਰ ਤੱਕ ਦੇ ਦੌਰੇ ਦੌਰਾਨ ਕੇਜਰੀਵਾਲ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਇਸ ਵਿੱਚ ਅੰਮ੍ਰਿਤਸਰ ਵਿੱਚ ਪਹਿਲੇ ‘ਸਕੂਲ ਆਫ ਐਮੀਨੈਂਸ’ ਦਾ ਉਦਘਾਟਨ ਕਰਨਾ ਅਤੇ ਟਾਊਨ ਹਾਲ ਮੀਟਿੰਗ ਰਾਹੀਂ ਪੰਜਾਬ ਦੇ ਉਦਯੋਗਪਤੀਆਂ ਦੇ ਮੁੱਦਿਆਂ ਨੂੰ ਹੱਲ ਕਰਨਾ ਸ਼ਾਮਲ ਹੈ।
ਇਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਲੰਬੇ ਸਮੇਂ ਬਾਅਦ ਅੱਜ ਪੰਜਾਬ ਆ ਰਹੇ ਹਨ। ਮਜੀਠੀਆ ਨੇ ਕੇਜਰੀਵਾਲ ਨੂੰ ਬੇਨਤੀ ਕਰਦਿਆਂ ਆਖਿਆ ਹੈ ਕਿ ਜੇਕਰ ਉਹ ਪੰਜਾਬ ਆ ਰਹੇ ਨੇ 'ਤੇ ਆਪਣੀ ਭੈਣ ਸਿੱਪੀ ਸ਼ਰਮਾ ਨਾਲ ਮੁਲਾਕਾਤ ਜ਼ਰੂਰ ਕਰਨ।
ਉਨ੍ਹਾਂ ਆਪਣੇ ਵੀਡੀਓ ਸੁਨੇਹੇ 'ਚ ਕੇਜਰੀਵਾਲ ਨੂੰ ਕਿਹਾ, "ਯਾਦ ਕਰਵਾ ਦਿਆਂ ਕਿ ਸਿੱਪੀ ਸ਼ਰਮਾ ਉਹ ਹੀ ਹੈ, ਜਿਸਨੂੰ 2021 'ਚ ਲਗਭਗ ਨਵੰਬਰ ਦੇ ਮਹੀਨੇ ਤੁਸੀਂ ਆਕੇ ਟੈਂਕੀ ਤੋਂ ਉਤਾਰਿਆ ਸੀ ਅਤੇ ਇਹ ਕਿਹਾ ਸੀ ਕਿ ਅਸੀਂ ਤਾਂ ਆਪਣੀਆਂ ਟੀਚਰਾਂ ਨੂੰ ਗੁਰੂ ਦਾ ਰੂਪ ਮਣਦੇ ਹਾਂ ਅਤੇ ਹੁਣ ਦਿਆਂ ਸਰਕਾਰਾਂ ਇਨ੍ਹਾਂ ਨੂੰ ਟੈਂਕੀਆਂ 'ਤੇ ਚੜ੍ਹਾ ਰਹੀਆਂ ਹਨ।"
ਉਨ੍ਹਾਂ ਅੱਗੇ ਕਿਹਾ, "ਤੁਸੀਂ ਉਨ੍ਹਾਂ ਨੂੰ ਟੈਂਕੀ ਤੋਂ ਉਤਾਰ ਕੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੀ ਸਰਕਾਰ ਬਣਨ 'ਤੇ 646 ਪੀ.ਟੀ.ਆਈ ਟੀਚਰਾਂ ਨੂੰ ਤੁਸੀਂ ਪੱਕੇ ਕਰੋਗੇ।"
ਦੱਸਣਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ 646 ਪੀ.ਟੀ.ਆਈ. ਅਧਿਆਪਕਾਂ ਨੇ ਪੱਕੇ ਹੋਣ ਅਤੇ ਹੋਰ ਮੰਗਾਂ ਨੂੰ ਲੈਕੇ ਟੈਂਕੀ 'ਤੇ ਚੜ੍ਹ ਵਿਰੋਧ ਪ੍ਰਦਰਸ਼ਨ ਕੀਤਾ ਸੀ , ਜਿਨ੍ਹਾਂ 'ਚੋਂ ਸਿੱਪੀ ਸ਼ਰਮਾ ਨਾਮਕ ਅਧਿਆਪਕਾ ਨੂੰ ਅਰਵਿੰਦ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਨੂੰ ਸੱਤਾ 'ਚ ਲਿਆਇਆ ਜਾਂਦਾ ਹੈ ਤਾਂ ਉਹ ਉਨ੍ਹਾਂ ਦੀ ਮੁਸ਼ਕਲਾਂ ਦਾ ਹੱਲ ਜ਼ਰੂਰ ਕਰਨਗੇ।
