BCCI ਨੇ ਭਾਰਤੀ ਕ੍ਰਿਕਟ ਟੀਮ 'ਤੇ ਵਰ੍ਹਾਇਆ ਨੋਟਾਂ ਦਾ ਮੀਂਹ, T20 WC ਜੇਤੂ ਰੋਹਿਤ ਐਂਡ ਕੰਪਨੀ ਨੂੰ ਮਿਲਣਗੇ 125 ਕਰੋੜ ਰੁਪਏ

BCCI award 125 crore rupees to Indian cricket team : ਬੀਸੀਸੀਆਈ ਵਿਸ਼ਵ ਕੱਪ ਜੇਤੂ ਟੀਮ ਨੂੰ 125 ਕਰੋੜ ਰੁਪਏ ਦੇਵੇਗੀ।ਇਸ ਇਨਾਮ ਦਾ ਐਲਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਆਪਣੇ ਟਵਿੱਟਰ ਐਕਸ ਅਕਾਊਂਟ 'ਤੇ ਪੋਸਟ ਸਾਂਝੀ ਕਰਕੇ ਕੀਤਾ ਹੈ।

By  KRISHAN KUMAR SHARMA June 30th 2024 08:47 PM -- Updated: June 30th 2024 08:58 PM

BCCI award 125 crore rupees to Indian cricket team : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਟੀ-20 ਵਿਸ਼ਵ ਕੱਪ 2024 ਜਿੱਤਣ ਵਾਲੀ ਰੋਹਿਤ ਐਂਡ ਕੰਪਨੀ ਲਈ ਵੱਡੇ ਤੋਹਫੇ ਦਾ ਐਲਾਨ ਕੀਤਾ ਗਿਆ ਹੈ। ਬੀਸੀਸੀਆਈ ਵਿਸ਼ਵ ਕੱਪ ਜੇਤੂ ਟੀਮ ਨੂੰ 125 ਕਰੋੜ ਰੁਪਏ ਦੇਵੇਗੀ।ਇਸ ਇਨਾਮ ਦਾ ਐਲਾਨ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਆਪਣੇ ਟਵਿੱਟਰ ਐਕਸ ਅਕਾਊਂਟ 'ਤੇ ਪੋਸਟ ਸਾਂਝੀ ਕਰਕੇ ਕੀਤਾ ਹੈ।

ਭਾਰਤ ਨੇ ਸ਼ਨੀਵਾਰ ਰਾਤ ਨੂੰ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ। ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ 'ਚ ਅਜੇਤੂ ਰਹਿ ਕੇ ਖਿਤਾਬ ਜਿੱਤਿਆ। ਟੀ-20 ਵਿੱਚ ਭਾਰਤ ਦੀ ਇਹ ਦੂਜੀ ਵਿਸ਼ਵ ਕੱਪ ਟਰਾਫੀ ਹੈ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ 2007 'ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ।

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਐਤਵਾਰ ਸ਼ਾਮ ਨੂੰ ਟੀ-20 ਵਿਸ਼ਵ ਕੱਪ ਜੇਤੂ ਟੀਮ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਜੈ ਸ਼ਾਹ ਨੇ ਟਵੀਟ ਕੀਤਾ, 'ਮੈਂ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਜਿੱਤਣ 'ਤੇ ਟੀਮ ਇੰਡੀਆ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਖੁਸ਼ ਹਾਂ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਪ੍ਰਤਿਭਾ, ਦ੍ਰਿੜਤਾ ਅਤੇ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਵਧਾਈ!'

ਭਾਰਤੀ ਕ੍ਰਿਕਟ ਟੀਮ ਨੂੰ ਆਈਸੀਸੀ ਵੱਲੋਂ ਮਿਲਿਆ ਇਨਾਮ

ਇਸਤੋਂ ਪਹਿਲਾਂ ਆਈਸੀਸੀ ਨੇ ਟੂਰਨਾਮੈਂਟ ਲਈ ਇਨਾਮੀ ਰਾਸ਼ੀ 93.51 ਕਰੋੜ ਰੁਪਏ (11.25 ਮਿਲੀਅਨ ਡਾਲਰ) ਰੱਖੀ ਸੀ, ਜੋ ਕਿ ਇੱਕ ਰਿਕਾਰਡ ਹੈ। ਇਹ ਪਿਛਲੇ ਸਾਰੇ ਆਈਸੀਸੀ ਟੀ-20 ਵਿਸ਼ਵ ਕੱਪ ਟੂਰਨਾਮੈਂਟਾਂ ਤੋਂ ਵੱਧ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਭਾਰਤ ਵਿੱਚ ਹੋਏ ਵਨਡੇ ਵਿਸ਼ਵ ਕੱਪ ਵਿੱਚ ਇਨਾਮੀ ਰਾਸ਼ੀ ਦਾ ਬਜਟ 82.93 ਕਰੋੜ ਰੁਪਏ (10 ਮਿਲੀਅਨ ਅਮਰੀਕੀ ਡਾਲਰ) ਸੀ।

ਆਈਸੀਸੀ ਦੇ ਐਲਾਨ ਮੁਤਾਬਕ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ 20.36 ਕਰੋੜ ਰੁਪਏ (2.45 ਕਰੋੜ ਅਮਰੀਕੀ ਡਾਲਰ) ਮਿਲੇ ਹਨ। ਪਿਛਲੇ ਕਿਸੇ ਵੀ ਟੀ-20 ਵਿਸ਼ਵ ਕੱਪ ਵਿੱਚ ਜੇਤੂ ਟੀਮ ਨੂੰ ਇੰਨੇ ਪੈਸੇ ਨਹੀਂ ਮਿਲੇ ਸਨ। ਇਸ ਸਾਲ ਇਸ ਟੂਰਨਾਮੈਂਟ ਵਿੱਚ ਰਿਕਾਰਡ 20 ਟੀਮਾਂ ਖੇਡੀਆਂ। ਇਸ ਕਾਰਨ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਟੀ-20 ਵਿਸ਼ਵ ਕੱਪ ਸੀ। 

ਇਸ ਦੇ ਨਾਲ ਹੀ ਫਾਈਨਲ 'ਚ ਹਾਰਨ ਵਾਲੀ ਟੀਮ ਯਾਨੀ ਉਪ ਜੇਤੂ ਦੱਖਣੀ ਅਫਰੀਕਾ ਨੂੰ 10.64 ਕਰੋੜ ਰੁਪਏ (1.28 ਕਰੋੜ ਅਮਰੀਕੀ ਡਾਲਰ) ਨਾਲ ਸੰਤੁਸ਼ਟ ਹੋਣਾ ਪਿਆ। ਸੈਮੀਫਾਈਨਲ ਖੇਡਣ ਤੋਂ ਬਾਅਦ ਬਾਹਰ ਹੋਈਆਂ ਟੀਮਾਂ ਨੂੰ 6.54 ਕਰੋੜ ਰੁਪਏ (787,500 ਅਮਰੀਕੀ ਡਾਲਰ) ਮਿਲੇ। ਇਨ੍ਹਾਂ ਵਿੱਚ ਅਫਗਾਨਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਸ਼ਾਮਲ ਹਨ।

Related Post