'ਇੱਥੇ ਚਿੱਟਾ ਮਿਲਦਾ ਹੈ...' ਬਠਿੰਡਾ 'ਚ ਲੱਗੇ ਪੋਸਟਰ, ਜਾਣੋ ਕੀ ਹੈ ਪੂਰਾ ਮਾਮਲਾ

ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਕੁਝ ਲੋਕ ਸ਼ਰੇਆਮ ਚਿੱਟੇ ਦਾ ਨਸ਼ਾ ਵੇਚਦੇ ਹਨ। ਭਾਵੇਂ ਕਿ ਪੁਲਿਸ ਉਨ੍ਹਾਂ ਨੂੰ ਫੜ ਕੇ ਲੈ ਜਾਂਦੀ ਹੈ ਪਰ ਬਾਅਦ ਵਿੱਚ ਛੱਡ ਦਿੰਦੀ ਹੈ। ਕਿਉਂ ਛੱਡਦੀ ਹੈ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ?

By  KRISHAN KUMAR SHARMA May 7th 2024 10:48 AM

Chita Ithe Milda hai: ਨਸ਼ਿਆਂ ਨੂੰ ਰੋਕਣ ਵਿੱਚ ਪੁਲਿਸ ਲਗਾਤਾਰ ਨਾਕਾਮ ਨਜ਼ਰ ਵਿਖਾਈ ਦੇ ਰਹੀ ਹੈ, ਜਿਸ ਦੀ ਤਸਵੀਰ ਬਠਿੰਡਾ ਸ਼ਹਿਰ ਅੰਦਰ ਵਿਖਾਈ ਦਿੱਤੀ। ਇਥੇ ਚਿੱਟੇ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਮੁਹੱਲੇ ਦੇ ਬਾਹਰ ਕੰਧ 'ਤੇ 'ਇਥੇ ਚਿੱਟਾ ਮਿਲਦਾ ਹੈ' ਦੇ ਪੋਸਟਰ ਲਗਾ ਦਿੱਤੇ ਹਨ। ਮੁਹੱਲਾ ਵਾਸੀਆਂ ਨੇ ਪੁਲਿਸ ਵਿਰੁੱਧ ਕਾਰਵਾਈ ਨਾ ਕਰਨ ਦੇ ਰੋਸ ਵੱਜੋਂ ਪ੍ਰਦਰਸ਼ਨ ਵੀ ਕੀਤਾ।

ਮੁਹੱਲਾ ਵਾਸੀਆਂ ਨੇ ਇਸ ਮੌਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਕੋਈ ਵੀ ਕਾਰਵਾਈ ਨਾ ਕਰਨ ਦੇ ਆਰੋਪ ਲਾਏ ਹਨ। ਮੁਹੱਲਾ ਪੂਜਾ ਵਾਲਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਹੱਲੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, ਜਿਸ ਕਾਰਨ ਨੌਜਵਾਨਾਂ 'ਚ ਇਸ ਦੀ ਲਤ ਵੱਧ ਰਹੀ ਹੈ ਅਤੇ ਚੋਰੀ ਆਦਿ ਦੀਆਂ ਵਾਰਦਾਤਾਂ ਵੀ ਵਧ ਰਹੀਆਂ ਹਨ। 

ਮੁਹੱਲਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਕੁਝ ਲੋਕ ਸ਼ਰੇਆਮ ਚਿੱਟੇ ਦਾ ਨਸ਼ਾ ਵੇਚਦੇ ਹਨ। ਭਾਵੇਂ ਕਿ ਪੁਲਿਸ ਉਨ੍ਹਾਂ ਨੂੰ ਫੜ ਕੇ ਲੈ ਜਾਂਦੀ ਹੈ ਪਰ ਬਾਅਦ ਵਿੱਚ ਛੱਡ ਦਿੰਦੀ ਹੈ। ਕਿਉਂ ਛੱਡਦੀ ਹੈ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ? ਉਨ੍ਹਾਂ ਕਿਹਾ ਕਿ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਕਾਰਵਾਈ ਹੁੰਦੀ ਹੈ ਪਰ ਉਸ ਤੋਂ ਬਾਅਦ ਵੀ ਉਹੀ ਹਾਲ ਰਹਿੰਦਾ ਹੈ।


ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਤੋਂ ਸੀਆਈਏ ਸਟਾਫ, ਕੋਤਵਾਲੀ ਥਾਣਾ ਅਤੇ ਚੌਂਕੀ ਵੀ ਨਜ਼ਦੀਕ ਪੈਂਦੀ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਇਕੱਠੇ ਹੋਏ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ। ਇੱਕ ਪੀੜਤ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਚਿੱਟੇ ਨਾਲ ਮੌਤ ਹੋ ਗਈ ਤੇ ਚਿੱਟਾ ਉਸਦਾ ਪਰਿਵਾਰ ਖਤਮ ਕਰ ਗਿਆ।

ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਕਤੂਬਰ 2022 'ਚ ਵੀ ਅਜਿਹਾ ਹੀ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਅੰਮ੍ਰਿਤਸਰ 'ਚ ਦੁਕਾਨਾਂ ਦੇ ਸ਼ਟਰਾਂ ਦੇ ਬਾਹਰ 'ਚਿੱਟਾ ਇਥੋਂ ਮਿਲਦਾ ਹੈ...' ਦੇ ਪੋਸਟਰ ਲੱਗੇ ਮਿਲੇ ਸਨ। ਹਾਲਾਂਕਿ ਇਨ੍ਹਾਂ ਬਾਰੇ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਇਹ ਕਿਸ ਨੇ ਲਗਾਏ ਹਨ।

Related Post