ਬਿਕਰਮ ਸਿੰਘ ਮਜੀਠੀਆ ਨੇ 'ਆਪ' ਕਨਵੀਨਰ ਨੂੰ ਯਾਦ ਕਰਵਾਇਆ ਕਿ ਅੱਜ ਪੌਣੇ ਦੋ ਸਾਲ ਬੀਤ ਚੁੱਕੇ ਨੇ, ਪਰ ਹੁਣ ਤੱਕ ਉਨ੍ਹਾਂ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਜਾ ਸਕਿਆ ਹੈ। ਉਨ੍ਹਾਂ ਸਿੱਪੀ ਸ਼ਰਮਾ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਇਹ ਇਲਜ਼ਾਮ ਲਾਇਆ ਕਿ ਅੱਜ ਜਦੋਂ ਉਹੀ ਟੀਚਰਾਂ ਕੇਜਰੀਵਾਲ ਨੂੰ ਮਿਲਣਾ ਚਾਹੁੰਦੀਆਂ ਨੇ ਤਾਂ 'ਆਪ' ਸਰਕਾਰ ਨੇ ਇਨ੍ਹਾਂ ਅਧਿਆਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਲਿਆ ਹੈ।
ਇਸ ਦਰਮਿਆਨ ਅਕਾਲੀ ਆਗੂ ਨੇ ਆਪਣੇ ਫੋਨ 'ਚ ਇੱਕ ਤਸਵੀਰ ਵੀ ਦਿਖਾਈ ਜੋ ਸਿੱਪੀ ਸ਼ਰਮਾ ਨੇ ਸਾਂਝੀ ਕੀਤੀ ਹੈ ਅਤੇ ਜਿਸਦੇ ਪਿੱਛੇ ਪੰਜਾਬ ਪੁਲਿਸ ਦੇ ਮੁਲਾਜ਼ਮ ਉਸਨੂੰ ਘੇਰੀ ਨਜ਼ਰ ਆ ਰਹੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਿੱਪੀ ਸ਼ਰਮਾ ਦੇ ਨਾਲ-ਨਾਲ ਪੀ.ਟੀ.ਆਈ. ਟੀਚਰਾਂ ਦਾ ਪ੍ਰਧਾਨ ਸੰਦੀਪ ਅਤੇ ਹੋਰ ਅਧਿਆਪਕ ਜੋ ਕਿ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੀ ਪੰਜਾਬ ਫੇਰੀ ਦੇ ਦੌਰਾਨ ਮਿਲਣਾ ਚਾਹੁੰਦੇ ਸਨ, ਉਨ੍ਹਾਂ ਸਾਰਿਆਂ ਨੂੰ ਹੀ ਪੰਜਾਬ ਪੁਲਿਸ ਨੇ ਅੱਜ ਨਜ਼ਰਬੰਦ ਕਰ ਲਿਆ ਹੈ ਤਾਂ ਜੋ ਉਹ ਕੇਜਰੀਵਾਲ ਕੀ ਕਿਸੇ ਨੂੰ ਵੀ ਨਾ ਮਿਲ ਸਕਣ।
ਉਨ੍ਹਾਂ ਕਿਹਾ ਕਿ ਕੁਝ ਲਾਈਨਮੈਨ ਜਿਨ੍ਹਾਂ ਨਾਲ ਕੇਜਰੀਵਾਲ ਨੇ ਧੋਖਾ ਕੀਤਾ ਪੁਲਿਸ ਨੇ ਉਨ੍ਹਾਂ ਨੂੰ ਵੀ ਨਜ਼ਰਬੰਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਟੀਚਰਾਂ ਜਿਨ੍ਹਾਂ ਨੂੰ ਧੋਖੇ ਨਾਲ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਹੁਣ ਉਨ੍ਹਾਂ ਨੂੰ ਕੋਈ ਭੱਤਾ ਨਹੀਂ ਮਿਲ ਰਿਹਾ, ਉਹ ਮਿਲਣਾ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਵੀ ਨਰਜਬੰਦ ਕਰ ਲਿਆ ਗਿਆ।
ਬਿਕਰਮ ਸਿੰਘ ਮਜੀਠੀਆ ਪੁੱਛਿਆ, "ਕੀ ਇਹ ਤੁਹਾਡਾ ਲੋਕਤੰਤਰ ਹੈ? ਕੀ ਇਹ ਤੁਹਾਡਾ ਬਦਲਾਅ ਹੈ?" ਉਨ੍ਹਾਂ ਅੱਗੇ ਕਿਹਾ ਕਿ "ਮੈਂ ਉਮੀਦ ਕਰਦਾਂ ਹਾਂ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗਣ।"