ਇਹ ਫੂਡ ਵਾਲੇ ਸਾਵਧਾਨ! ਕੋਕੀਨ ਵਰਗਾ ਹੁੰਦਾ ਹੈ ਅਸਰ, ਮੈਂਟਲ ਹੈਲਥ ਨੂੰ ਵੀ ਕਰਦੇ ਹਨ ਖਰਾਬ

ਭੱਜਦੌੜ ਭਰੀ ਜ਼ਿੰਦਗੀ ਵਿੱਚ ਅੱਜਕਲ ਲੋਕ ਫਾਸਟਫੂਡ ਖਾਣਾ ਪਸੰਦ ਕਰ ਰਹੇ ਹਨ। ਜ਼ਿਆਦਾਤਰ ਲੋਕਾਂ ਦਾ ਇਹ ਜ਼ਿੰਦਗੀ ਦਾ ਅਤੁੱਟ ਹਿੱਸਾ ਵੀ ਬਣ ਗਿਆ ਹੈ, ਪਰ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਇਹ ਸਾਡੇ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਅਲਟਰਾ ਪ੍ਰੋਸੈਸਡ ਫੂਡ ਸਿਹਤ ਲਈ ਬੇਹੱਦ ਹਾਨੀਕਾਰਕ ਮੰਨੇ ਜਾਂਦੇ ਹਨ ਪਰ ਫਿਰ ਵੀ ਵੱਡੀ ਗਿਣਤੀ ਲੋਕ ਇਨ੍ਹਾਂ ਨੂੰ ਖੁਦ ਤੋਂ ਦੂਰ ਨਹੀਂ ਕਰ ਸਕਦੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਨੂੰ ਵਾਰ-ਵਾਰ ਜੰਕ ਫੂਡ (Healthy Food) ਖਾਣ ਦਾ ਮਨ ਕਿਉਂ ਕਰਦਾ ਹੈ? ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਅਲਟਰਾ ਪ੍ਰੋਸੈਸਡ ਭੋਜਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ, ਜਿਸ ਨਾਲ ਲੋਕ ਇਸ ਦੇ ਆਦੀ ਹੋ ਜਾਂਦੇ ਹਨ। ਇਹ ਨਸ਼ਾ ਬਿਲਕੁਲ ਕੋਕੀਨ, ਹੈਰੋਇਨ ਅਤੇ ਸ਼ਰਾਬ ਦੀ ਲਤ ਵਾਂਗ ਹੈ। ਸਿਹਤ ਮਾਹਿਰਾਂ ਅਨੁਸਾਰ ਜੰਕ ਫੂਡ ਖ਼ਤਰਨਾਕ ਨਸ਼ਿਆਂ ਵਾਂਗ ਲੋਕਾਂ ਦੇ ਸਰੀਰ ਅਤੇ ਦਿਮਾਗ 'ਤੇ ਅਸਰ ਪਾ ਰਿਹਾ ਹੈ।
ਡੇਲੀਮੇਲ ਦੀ ਰਿਪੋਰਟ ਅਨੁਸਾਰ, ਅਲਟਰਾ ਪ੍ਰੋਸੈਸਰ ਭੋਜਨ ਦਿਮਾਗ 'ਤੇ ਕੋਕੀਨ ਵਾਂਗ ਅਸਰ ਕਰਦੇ ਹਨ, ਜਿਨ੍ਹਾਂ ਨੂੰ ਵਾਰ-ਵਾਰ ਖਾਣ ਦਾ ਮਨ ਕਰਦਾ ਹੈ। ਜ਼ਿਆਦਾ ਜੰਕ ਫੂਡ ਖਾਣ ਨਾਲ ਲੋਕਾਂ 'ਚ ਇੱਕ ਤਰ੍ਹਾਂ ਦਾ ਮਨੋਵਿਗਿਆਨਕ ਨਸ਼ਾ ਲੱਗ ਜਾਂਦਾ ਹੈ। ਫਿਰ ਜੇਕਰ ਲੋਕ ਜੰਕ ਫੂਡ ਨਹੀਂ ਖਾਂਦੇ ਤਾਂ ਬੇਚੈਨ ਹੋਣ ਲੱਗਦੇ ਹਨ।
ਕਈ ਲੋਕਾਂ ਨੂੰ ਲਗਦਾ ਹੈ ਕਿ ਜੰਕ ਫੂਡ (fast food) ਖਾਣ ਦਾ ਮਨ ਕਰਨਾ ਆਮ ਗੱਲ ਹੈ, ਪਰ ਅਜਿਹਾ ਨਹੀਂ ਹੈ। ਇਹ ਭੋਜਨ ਕੁੱਝ ਇਸ ਤਰ੍ਹਾਂ ਬਣਾਏ ਜਾਂਦੇ ਹਨ, ਜਿਹੜੇ ਦਿਮਾਗ 'ਤੇ ਜ਼ਿਆਦਾ ਅਸਰ ਕਰਨ। ਇਹ ਚੀਜ਼ਾਂ ਇਨ੍ਹਾਂ ਨੂੰ ਖਿੱਚ ਭਰਪੂਰ ਬਣਾਉਂਦੀਆਂ ਹਨ, ਜਿਨ੍ਹਾਂ ਦੀ ਚਪੇਟ 'ਚ ਜ਼ਿਆਦਾਤਰ ਬੱਚੇ ਆ ਸਕਦੇ ਹਨ ਅਤੇ ਇੱਕ ਵਾਰ ਲਤ ਲੱਗਣ ਤੋਂ ਬਾਅਦ ਇਸ ਵਿਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਸਕਦਾ ਹੈ।
ਅਲਟਰਾ ਪ੍ਰੋਸੈਸਡ ਭੋਜਨ 'ਚ ਪਾਈਆਂ ਜਾਣ ਵਾਲੀਆਂ ਚੀਜ਼ਾਂ ਕਈ ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਨੂੰ ਜਨਮ ਦੇ ਸਕਦੀਆਂ ਹਨ। ਕਈ ਅਧਿਐਨਾਂ ਵਿਚ ਇਹ ਪਾਇਆ ਗਿਆ ਹੈ ਕਿ ਜੰਕ ਫੂਡ ਦਾ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਚਿੰਤਾ ਅਤੇ ਉਦਾਸੀ ਦੇ ਜੋਖਮ ਨੂੰ ਵਧਾ ਸਕਦਾ ਹੈ। ਜੰਕ ਫੂਡ ਖਾਣ ਨਾਲ ਸਿਹਤ 'ਤੇ ਮਾੜੇ ਪ੍ਰਭਾਵ ਪੈ ਸਕਦੇ ਹਨ। ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਟਾਈਪ-2 ਡਾਇਬਟੀਜ਼, ਮੋਟਾਪਾ, ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ।
ਕੀ ਹੁੰਦਾ ਹੈ ਅਲਟਰਾ ਪ੍ਰੋਸੈਸਰ ਭੋਜਨ 'ਚ
ਮਾਹਿਰਾਂ ਦਾ ਕਹਿਣਾ ਹੈ ਕਿ ਅਲਟਰਾ ਪ੍ਰੋਸੈਸਡ ਭੋਜਨ ਵਿੱਚ ਕਾਰਬੋਹਾਈਡਰੇਟ, ਚਰਬੀ ਅਤੇ ਊਰਜਾ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਦੋਂਕਿ ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਨ੍ਹਾਂ ਭੋਜਨਾਂ ਵਿੱਚ ਸਟੈਬੀਲਾਈਜ਼ਰ ਅਤੇ ਇਮਲਸੀਫਾਇਰ ਵਰਗੇ ਕਈ ਐਡੀਟਿਵ ਵਰਤੇ ਜਾਂਦੇ ਹਨ। ਇਹ ਚੀਜ਼ਾਂ ਭੋਜਨ ਦੇ ਸੁਆਦ ਅਤੇ ਬਣਤਰ ਨੂੰ ਵਧੀਆ ਬਣਾਉਂਦੀਆਂ ਹਨ। ਬਹੁਤ ਸਾਰੇ ਅਲਟਰਾ ਪ੍ਰੋਸੈਸਡ ਭੋਜਨਾਂ ਵਿੱਚ ਨਿਆਸੀਨ, ਪਾਈਰੀਡੋਕਸੀਨ, ਜ਼ਿੰਕ, ਸੇਲੇਨਿਅਮ, ਆਇਰਨ, ਫਾਸਫੋਰਸ, ਮੈਗਨੀਸ਼ੀਅਮ ਸਮੇਤ ਬਹੁਤ ਸਾਰੇ ਸੂਖਮ ਤੱਤਾਂ ਦੀ ਘਾਟ ਵੀ ਹੁੰਦੀ ਹੈ। ਸਾਡੇ ਸਰੀਰ ਨੂੰ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਜੋ ਇਨ੍ਹਾਂ ਭੋਜਨਾਂ ਤੋਂ ਨਹੀਂ ਮਿਲਦੇ।